ਸੱਚੀ ਕਹਾਣੀ
‘‘ਕਿਸਮਤ ਨਾਂ ਦੀ ਕੋਈ ਚੀਜ਼ ਨਹੀਂ ਮਨੁੱਖ ਜੋ ਵੀ ਕੁਝ ਪ੍ਰਾਪਤ ਕਰਦਾ ਹੈ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਪ੍ਰਾਪਤ ਕਰਦਾ ਹੈ.. ਕਿਸਮਤ.. ਤਕਦੀਰ.. ਜਾਂ ਅਗਲੇ ਪਿਛਲੇ ਜਨਮ ਦੇ ਫਲਾਂ ਦੀ ਕਲਪਨਾ ਉਹਨਾਂ ਵਿਹਲੜ ਪਖੰਡੀ ਲੋਕਾਂ ਵੱਲੋਂ ਕੀਤੀ ਗਈ ਹੈ ਜਿਹੜੇ ਇਨ੍ਹਾਂ ਚੱਕਰਾਂ ਦੀਆਂ ਘੁੰਮਣਘੇਰੀਆਂ ਵਿੱਚ ਫਸਾ ਕੇ ਲੋਕਾਂ ਨੂੰ ਲੁੱਟਦੇ ਆ ਰਹੇ ਹਨ..’ ਡਾਕਟਰ ਆਪਮੇ ਸੁਭਾਅ ਮੁਤਾਬਿਕ ਕਲੀਨਿਕ ਵਿੱਚ ਬੈੇਠੇ ਮਰੀਜ਼ਾਂ ਦੇ ਨਾਲ ਆਏ ਮਰਦ ਔਰਤਾਂ ਨੂੰ ਸਿੱਖਿਅਤ ਕਰਨ ਲਈ ਸਕੂਲ ਲਾ ਰਿਹਾ ਸੀ। ਉਹ ਜਜਬਾਤ ਵਿਚ ਆਇਆ, ਮਰੀਜਾਂ ਨੂੰ ਦੇਖਣਾ ਅਤੇ ਉਨ੍ਹਾਂ ਨੂੰ ਦਵਾਈ ਦੇਣਾ ਭੁੱਲ ਕੇ ਇਕ ਅਧਿਆਪਕ ਦੀ ਤਰ੍ਹਾਂ ਬੋਲੀ ਜਾ ਰਿਹਾ ਸੀ। ਮਰੀਜ ਵੀ ਵਿਦਿਆਰਥੀਆਂ ਵਾਂਗੂੰ ਉਸ ਦੀਆਂ ਗੱਲਾਂ ਸੁਣਨ ਵਿੱਚ ਮਗਨ ਹੋਏ ਦਿਖਾਈ ਦੇ ਰਹੇ ਸਨ। ਗੱਲਾਂ ਸੁਣਨ ਵਾਲਿਆਂ ਵਿੱਚ ਇਕ ਬਾਰਾਂ ਤੇਰਾਂ ਸਾਲ ਦੀ ਉਮਰ ਦਾ ਵਿਦਿਆਰਥੀ ਰੌਸ਼ਨ ਵੀ ਸੀ ਜਿਹੜਾ ਕੋਈ ਦਵਾਈ ਲੈਣ ਆਇਆ ਸੀ।
ਰੌਸ਼ਨ ਇੱਕ ਬਹੁਤ ਹੀ ਗਰੀਬ ਕਿਸਾਨ ਭਲਾ ਸਿੰਘ ਦਾ ਬੇਟਾ ਸੀ। ਭੋਲਾ ਸਿੰਘ ਕੁਦ ਆਪ ਤਾਂ ਸਿੱਧੇ ਸਾਦੇ ਸੁਭਾਅ ਅਤੇ ਨਰਮ ਤਬੀਅਤ ਦਾ ਪੁਰਸ਼ ਸੀ ਪਰ ਭੋਲਾ ਸਿੰਘ ਦੀ ਪਤਨੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਬਹੁਤ ਸਿਆਣੀ, ਮਿਹਨਤੀ ਅਤੇ ਠਰੰਮੇ ਵਾਲੇ ਸੁਭਾਅ ਵਾਲੀ ਇਸਤਰੀ ਸੀ। ਰੌਸ਼ਨ ਆਪਣੀ ਮਾਂ ਅੰਦਰਲੇ ਗੁਣਾਂ ਤੋਂ ਬੇਹੱਦ ਪ੍ਰਭਾਵਤ ਸੀ। ਮਾਂ ਵੱਲੋਂ ਮਿਲਣ ਵਾਲੀ ਸਿੱਖਿਆ ਦੇ ਨਾਲ ਨਾਲ ਡਾਕਟਰ ਦੀਆਂ ਅਗਾਂਹ ਵਧੂ ਸਿੱਖਿਆਵਾਂ ਨੇ ਵੀ ਆਪਣਾ ਪ੍ਰਤੀਕਰਮ ਕਰਨਾ ਸ਼ੁਰੂ ਕੀਤਾ ਹੋਇਆ ਸੀ। ਮਾਂ ਕੋਲੋ ਮਿਲੀ ਰੌਸ਼ਨੀ ਕਾਰਨ ਆਪਣੇ ਮਾਸਟਰ ਦਾ ਬਹੁਤ ਆਦਰ ਸਤਿਕਾਰ ਕਰਦਾ ਸੀ।
ਪੜਾਉਣ ਵਿੱਚ ਗੁਲਤਾਨ ਹੋਏ ਮਾਸਟਰ ਨੂੰ ਆਪਣੇ ਪੈਰੀਂ ਪਾਏ ਬੂਟਾ ਵਿਚੋਂ ਇੱਕ ਬੂਟ ਦੇ ਖੁੱਲੇ ਫੀਤੇ ਦਾ ਅਤੇ ਪਹਿਨੀ ਪੈਂਟ ਦੇ ਇੱਕ ਪੌਂਚੇ ਉਪਰ ਦੀ ਹੋਈ ਜੁਰਾਬ ਦਾ ਪਤਾ ਨਹੀਂ ਸੀ ਕਿਉਂਕਿ ਸਵੇਰੇ ਘਰੋਂ ਸਕੂਲ ਨੂੰ ਚੱਲਣ ਵਿੱਚ ਉਸ ਨੂੰ ਕੁਝ ਦੇਰ ਹੋ ਗਈ ਸੀ। ਮਾਸਟਰ ਨੇ ਸਮੇਂ ਸਿਰ ਸਕੂਲ ਪਹੁੰਚਣ ਦੇ ਫਿਕਰ ਵਿੱਚ ਕਾਹਲੀ ਕਾਹਲੀ ਬੂਟ-ਜ਼ੁਰਾਬਾਂ ਪਹਿਨੇ ਸਨ। ਕਾਹਲ ਵਿੱਚਕਿਤੇ ਇਕ ਬੂਟ ਦਾ ਫੀਤਾ ਖੁਲ੍ਹ ਰਹਿ ਗਿਆ ਸੀ। ਜੁਰਾਬ ਪੈਂਟ ਦੇ ਪੌਂਚੇ ਉਪਰਦੀ ਹੋ ਗਈ ਸੀ। ਏਵੇਂ ਈ ਉਹ ਸਕੂਲ ਪਹੁੰਚ ਗਿਆ ਸੀ। ਸਾਥੀ ਮਾਸਟਰਾਂ ਦਾ ਅਤੇ ਵਿਦਿਆਰਥੀਆਂ ਦਾ ਖੁਲ੍ਹੇ ਫੀਤੇ ਅਤੇ ਚੜ੍ਹੀ ਜੁਰਾਬ ਵੱਲ ਧਿਆਨ
ਨਹੀਂ ਗਿਆ ਸੀ। ਏਵੇਂ ਹੀ ਉਹ ਜਮਾਤ ਵਿਚ ਜਾ ਕੇ ਪੜਾਉਣ ਲੱਗ ਪਿਆ ਸੀ। ਜਮਾਤ ਦੇ ਵਿਦਿਆਰਥੀ ਖੁੱਲ੍ਹੇ ਪੀਤੇ ਅਤੇ ਚੜ੍ਹੀ ਜੁਰਾਬ ਵੱਲ ਤੱਕ ਤੱਕ ਬੁੱਲਾਂ ਵਿੱਚ ਮੁਸਕਾਰਉਣ ਲੱਗ ਪਏ ਸਨ। ਪਤਾ ਲੱਗਣ ’ਤੇ ਰੌਸ਼ਨ ਚੁੱਪ ਚਾਪ ਆਪਣੀ ਥਾਂ ਤੋਂ ਉਠਿਆ ਸੀ। ਉਸ ਨੇ ਸਤਿਕਾਰ ਭਰੇ ਅੰਦਾਜ਼ ਨਾਲ ਮਾਸਟਰ ਦੇ ਪੈਰਾਂ ਵਿੱਚ ਬੈਠਦਿਆਂ ਪਹਿਲਾਂ ਬੂਟ ਦਾ ਖੁੱਲ੍ਹਾ ਫੀਤ ਬੰਨ੍ਹਿਆਂ। ਫੇਰ ਪੈੇਂਟ ਦੇ ਪੌਂਚੇ ’ਤੇ ਚੜੀ ਜੁਰਾਬ ਲਾਹੀ। ਮਾਸਟਰ ਨੇ ਮਨ ਈ ਮਨ ਆਪਣੀ ਉਕਾਈ ਮਹਿਸੂਸ ਕਰਦਿਆਂ ਰੌਸ਼ਨ ਨੂੰ ਪਿਆਰ ਭਰੇ ਜਜ਼ਬੇ ਵਿੱਚ ਆਪਣੀ ਛਾਤੀ ਨਾਲ ਲਾ ਕੇ ਕਿਹਾ, ‘‘ਸ਼ਾਬਾਸ਼, ਬੇਟਾ! ਸ਼ਾਬਾਸ਼!.. ਜਲਦੀ ਵਿੱਚ ਮੈਨੂੰ ਤਾਂ ਏਹਨਾਂ ਦਾ ਖਿਆਲ ਈ ਨੀ ਰਿਹਾ ਸੀ।’’
ਵਿਦਿਆਰਥੀ ਮੁਸਕਰਾਉਣਾ ਬੰਦ ਕਰਕੇ, ਮਾਸਟਰ ਜੀ ਵੱਲੋਂ ਰੌਸ਼ਨ ਦੀ ਤਾਰੀਫ ਵਿੱਚ ਬੋਲੇ ਜਾਣ ਵਾਲੇ ਸ਼ਬਦ ਸੁਣਨ ਲੱਗ ਪਏ ਸਨ।
ਮਾਸਟਰਾਂ ਅਤੇ ਵਿਦਿਆਰਥੀਆਂ ਦੀਆਂ ਨਜ਼ਰਾਂ ਵਿੱਚ ਰੌਸ਼ਨ ਸਿਆਣਾ, ਸਾਊ ਅਤੇ ਮਿਹਨਤੀ ਬਣਨ ਲੱਗ ਪਿਆ ਸੀ। ਦਿਨਾਂ ਮਹੀਨਿਆਂ ਦਾ ਚੱਕਰ ਘੁੰਮਦਾ ਗਿਆ। ਰੌਸ਼ਨ ਸਕੂਲੋਂ ਆ ਕੇ ਪਹਿਲਾਂ ਸਕੂਲ ਦਾ ਕੰਮ ਪੂਰੀ ਰੂਹ ਨਾਲ ਕਰਦਾ। ਫੇਰ ਖੁਰਪਾ ਅਤੇ ਪੱਲੀ ਚੁੱਕ ਕੇ ਕੱਖ ਖੋਤਣ ਚਲਾ ਜਾਂਦਾ। ਉਹ ਇਕ ਆਥਣ ਖੋਤੇ ਘਾਹ ਦੀ ਪੰਡ ਸਿਰ ’ਤੇ ਚੁੱਕੀ, ਖੇਤੋਂ ਪਿੰਡ ਨੂੰ ਆ ਰਿਹਾ ਸੀ। ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਦੀ ਸਪੀਕਰ ਵਿਚਲੀ ਆਵਾਜ਼ ਉਸ ਦੇ ਕੰਨਾਂ ਵਿੱਚ ਪੈਣ ਲੱਗੀ।
‘… ਇਹ ਤਾਂ ਭਾਈ ਸਾਰੀ ਪਿਛਲੇ ਜਨਮ ਦੇ ਕਰਮਾਂ ਦੀ ਖੇਡ ਐ.. । ਐਸ ਜਨਮ ਵਿੱਚ ਜੇਹੜੇ ਚੰਗੇ ਕੰਮ ਕਰਦੇ ਨੇ ਅਗਲੇ ਜਨਮ ਵਿੱਚ ਉਨਵਾਂ ਨੂੰ ਚੰਗਾ ਫਲ ਮਿਲਦੈ..’ ਆ ਰਹੀ ਇਹ ਆਵਾਜ਼ ਸੁਣਦੇ ਰੌਸ਼ਨ ਦੇ ਦਿਮਾਗ ਵਿੱਚ ਡਾਕਟਰ, ਮਾਸਟਰ ਅਤੇ ਮਾਂ ਤੋਂ ਸੁਣੇ ਵਿਚਾਰ ਸੁਰਜੀਤ ਹੋਣੇ ਸ਼ੁਰੂ ਹੋਏ।
‘ਅਗਲੇ ਪਿਛਲੇ ਜਨਮ ਦੀਆਂ ਗੱਲਾਂ ਮਨਘੜਤ ਨੇ।.. ਝੂਠ ਨੇ.. ਵਰਤਮਾਨ ਜਨਮ ਸੱਚ ਐ। ਵਰਤਮਾਨ ਜਨਮ ਵਿੱਚ ਕੀਤੇ ਕੰਮਾਂ ਦਾ ਫਲ ਦੇਰ ਸਵੇਰ ਵਰਤਮਾਨ ਵਿੱਚ ਈ ਮਿਲ ਜਾਂਦੈ।’
ਮੇਰੇ ਪਿਆਰੇ ਵਿਦਿਆਰਥੀਓ! ਪਿਛਲਾ ਅਗਲਾ ਜਨਮ ਕਿਸੇ ਨੇ ਨਹੀਂ ਦੇਖਿਆ। ਨਾ ਤੁਸੀਂ .. ਨਾ ਮੈਂ.. ਨਾ ਦਾਦਿਆਂ-ਪੜਦਾਦਿਆਂ ਅਤੇ ਨਕੜਦਾਦਿਆਂ ਨੇ ਦੇਖਿਐ। ਵਰਤਮਾਨ ਵਿਚ ਦਸਾਂ ਨੌਹਾਂ ਦੀ ਕਮਾਈ ਕਰਨ ਵਾਲੇ ਭੁੱਖੇ ਮਰਦੇ ਨੇ। ਵਿਹਲੜ ਐਸ਼ ਕਰਦੇ। ਦੁਨੀਆਂ ਸਿਰ ਪਰਨੇ ਖੜੀ ਹੈ। ਪਾਪ ਫਲ੍ਹਦੈ। ਪੁੰਨ ਫਲਦਾ ਨਹੀਂ। ਇਹ ਦੁਨੀਆਂ ਹੁਣ ਸਿਰ ਪਰਨੇ ਖੜ੍ਹੇ ਸੱਚ ਨੂੰ ਪੈਰਾਂ ਭਾਰ ਖੜ੍ਹਾ ਕਰਨ ਦੀ ਲੋੜ ਐ। ਫੇਰ ਈ ਚੀਜ਼ਾਂ ਸਹੀ ਹੋਣਗੀਆਂ…’
ਪੁੱਤ ! ਗੁਰੂ ਸਾਹਿਬ ਕਹਿੰਦੇ ਐ ਜੈਸੀ ਕਰਨੀ ਤੈਸੀ ਭਰਨੀ। ਮਾਇਆ ਪਾਪਾਂ ਬਾਂਝ ਕੋਠੀ ਨਹੀਂ ਹੁੰਦੀ। ਆਖਰ ਨੂੰ ਝੂਠ ਹਾਰਦੈ ਸੱਚ ਜਿਤਦੈ..।
ਅਜਿਹੀਆਂ ਸੋਚਾਂ ਵਿੱਚ ਗੁਆਚੇ ਅਤੇ ਸਿਰ ਉਤਲੀ ਕੱਖਾਂ ਦੀ ਪੰਡ ਚੁੱਕੀ ਆਉਂਦੇ ਰੌਸ਼ਨ ਨੂੰ ਇਹ ਪਤਾ ਈ ਨਾ ਲੱਗਿਆ ਕਿ ਉਨ੍ਹਾਂ ਦਾ ਘਰ ਕਦੋਂ ਆਇਆ।
ਰੌਸ਼ਨ ਰੋਜ਼ਾਨਾ ਆਪਣੇ ਅਧਿਆਪਕ ਦਾ ਸਾਈਕਲ ਲੀਰ ਨਾਲ ਸਾਫ ਕਰਦਾ ਸੀ। ਉਹ ਪੰਜਵੀਂ ਜਮਾਤ ਵਿਚੋਂ ਆਪਣੇ ਸਕੂਲ ਦੀ ਜਮਾਤ ਵਿੱਚੋਂ ਈ ਸਿਰਫ ਫਸਟ ਨਹੀਂ ਆਇਆ ਸੀ ਸਗੋਂ ਬਲਾਕ ਦੇ ਸਕੂਲ ਦੀ ਅੱਠਵੀਂ ਜਮਾਤ ਵਿੱਚੋਂ ਵੀ ਫਸਟ ਆਇਆ। ਸਕੂਲ ਦੇ ਅਧਿਆਪਕਾਂ ਨੇ ਰੌਸ਼ਨ ਨੂੰ ਇਕ ਲਾਲਟੈਨ ਅਤੇ ਪੰਜ ਲੀਟਰ ਮਿੱਟੀ ਦਾ ਤੇਲ ਇਨਾਮ ਦੇ ਰੂਪ ਵਿੱਚ ਦਿੱਤੇ। ਸਰੋਂ ਦੇ ਤੇਲ ਦੇ ਦੀਵੇ ਦੀ ਥਾਂ ਜਦ ਉਸ ਨੇ ਰਾਤ ਨੂੰ ਲਾਲਟੈਨ ਦੇ ਚਾਨਣੇ ਪੜ੍ਹਨਾ ਸ਼ੁਰੂ ਕੀਤਾ ਤਾਂ ਉਹ ਪਹਿਲਾਂ ਨਾਲੋਂ ਵਧੇਰੇ ਸਮਾਂ ਪੜ੍ਹਨ ਲੱਗਿਆ ਕਿਉਂਕਿ ਇੱਕ ਤਾਂ ਪਹਿਲਾਂ ਨਾਲੋਂ ਅੱਖਰ ਵਧੇਰੇ ਸਾਫ ਦਿੱਸਣ ਕਾਰਨ ਉਹ ਪੜ੍ਹਦਾ ਪੜ੍ਹਦਾ ਛੇਤੀ ਥੱਕਦਾ ਨਹੀਂ। ਦੂਸਰਾ ਸਰੋਂ ਦਾ ਤੇਲ ਦੀਵੇ ਵਿਚੋਂ ਛੇਤੀ ਮੁੱਕ ਜਾਣ ਕਾਰਨ ਦੀਵਾ ਬੁਝ ਜਾਂਦਾ ਸੀ। ਜਦੋਂ ਕਿ ਲਾਲਟੈਨ ਦਾ ਤੇਲ ਛੇਤੀ ਨਹੀਂ ਮੁਕਦਾ ਸੀ।
ਰੌਸ਼ਨ ਜਿਵੇਂ ਜਿਵੇਂ ਜਵਾਨ ਹੁੰਦਾ ਜਾਂਦਾ ਸੀ ਉਵੇਂ ਉਵੇਂ ਉਸ ਦੀ ਮਾਂ ਉਸ ਵੱਲ ਵਧੇਰੇ ਧਿਆਨ ਦੇਣ ਲੱਗੀ ਸੀ। ਉਹ ਸਕੂਲੋਂ ਘਰ ਆਉਂਦਾ। ਘਰੋਂ ਖੇਤਾਂ ਨੂੰ ਪੱਠੇ ਖੋਤਣ ਚਲਾ ਜਾਂਦਾ। ਪੱਠੇ ਲੈ ਕੇ ਘਰ ਮੁੜਦਾ। ਦੂਸਰੇ ਦਿਨ ਫੇਰ ਸਕੂਲ ਜਾਂਦਾ। ਇਉਂ ਉਸ ਦੀ ਜ਼ਿੰਦਗੀ ਦਾ ਚੱਕਰ ਘੁੰਮਦਾ। ਮਾਂ ਉਸ ਨੂੰ ਮੁੁੰਡਿਆਂ ਦੀ ਸੰਗਤ ਵਿੱਚ ਪੈਣ ਪੱਖੋਂ ਸਮਝਾਉਂਦੀ ਆਖਦੀ,
‘‘ਪੁੱਤ! ਮੁੰਡੇ, ਮੁੰਡਿਆਂ ਨੂੰ ਵਿਗਾੜਦੇ ਐ।.. ਕੁੜੀਆਂ ਕੁੜੀਆਂ ਨੂੰ ਵਿਗਾੜਦੀਐਂ।.. ਵੇਖ ਬਿੱਲੀ ਇਕੱਲੀ ਰਹਿੰਦੀ ਐ।.. ਸ਼ੇਰ ਵੀ ਇਕੱਲਾ ਰਹਿੰਦਾ ਹੈ।… ਇਸੇ ਲਈ ਇਨ੍ਹਾਂ ਪੰਛੀਆਂ ਵਿੱਚ ਆਪਣੇ ਆਪ ’ਤੇ ਨਿਰਭਰ ਹੋ ਕੇ ਰਹਿਣ ਲਈ ਲੰਬਾ ਦਮ ਹੁੰਦਾ ਹੈ।… ਜਿਹੜੇ ਪੰਛੀ ਡਾਰ ਬਣਾ ਕੇ ਚੋਗਾ ਚੁਗਣ ਜਾਂਦੇ ਨੇ, ਉਹ ਇਕ ਦੂਜੇ ਦਾ ਸਹਾਰਾ ਭਾਲਣ ਦੇ ਆਦੀ ਹੋ ਜਾਂਦੇ ਨੇ। ਉਨ੍ਹਾਂ ਦਾ ਦਮ ਬੱਸ ਚੋਗੇ ਵਾਲੀ ਥਾਂ ਤੱਕ ਉਡਾਰੀ ਲਾਉਣ ਜਿੰਨਾਂ ਹੀ ਰਹਿ ਜਾਂਦੈ।
ਦਸਵੀਂ ਪਾਸ ਕਰਨ ਬਾਅਦ ਰੌਸ਼ਨ ਕਾਲਜ ਦੀ ਪੜ੍ਹਾਈ ਪੜ੍ਹਨ ਦੇ ਨਾਲ ਨਾਲ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਮਾਂ ਅਤੇ ਧਰਤੀ ਮਾਂ ਨਾਂ ਦਾ ਨਾਵਲ ਲੈ ਕੇ ਪੜ੍ਹਨ ਲੱਗਿਆ।
ਇਕ ਸਮਾਂ ਆਇਆ ਜਦ ਉਸ ਦੀ ਮਾਂ ਅਚਾਨਕ ਬਿਮਾਰ ਪੈ ਗਈ। ਮਾਂ ਦੇ ਬਿਮਾਰ ਪੈਣ ਕਰਕੇ ਘਰ ਦੀਆਂ ਦੋਨੇ ਮੱਝਾਂ ਮਾਂ ਨੂੰ ਵੇਚਣੀਆਂ ਪਈਆਂ ਕਿਉਂਕਿ ਮੱਝਾਂ ਨੂੰ ਸੰਭਾਲਣ ਵਾਲਾ ਘਰ ਵਿਚ ਕੋਈ ਨਹੀਂ ਸੀ। ਰੌਸ਼ਨ ਸ਼ਹਿਰ ਦੇ ਕਾਲਜ ਦੇ ਹੋਸਟਲ ਵਿੱਚ ਈ ਰਹਿੰਦਾ ਸੀ। ਮਾਂ ਲਈ ਮੱਝਾਂ ਸੰਭਾਲਣੀਆਂ ਔਖੀਆਂ ਸਨ। ਮੱਝਾਂ ਵਿਕਣ ਦੇ ਨਾਲ ਦੁੱਧ ਵੇਚਣ ਦਾ ਕੰਮ ਬੰਦ ਹੋ ਗਿਆ। ਬਿਮਾਰ ਦੇ ਇਲਾਜ ਕਰਵਾਉਣ ਅਤੇ ਘਰ ਦੇ ਚੁੱਲੇ ਚੌਂਕੇ ਦਾ ਖਰਚਾ ਤੋਰਨ ਅਤੇ ਪ੍ਰਾਈਵੇਟ ਤੌਰ ’ਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਸ ਨੂੰ ਇੱਕ ਚੌਧਰੀ ਦੇ ਨੌਕਰ ਲੱਗਣਾ ਪਿਆ। ਚੌਧਰੀ ਉਸ ਕੋਲੋਂ ਆਪਣੇ ਘਰ ਦੇ ਸਾਰੇ ਨਿੱਕੇ ਨਿੱਕੇ ਕੰਮ ਕਰਵਾਉਣ ਦੇ ਨਾਲ ਨਾਲ ਆਪਣਾ ਹੁੱਕਾ ਵੀ ਭਰਵਾਉਂਦਾ। ਸ਼ੁਰੂ ਸ਼ੁਰੂ ਵਿੱਚ ਉਸ ਨੂੰ ਚੌਧਰੀ ਦਾ ਹੁੱਕਾ ਭਰਨ ਲੱਗਿਆ ਸੀ। ਉਸ ਦੀ ਮਾਂ ਉਸ ਦੇ ਬਾਪੂ ਦੇ ਜਿਉਂਦੇ ਉਸ ਦੇ ਬਾਪੂ ਦਾ ਹੁੱਕਾ ਭਰਦੀ ਰਹਿਣ ਕਾਰਨ ਹੁੱਕਾ ਭਰਨ ਦੀ ਤਕੜੀ ਮਾਹਰ ਬਣੀ ਹੋਈ ਸੀ। ਮਾਂ ਦੇ ਦੱਸਣ ਅਨੁਸਾਰ ਰੌਸ਼ਨ ਪਹਿਲਾਂ ਤਾਂ ਚੌਧਰੀ ਦੇ ਹੁੱਕੇ ਦੀ ਚਿਲਮ ਵਿੱਚ ਲੱਕੜ ਦੇ ਮੱਘਦੇ ਲਾਲ ਸੂਹੇ ਕੋਲੇ ਪਾਉਂਦਾ। ਫੇਰ ਮਘਦੇ ਕੋਲਿਆਂ ਵਿੱਚ ਤਮਾਖੂ ਦੀ ਅੱਧੀ ਮੁੱਠ ਪਾਉਂਦਾ। ਹੁੱਕੇ ਦੀ ਘੁੱਟ ਭਰ ਕੇ ਬਾਗੋ ਬਾਗ ਹੋਇਆ ਚੌਧਰੀ ਆਖਦਾ,
‘‘ਓ ਰੋਸ਼ੇ! ਕਮਾਲ ਦਾ ਹੁੱਕਾ ਭਰਨਾ ਆਉਂਦੇ ਤੈਨੂੰ ਤਾਂ।’
ਚੌਧਰੀ ਕੋਲੋਂ ਮਿਲਦੇ ਪੈਸਿਆਂ ਦੇ ਇੱਕ ਹਿੱਸੇ ਨੂੰ ਰੌਸ਼ਨ ਆਪਣੀ ਬੀ.ਏ. ਦੀ ਪੜ੍ਹਾਈ ਚਾਲੂ ਰੱਖਣ ਅਤੇ ਸਾਹਿਤ ਦੀਆਂ ਚੰਗੀਆਂ ਪੁਸਤਕਾਂ ਖਰੀਦਣ ਲਈ ਵੀ ਵਰਤਦਾ। ਉਸ ਨੇ ਬੀ.ਏ. ਕਰਨ ਦੇ ਨਾਲ ਨਾਲ ਮੈਕਸਿਮ ਗੋਰਕੀ, ਲਿਊ ਟਾਲਸਟਾਏ, ਸ਼ੋਲੋਖੋਵ ਅਤੇ ਦਾਸਤੋਵਸਕੀ ਵਰਗੇ ਉਚ ਪਾਏ ਦੇ ਲੇਖਕਾਂ ਦਾ ਸਾਹਿਤ ਵੀ ਪੜ੍ਹਨਾ ਸ਼ੁਰੂ ਕੀਤਾ। ਬੀ.ਏ. ਦਾ ਇਮਤਿਹਾਨ ਦੇਣ ਤੋਂ ਕੁਝ ਦਿਨ ਬਾਅਦ ਵਿੱਚ ਈ ਉਸ ਨੂੰ ਚੁੰਗੀ ਕਲਰਕ ਦੀ ਨੌਕਰੀ ਮਿਲ ਗਈ। ਡਿਊਟੀ ਟਾਈਮ ਦਾ ਵੱਡਾ ਹਿੱਸਾ ਉਸ ਨੂੰ ਵਿਹਲਾ ਬੈਠ ਕੇ ਗੁਜ਼ਾਰਨਾ ਪੈਂਦਾ। ਵਿਹਲਾ ਬੈਠਣਾ ਉਸ ਨੂੰ ਸੂਲੀ ’ਤੇ ਲਟਕਣ ਦੀ ਤਰ੍ਹਾਂ ਮਹਿਸੂਸ ਹੁੰਦਾ। ਉਸ ਦੇ ਮਿਹਨਤੀ ਸੁਭਾਅ ਨੂੰ ਲੈ ਕੇ ਚੁੰਗੀ ਵਿਭਾਗ ਦੇ ਹੈਡ ਆਫਿਸ ਵਾਲਿਆਂ ਨੇ ਰੌਸ਼ਨ ਦੀ ਡਿਊਟੀ ਚੂੰਗੀ ਵਿਭਾਗ ਦੇ ਜ਼ਿਲ੍ਹਾ ਆਫਿਸ ਵਿੱਚ ਲਾ ਦਿੱਤੀ। ਤਨਖਾਹ ਵੀ ਮਹੀਨੇ ਦੀ ਦਸ ਹਜ਼ਾਰ ਰੁਪਏ ਕਰ ਦਿੱਤੀ ਪਰ ਜ਼ਿਲ੍ਹਾ ਆਫਿਸ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਉਸ ਦੇ ਮਨ ਨੂੰ ਬਹੁਤ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ। ਉਸ ਨੂੰ ਮੁੜ ਮੁੜ ਆਪਣੀ ਮਾਂ ਦੀ ਸਿੱਖਿਆ ਚੇਤੇ ਆਉਣ ਲੱਗੀ,
‘‘ਪੁੱਤਰ! ਜੇ ਬੰਦੇ ਦੇ ਆਸੇ ਪਾਸੇ ਗੰਦਗੀ ਹੀ ਗੰਦਗੀ ਹੋਵੇ ਤਾਂ ਬੰਦੇ ਨੂੰ ਪਹਿਲੀ ਗੱਲ ਗੰਦਗੀ ਨੂੰ ਦੂਰ ਕਰਨ ਲਈ ਪੂਰੇ ਮਨ ਅਤੇ ਤਨ ਨਾਲ ਵਾਹ ਲਾਉਣੀ ਚਾਹੀਦੀ ਐ। ਜੇ ਫੇਰ ਵੀ ਗੰਦਗੀ ਦੂਰ ਨਾ ਹੋਵੇ ਤਾਂ ਦੂਜੀ ਗੱਲ ਬੰਦੇ ਨੂੰ ਉਥੇ ਠਹਿਰਨਾ ਨਹੀਂ ਚਾਹੀਦਾ ਕਿਉਂਕਿ ਗੰਦਗੀ ਵਿੱਚ ਲੰਮਾ ਸਮਾਂ ਰਹਿਣ ਨਾਲ ਚੰਗੇ ਭਲੇ ਬੰਦੇ ਨੂੰ ਵੀ ਗੰਦਗੀ ਵਿਚੋਂ ਮੁਸ਼ਕ ਆਉਣੋ ਹੱਟ ਜਾਂਦਾ ਹੈ..’
ਮਾਂ ਦੀ ਇਸ ਸਿੱਖਿਆ ’ਤੇ ਪਹਿਰਾ ਦਿੰਦੇ ਰੌਸ਼ਨ ਨੇ ਚੁੰਗੀ ਦਾ ਜ਼ਿਲ੍ਹਾ ਹੈ¤ਡ ਆਫਿਸ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਸ਼ੁਰੂ ਕੀਤੇ। ਪਰ ਉਸ ਦੇ ਯਤਨਾਂ ਨੂੰ ਫੁੱਲ ਨਾ ਪਏ। ਉਹ ਨੌਕਰੀ ਛੱਡ ਕੇ ਆਈ.ਐਸ.ਆਈ. ਦੇ ਇਮਤਿਹਾਨ ਦੀ ਤਿਆਰੀ ਕਰਨ ਲੱਗਿਆ। ਇਹ ਕੰਮ ਕਰਨ ਦੇ ਦੌਰਾ ਆਪਣਾ ਅਤੇ ਆਪਣੀ ਮਾਂ ਦਾ ਖਰਚਾ ਪੂਰਾ ਕਰਨ ਲਈ ਉਸ ਨੇ ਉਚੇਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਣਾ ਵੀ ਸ਼ੁਰੂ ਕੀਤਾ। ਸਖਤ ਤੋਂ ਸਖਤ ਘਾਲਣਾ ਘਾਲਦੇ ਘਾਲਦੇ ਰੌਸ਼ਨ ਨੇ ਆਈ. ਐਸ.ਆਈ. ਦੀ ਪ੍ਰੀਖਿਆ ਪਾਸ ਕਰ ਲਈ। ਨਤੀਜਾ ਆਉਣ ਤੋਂ ਕੁਝ ਮਹੀਨੇ ਪਿੱਛੋਂ ਈ ਉਸ ਨੂੰ ਆਪਣੇ ਜ਼ਿਲ੍ਹੇ ਵਿੱਚ ਈ ਆਈ.ਐਸ.ਆਈ. ਪੱਧਰ ਦੀ ਨੌਕਰੀ ਮਿਲ ਗਈ। ਇਸ ਗੱਲ ਦਾ ਪਤਾ ਉਸ ਚੌਧਰੀ ਨੂੰ ਵੀ ਲੱਗਿਆ ਜਿਸ ਦਾ ਹੁੱਕਾ ਕਦੇ ਰੌਸ਼ਨ ਭਰਦਾ ਰਿਹਾ ਸੀ। ਚੌਧਰੀ ਰੋਸ਼ਨ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਰੋਸ਼ਨ ਦੇ ਦਫਤਰ ਵਿੱਚ ਪਹੁੰਚਿਆ। ਅਗਾਹਾਂ ਰੌਸ਼ਨ ਸਫੈਦ ਕਮੀਜ਼ ਪਹਿਨੀ ਆਪਣੀ ਅਫਸਰ ਵਾਲੀ ਕੁਰਸੀ ’ਤੇ ਬੈਠਾ ਸੀ। ਉਸ ਮੂਹਰਲੇ ਮੇਜ਼ ’ਤੇ ਫੁੱਲਾਂ ਦੇ ਗੁਲਦਸਤੇ ਪਏ ਸਨ। ਦਫਤਰ ਦੀ ਕੰਧ ’ਤੇ ਤਹਿਸੀਲ ਵਿਚੋਂ ਆਪੋ ਆਪਣੇ ਕੰਮਾਂ ਧੰਦਿਆਂ ਲਈ ਆਏ ਲੋਕਾਂ ਦੀ ਲੱਗੀ ਲੰਬੀ ਲਾਇਨ ਤੋਂ ਇੱਕ ਪਾਸੋਂ ਹੀ ਹੁੰਦਾ ਚੌਧਰੀ ਆਫਿਸ ਮੂਹਰੇ ਸਟੂਲ ’ਤੇ ਬੈਠੇ ਗੇਟਮੈਨ ਕੋਲ ਗਿਆ… ‘‘ਓ ਭਾਈ! ਮੈਂ ਰੌਸ਼ਨ ਲਾਲ ਨੂੰ ਮਿਲਣੈ।’’
‘‘ਬਜ਼ੁਰਗੋ! ਸਾਹਿਬ ਕਿਆ ਆਪ ਕੀ ਜਾਨ ਪਹਿਚਾਨ ਵਾਲੇ ਹੈਂ?’’
‘‘ਹਾਂ ਆਹੋ!’’ ਚੌਧਰੀ ਦਾ ਜਵਾਬ ਸੁਣ ਕੇ ਅਤੇ ਉਸ ਕੋਲੋਂ ਉਸ ਦਾ ਪਿੰਡ ਅਤੇ ਨਾਮ ਵਗੈਰਾ ਪੁੱਛ ਕੇ ਗੇਟ ਮੈਨ ਅੰਦਰ ਗਿਆ ਤੇ ਵਾਪਸ ਆ ਕੇ ਬੋਲਿਆ, ‘‘ਬਜ਼ੁਰਗੋ ਸਾਹਿਬ ਤੁਹਾਨੂੰ ਮੁਲਾਕਾਤੀਆਂ ਨੂੰ ਮਿਲਣ ਵਾਲੇ ਟੇਮ ਵਿਚ ਮਿਲਣਗੇ। ਉਤਨਾ ਸਮਾਂ ਮੈਂ ਤੁਹਾਨੂੰ ਸਾਹਿਬ ਦੇ ਰੈਸਟ ਰੂਮ ਵਿਚ ਛੱਡ ਕੇ ਆਉਂਦਾ ਹਾਂ।’’ ਨੌਕਰ ਚੌਧਰੀ ਨੂੰ ਏਅਰਕੰਡੀਸ਼ਨ ਰੈਸਟ ਰੂਮ ਵਿਚ ਬਿਠਾ ਕੇ ਵਾਪਸ ਮੁੜਿਆ। ਰੌਸ਼ਨ ਨੇ ਮੁਲਾਕਾਤੀਆਂ ਦੇ ਮਿਲਣ ਦਾ ਸਮਾਂ ਹੋਣ ਤੋਂ ਪਹਿਲਾਂ ਚੌਧਰੀ ਨੂੰ ਬੁਲਾਇਆ। ਚੌਧਰੀ ਨੇ ਦੌਵੇਂ ਹੱਥ ਜੋੜ ਕੇ ਨਮਸਕਾਰ ਕਰਦਿਆਂ ਕਿਹਾ, ‘ਤਕਦੀਰ ਨੇ ਤੁਹਾਨੂੰ ਬਹੁਤ ਉਚੇ ਅਹੁਦੇ ’ਤੇ ਪਹੁੰਚਾ ਦਿੱਤਾ.. ਧੰਨ ਭਾਗ’’ ਰੌਸ਼ਨ ਚੌਧਰੀ ਦੀ ਗੱਲ ਦੇ ਜਵਾਬ ਵਿੱਚ ਬੋਲਦਾ ਅਤੇ ਕੰਧ ਨਾਲ ਲਟਕ ਰਹੀਆਂ ਡਾਕਟਰ, ਮਾਸਟਰ ਅਤੇ ਆਪਣੀ ਮਾਂ ਦੀਆਂ ਤਸਵੀਰਾਂ ਵੱਲ ਅਦਬ ਨਾਲ ਹੱਥ ਦਾ ਇਸ਼ਾਰਾ ਕਰਦਾ ਕਹਿਣ ਲੱਗਿਆ, ‘‘ਚੌਧਰੀ ਸਾਹਿਬ! ਏਹਨਾਂ ਮਹਾਨ ਸ਼ਖਸੀਅਤਾਂ ਵੱਲੋਂ ਸਮੇਂ ਸਮੇਂ ਸਿਰ ਦਿੱਤੀ ਜਾਂਦੀ ਰਹੀ ਰੌਸ਼ਨੀ ਵਿੱਚ ਸਖਤ ਮਿਹਨਤ ਕਰਕੇ ਮੈਂ ਆਪਣੀ ਇਹ ਤਕਦੀਰ ਆਪ ਬਣਾਈ ਹੈ। ‘ਇਨ ਕੀ ਕ੍ਰਿਪਾ ਸੇ ਸਜੇ ਹਮ ਹੈਂ।’’
ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)


