ਥਾਂਜਾਵੁਰ (ਤਾਮਿਲਨਾਡੂ)/ਚੰਡੀਗੜ੍ਹ, 19 ਸਤੰਬਰ (ਪੀ. ਟੀ)- ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੇਸ਼ ਵਿੱਚ ਖੁਰਾਕੀ ਅਨਾਜ ਦੀ ‘ਵੈਲਿਯੂ ਐਡੀਸ਼ਨ’ ਅਤੇ ਖੁਰਾਕੀ ਉਤਪਾਦਾਂ ਨੂੰ ਹੋਰ ਵਿਕਸਿਤ ਕਰਨ ਦੇ ਮੰਤਵ ਨਾਲ ਦੇਸ਼ ਦੇ ਪੋਸਟ -ਐਗਰੀਕਲਚਰਲ ਸਾਇੰਸਦਾਨਾਂ ਨੂੰ ਅਨਾਜ ਭੰਡਾਰਣ, ਕੀੜਿਆਂ ਤੋਂ ਬਚਾਅ ਦੇ ਪ੍ਰਬੰਧਾਂ ਅਤੇ ਫ਼ੂਡ ਪ੍ਰੋਸੈਸਿੰਗ ਦੌਰਾਨ ਅਨਾਜ ਅਤੇ ਖੁਰਾਕੀ ਉਤਪਾਦਾਂ ਦੀ ਗੁਣਵਤਾ ਸੁਰੱਖਿਅਣ ’ਤੇ ਜ਼ੋਰ ਦੇਣ ਲਈ ਆਖਿਆ ਹੈ। ਇੰਡੀਅਨ ਇੰਸਟੀਚਿਊਟ ਆਫ਼ ਕਰੋਪ ਪ੍ਰੋਸੈਸਿੰਗ ਟੈਕਨਾਲੋਜੀ ਦੇ ਦੌਰੇ ਦੌਰਾਨ, ਸ੍ਰੀਮਤੀ ਬਾਦਲ ਨੇ ਆਖਿਆ ਕਿ ਖੁਰਾਕੀ ਅਨਾਜ ਵਿੱਚ ਵਾਧਾ, ਚਿਰ ਸਥਾਈ ਸੁਰੱਖਿਅਣ ਅਤੇ ਵਰਤੋਂ ਵਿੱਚ ਵਿਗਿਆਨਿਕ ਤਕਨੀਕ ਦੀ ਵਰਤੋਂ ਸਮੇਂ ਦੀ ਲੋੜ ਹੈ ਅਤੇ ਇਸ ਸਭ ਕੁੱਝ ਲਈ ਨਵੀਂਆਂ ਤਕਨੀਕਾਂ ਅਤੇ ਖੋਜ ਬਹੁਤ ਜ਼ਰੂਰੀ ਹੈ। ਉਨ੍ਹਾਂ ਇੰਸਟੀਚਿਊਟ ਤੋਂ ਸਿਖਲਾਈ ਲੈਣ ਵਾਲੇ ਉਦਮੀਆਂ ਅਤੇ
ਕਿਸਾਨਾਂ ਵੱਲੋਂ ਲਾਈ ਪ੍ਰਦਰਸ਼ਨੀ ਵੀ ਵੇਖੀ।
ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇੰਸਟੀਚਿਊਟ ਵੱਲੋਂ ਕਿਸ ਤਰ੍ਹਾਂ ਕਿਸਾਨਾਂ ਦੇ ਕੌਸ਼ਲ ਅਤੇ ਤਕਨੀਕ ਨੂੰ ਵਿਕਸਿਤ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਅੱਜ ਖੇਤੀ ਗਿਆਨ ਵਿੱਚ ਉੱਚੇ ਮੁਕਾਮ ’ਤੇ ਪੁੱਜੇ ਹਨ।



