ਮੋਗਾ, 20 ਸਤੰਬਰ (ਮਨਮੀਤ ਸੰਧੂ, ਗੁਰਮੀਤ ਸਿੰਘ)-ਫਿਰੋਜ਼ਪੁਰ-ਲੁਧਿਆਣਾ ਮੁੱਖ ਮਾਰਗ ‘ਤੇ ਅਜੀਤਵਾਲ ਤੋਂ ਦੋ ਕਿਲੋਮੀਟਰ ਦੂਰ ਗੁਰਦੁਆਰਾ ਦੁੱਖਭੰਜਨਸਰ ਸਾਹਮਣੇ ਕੈਂਟਰ ਅਤੇ ਟਰੱਕ ਦੀ ਹੋਈ ਸਿੱਧੀ ਭਿਆਨਕ ਟੱਕਰ ਵਿਚ ਦੋਵੇਂ ਵਾਹਨਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਦੁਰਘਟਨਾ ਕਾਰਨ ਟਰੱਕ ਵਿਚ ਲੱਦੀਆਂ 14 ਮੱਝਾਂ ਵੀ ਮਰ ਗਈਆਂ ਅਤੇ 7 ਪਸ਼ੂ ਜ਼ਖ਼ਮੀ ਹੋ ਗਏ। ਟਰੱਕ ਵਿਚ 38 ਪਸ਼ੂ ਤੂੜੇ ਹੋਏ ਸਨ। ਇਸ ਘਟਨਾ ਦਾ ਪਤਾ ਚਲਦਿਆਂ ਇੰਸਪੈਕਟਰ ਰਵਿੰਦਰ ਸਿੰਘ ਅਜੀਤਵਾਲ, ਸਹਾਇਕ ਅਫਸਰ ਬਲਦੇਵ ਸਿੰਘ ਮੌਕੇ ‘ਤੇ ਪਹੁੰਚ ਗਏ ਜਦੋਂ ਕਿ ਆਸ ਪਾਸ ਦੇ ਪਿੰਡ ਵਾਸੀਆਂ ਨੇ ਵੀ ਮੌਕੇ ਉੱਪਰ ਪਹੁੰਚ ਕੇ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਫੱਟੜ ਪਸ਼ੂਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ
ਦੇ ਡਾਕਟਰ ਰਣਜੀਤ ਸਿੰਘ, ਡਾਕਟਰ ਰਜਿੰਦਰ ਸਿੰਘ, ਡਾਕਟਰ ਸੁਭਾਸ਼ ਗੋਇਲ, ਡਾਕਟਰ ਵੀਰਇੰਦਰ ਸਿੰਘ, ਰਮੇਸ਼ ਚੌਹਾਨ ਵੀ ਮੌਕੇ ਪਹੁੰਚੇ। ਮਰੇ ਹੋਏ ਅਤੇ ਫੱਟੜ ਪਸ਼ੂਆਂ ਨੂੰ ਕਰੇਨ ਦੀ ਮੱਦਦ ਨਾਲ ਟਰੱਕ ਵਿਚੋਂ ਲਾਹਿਆ ਗਿਆ। ਇਸ ਸੜਕ ਹਾਦਸੇ ਕਾਰਨ ਮੁੱਖ ਮਾਰਗ ਉੱਪਰ ਘੰਟਿਆਂਬੱਧੀ ਟਰੈਫਿਕ ਜਾਮ ਰਿਹਾ ਅਤੇ ਪੁਲਿਸ ਨੇ ਕਰੇਨਾ ਦੀ ਮੱਦਦ ਨਾਲ ਕੈਂਟਰ ਅਤੇ ਟਰੱਕ ਨੂੰ ਪਾਸੇ ਕਰਕੇ ਟਰੈਫਿਕ ਚਾਲੂ ਕਰਵਾਇਆ। ਪੁਲਿਸ ਅਨੁਸਾਰ ਸਵੇਰੇ 3.30 ਤੋਂ 4 ਵਜੇ ਦਰਮਿਆਨ ਪਲਾਈ ਬੋਰਡਾਂ ਦਾ ਭਰਿਆ ਹੋਇਆ ਕੈਂਟਰ ਨੰਬਰ ਪੀ.ਬੀ. 10 ਸੀ ਐੱਨ. 9374 ਹੰਭੜਾ ਤੋਂ ਮੁਕਤਸਰ ਨੂੰ ਜਾ ਰਿਹਾ ਸੀ। ਜਿਸ ਨੂੰ ਡਰਾਈਵਰ ਹਰਜਿੰਦਰ ਸਿੰਘ ਵਾਸੀ ਰਣਕੇ (ਲੁਧਿਆਣਾ) ਚਲਾ ਰਿਹਾ ਸੀ। ਜਦੋਂ ਕਿ ਟਰੱਕ ਨੰਬਰ ਪੀ.ਬੀ. 11 ਏ.ਐੱਸ. 9883 ਅੰਮ੍ਰਿਤਸਰ ਤੋਂ 32 ਮੱਝਾਂ, 5 ਕਟਰੂਆਂ ਅਤੇ 1 ਝੋਟੇ ਸਮੇਤ ਕੁੱਲ 38 ਪਸ਼ੂਆਂ ਨੂੰ ਲੱਦ ਕੇ ਸਹਾਰਨਪੁਰ (ਯੂ.ਪੀ.) ਨੂੰ ਜਾ ਰਿਹਾ ਸੀ। ਜਿਸ ਨੂੰ ਡਰਾਈਵਰ ਚਮਕੀਲਾ ਪੁੱਤਰ ਕੇਵਲ ਚੰਦ ਵਾਸੀ ਨੰਗਲ ਜ਼ਿਲ੍ਹਾ ਫਤਹਿਆਬਾਦ (ਹਰਿਆਣਾ) ਚਲਾ ਰਿਹਾ ਸੀ। ਪੁਲਿਸ ਅਨੁਸਾਰ ਇਹ ਹਾਦਸਾ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਇਸ ਸਬੰਧੀ ਅਜੀਤਵਾਲ ਪੁਲਿਸ ਨੇ ਬੇਦਰਦੀ ਨਾਲ ਤੁੰਨੇ ਹੋਏ ਪਸ਼ੂਆਂ ਅਤੇ ਵਾਪਰੇ ਹਾਦਸੇ ਕਾਰਨ ਗਗਨਦੀਪ ਸਿੰਘ ਵਾਸੀ ਭੱਟੀ ਠਾਹਾਂ ਦੇ ਬਿਆਨਾਂ ‘ਤੇ ਟਰੱਕ ਮਾਲਕ ਮੁਰਤਜਾ ਪੁੱਤਰ ਇਸਲਾਮ ਵਾਸੀ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਰੁੱਧ ਪਸ਼ੂਆਂ ‘ਤੇ ਜੁਰਮ ਕਰਨ ਸਬੰਧੀ ਕਾਨੂੰਨ 11 (1) ਵਿਸ਼ੇਸ਼ ਧਾਰਾ ਅਤੇ 304 ਏ, 279, 337, 338, 427 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਘਟਨਾ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਵੀ ਐਂਬੂਲਸ ਅਤੇ ਕਰੇਨ ਲੈ ਕੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਦਦ ਕੀਤੀ।



