ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਪੀ. ਟੀ.)- ‘‘ਆਰ. ਐਸ. ਐਸ. ਵਰਗੇ ਫਿਰਕੂ ਸੰਗਠਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਵਿਚ ਜਜ਼ਬ ਕਰਨ ਅਤੇ ਪੱਕੇ ਤੌਰ ’ਤੇ ਹਿੰਦੂਤਵ ਏਜੰਡਾ ਲਾਗੂ ਕਰਨ ਲਈ ਸਰਗਰਮ ਹਨ ਤਾਂ ਕਿ ਇਥੋਂ ਦੇ ਨਿਵਾਸੀ ਹਿੰਦੀ, ਹਿੰਦੂਸਤਾਨ ਅਤੇ ਹਿੰਦੂਤਵ ਸੋਚ ਦੇ ਪੈਰੋਕਾਰ ਬਣ ਸਕਣ । ਅਜਿਹੇ ਅਮਲ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਜੋ ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ, ਆਜ਼ਾਦੀ ਨਾਲ ਆਪਣੇ ਖਿਆਲਾਤ ਪ੍ਰਗਟ ਕਰਨ, ਆਪਣੀ ਸੋਚ ਦਾ ਪ੍ਰਚਾਰ ਕਰਨ ਇਸ ਸੰਬੰਧੀ ਸਮੱਗਰੀ ਛਪਵਾਕੇ ਪ੍ਰਕਾਸ਼ਿਤ ਕਰਨ, ਆਦਿ ਦੇ ਅਧਿਕਾਰ ਅਤੇ ਹੱਕਾਂ ਦੀ ਘੋਰ ਉਲੰਘਣਾ ਕਰਨ ਅਤੇ ਵੱਖ-ਵੱਖ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਤੁੱਲ ਅਮਲ ਹਨ। ਬੇਸ਼ੱਕ ਇਹ ਫਿਰਕੂ ਸੰਗਠਨ ਕਾਫ਼ੀ ਲੰਮੇਂ ਸਮੇਂ ਤੋ ਅਜਿਹੇ ਸਮਾਜ ਵਿਰੋਧੀ ਅਮਲ ਕਰਦੇ ਆ ਰਹੇ ਹਨ । ਪਰ ਜਦੋ ਤੋ ਹਿੰਦ ਵਿਚ ਮੋਦੀ ਦੀ ਜ਼ਾਬਰ ਹਕੂਮਤ ਕਾਇਮ ਹੋਈ ਹੈ,
ਉਦੋ ਤੋ ਇਹਨਾਂ ਫਿਰਕੂ ਸੰਗਠਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਵਿਚ ਵੱਡਾ ਵਾਧਾ ਹੋ ਗਿਆ ਹੈ । ਇਸ ਲਈ ਸਿੱਖ ਕੌਮ ਨੂੰ ਭਗਵਤ ਦੀ 24 ਅਤੇ 25 ਅਕਤੂਬਰ ਦੀ ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਫੇਰੀਆਂ ਦਾ ਉਚੇਚੇ ਤੌਰ ਤੇ ਧਿਆਨ ਰੱਖਦੇ ਹੋਏ ਸੁਚੇਤ ਵੀ ਰਹਿਣਾ ਪਵੇਗਾ ਅਤੇ ਜਿਥੇ ਕਿਤੇ ਕੋਈ ਸਿੱਖ ਵਿਰੋਧੀ ਜਾਂ ਘੱਟ ਗਿਣਤੀ ਵਿਰੋਧੀ ਇਹਨਾਂ ਦੇ ਅਮਲ ਹੋਣ, ਉਸਦਾ ਦ੍ਰਿੜਤਾ ਨਾਲ ਡੱਟਕੇ ਵਿਰੋਧ ਕਰਦੇ ਹੋਏ ਚੁਣੋਤੀ ਨੂੰ ਪ੍ਰਵਾਨ ਕਰਨਾ ਪਵੇਗਾ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਦੀ ਮੋਦੀ ਬੀਜੇਪੀ ਦੀ ਹਕੂਮਤ ਦੀ ਸਹਿ ਉਤੇ ਭਗਵਤ ਵੱਲੋ ਪੰਜਾਬ ਵਿਚ ਕੀਤੇ ਜਾ ਰਹੇ ਦੌਰਿਆਂ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਕੌਮ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ।



