ਫਤਿਹਗੜ੍ਹ ਸਾਹਿਬ, 22 ਸਤੰਬਰ (ਪੀ. ਟੀ.)- ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਕਾਲਜ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਸਿੱਧੂ ਦੇ ਖਿਲਾਫ਼, ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਅਤੇ ਪਾਰਟੀ ਦੇ ਯੂਥ ਪ੍ਰਧਾਨ ਸ. ਰਣਦੇਵ ਸਿੰਘ ਦੇਬੀ ਦੀ ਅਗਵਾਈ ਵਿਚ ਕਾਲਜ ਦੇ ਮੇਨ ਗੇਟ ਉਤੇ ਰੋਸ ਧਰਨਾ ਦਿੱਤਾ।ਪਾਰਟੀ ਨੂੰ ਬਹੁਤ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਹੋਏ ਗੈਰਕਾਨੂੰਨੀ ਵਰਤਾਰੇ ਦੀਆਂ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ, ਜਿਨ੍ਹਾਂ ਵਿਚ ਬਹੁਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਰੋਲ ਨੰਬਰ ਕਾਲਜ ਪ੍ਰਸ਼ਾਸਨ ਕਿਸੇ ਨਾਂ ਕਿਸੇ ਬਹਾਨੇ ਲੇਟ ਕਰ ਦੇਣ ਦੀਆਂ ਸ਼ਿਕਾਇਤਾਂ ਸਨ। ਫਲਸਰੂਪ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਖਾਸ ਕਾਰਨ ਉਸ ਸਮੇਂ ਵਾਰ-ਵਾਰ ਕਾਲਜ ਦੇ ਗੇੜੇ ਮਰਵਾਏ ਜਾਂਦੇ ਜਿਸ ਵਕਤ ਉਨ੍ਹਾਂ ਦਾ ਪੇਪਰਾਂ ਦੀ ਤਿਆਰੀ ਕਰਨ ਦਾ ਸਮਾਂ ਹੁੰਦਾ। ਇਥੋਂ ਤੱਕ ਵੀ ਕਿ ਕੁਝ ਵਿਦਿਆਰਥੀਆਂ
ਨੂੰ ਬਿਲਕੁਲ ਅਖੀਰਲੇ ਸਮੇਂ ’ਤੇ ਆ ਕੇ ਰੋਲ ਨੰਬਰ ਜਾਰੀ ਕੀਤੇ ਜਾਂਦੇ ਅਤੇ ਕੁਝ ਨੂੰ ਸਾਰਾ ਕੁਝ ਬਰਾਬਰ ਹੋਣ ਦੇ ਬਾਵਜੂਦ ਵੀ ਰੋਲ ਨੰਬਰ ਨਾ ਦਿੱਤੇ ਜਾਂਦੇ, ਜਿਸ ਕਰਕੇ ਉਨ੍ਹਾਂ ਦਾ ਕੋਈ ਨਾ ਕੋਈ ਪਰਚਾ ਰਹਿ ਜਾਂਦਾ ਅਤੇ ਮੁੜ ਉਸੇ ਪੇਪਰ ਲਈ ਉਨ੍ਹਾਂ ਨੂੰ 2500 ਰੁਪਏ ਤੱਕ ਵਾਧੂ ਫੀਸ ਅਗਲੀ ਵਾਰ ਅਜਾਈਂ ਦੇਣੀ ਪੈਂਦੀ। ਇਕ ਹੋਰ ਜੋ ਅਹਿਮ ਮਸਲਾ ਪਰਾਟੀ ਦੇ ਧਿਆਨ ਵਿਚ ਲਿਆਂਦਾ ਗਿਆ ਉਹ ਇਹ ਹੈ ਕਿ ਕਾਲਜ ਵਿਚ ਲੈਕਚਰਾਰ ਦੀ ਅਸਾਮੀ ਲਈ ਉਮੀਦਵਾਰਾਂ ਦਾ ਇਕ ਟੈਸਟ ਲਿਆ ਗਿਆ ਜਿਸ ਵਿਚ ਇਕ ਲੜਕੀ 20 ਵਿਚੋਂ 17 ਨੰਬਰ ਲੈ ਕੇ ਪਾਸ ਹੋਈ ਅਤੇ ਇਕ ਹੋਰ ਲੜਕਾ ਉਮੀਦਵਾਰ 20 ਵਿਚੋਂ 3 ਨੰਬਰ ਲੈ ਕੇ ਫੇਲ੍ਹ ਹੋਇਆ ਪਰ ਪਾਸ ਹੋਈ ਲੜਕੀ ਨੂੰ ਜੋ ਕਿ ਪਿੰਡ ਤਲਾਣੀਆਂ ਫਤਿਹਗੜ੍ਹ ਸਾਹਿਬ ਦੀ ਹੈ, ਨੂੰ ਨਹੀਂ ਰੱਖਿਆ ਗਿਆ ਪਰ ਉਸ ਫੇਲ੍ਹ ਹੋਏ ਉਮੀਦਵਾਰ ਨੁੰ ਅੱਜ ਵੀ ਨੌਕਰੀ ਉਤੇ ਰੱਖਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਸ਼ਿਕਾਇਤਾਂ ਜਿਸ ਨਾਲ ਬੇਵਜ੍ਹਾ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਬਾਰੇ ਅੱਜ ਦਾ ਰੋਸ ਧਰਨਾਂ ਦਿੱਤਾ ਗਿਆ ਸੀ। ਅੱਜ ਪ੍ਰਿੰਸੀਪਲ ਸਿੱਧੂ ਨੇ ਆਪਣਾ ਨੁਮਾਇੰਦਾ ਪ੍ਰੋ. ਬਿਕਰਮਜੀਤ ਸਿੰਘ ਮੁੱਖੀ ਕਾਮਰਸ ਵਿਭਾਗ ਨੂੰ ਰੋਸ ਧਰਨੇ ਵਾਲੇ ਥਾਂ ਉਤੇ ਭੇਜਿਆ ਅਤੇ ਪਾਰਟੀ ਦੇ ਮੁੱਖੀ ਬੰਦਿਆਂ ਨੂੰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੱਸਣ ਲਈ ਪ੍ਰਿੰਸੀਪਲ ਦਾ ਸੱਦਾ ਦਿੱਤਾ ਜਿਸ ਤੇ ਪ੍ਰੋ. ਮਹਿੰਦਰਪਾਲ ਸਿੰਘ, ਰਣਦੇਵ ਸਿੰਘ ਦੇਬੀ ਸਮੇਤ ਚਾਰ ਮੈਂਬਰਾਂ ਨੇ ਪ੍ਰਿੰਸੀਪਲ ਦੀ ਇਸ ਗੱਲ ਉਤੇ ਸਹਿਮਤੀ ਕਰਵਾਈ ਕਿ ਇਕ ਦੋ ਦਿਨਾਂ ਵਿਚ ਵਿਦਿਆਰਥੀਆਂ ਦੇ ਨੁਮਾਇੰਦੇ, ਪਾਰਟੀ ਦੇ ਨੁਮਾਇੰਦੇ ਅਤੇ ਪ੍ਰਿੰਸੀਪਲ ਸਮੇਤ ਸਟਾਫ਼ ਮੈਂਬਰ ਇਕ ਸਾਂਝੀ ਪ੍ਰਤੱਖ ਮੀਟਿੰਗ ਕਰਨਗੇ ਜਿਸ ਵਿਚ ਸਾਰੇ ਪ੍ਰਭਾਵਿਤ ਵਿਦਿਆਰਥੀ- ਮਾਪੇ, ਮੁਲਾਜਮ ਅਪਣੀਆਂ ਸ਼ਿਕਾਇਤਾਂ ਦੱਸਣਗੇ ਅਤੇ ਉਹਨਾਂ ਦਾ ਵਾਜਬ ਹੱਲ ਕੱਢਣਾ ਕਾਲਜ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇਗੀ।
ਇਸ ਰੋਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸ. ਸ਼ਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਡਾ. ਜਗਜਿਓਣ ਸਿੰਘ, ਕਿਸ਼ਨ ਸਿੰਘ ਸਲਾਣਾ, ਕੁਲਦੀਪ ਸਿੰਘ ਦੁਭਾਲੀ, ਮੀਤ ਚੀਮਾਂ, ਦਰਬਾਰਾ ਸਿੰਘ ਸਮੇਤ ਵੱਖ ਵੱਖ ਕਾਲਜਾਂ ਦੇ ਪਾਰਟੀ ਦੇ ਵਿਦਿਆਰਥੀ ਆਗੂ ਹਾਜਰ ਸਨ।



