ਜਲੰਧਰ, 18 ਸਤੰਬਰ- (ਪੀ. ਟੀ.)- ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਧਾਰਨ ਅਤੇ ਸੜਕ ਸੁਰੱਖਿਆ ਨਾਲ ਜੁੜੇ ਪਹਿਲੂਆਂ ਸਬੰਧੀ ਲੋੜੀਂਦੇ ਕਦਮ ਉਠਾਉਣ ਅਤੇ ਪ੍ਰਾਪਤ ਸੁਝਾਵਾਂ ਨੂੰ ਵਿਚਾਰਨ ਲਈ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਸ੍ਰੀ ਗੁਰਚਰਨ ਸਿੰਘ ਚੰਨੀ,ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਸ੍ਰੀ ਆਰ.ਪੀ.ਸਿੰਘ, ਏ.ਸੀ.ਪੀ ਸ੍ਰੀ ਦਲਬੀਰ ਸਿੰਘ, ਸਮਾਜ ਸੇਵੀ ਸ੍ਰੀ ਸੁਰਿੰਦਰ ਸੈਣੀ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸਕੂਲਾਂ ਦੇ ਲੱਗਣ ਅਤੇ ਛੁੱਟੀ ਮੌਕੇ ਟ੍ਰੈਫਿਕ ਨਿਯਮਤ ਕਰਨ ਦਾ ਮਸਲਾ ਵਿਚਾਰੇ ਜਾਣ ‘ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਕਿਹਾ ਕਿ ਜਿਨ੍ਹਾਂ ਟੀਚਰਾਂ ਦੀਆਂ ਡਿਊਟੀਆਂ ਇਨ੍ਹਾਂ ਸਮਿਆਂ ਦੌਰਾਨ ਕੁਆਰਡੀਨੇਸ਼ਨ ਲਈ ਲਗਾਈਆਂ ਗਈਆਂ ਹਨ ਉਹ ਪੁਲੀਸ ਨਾਲ ਲਗਾਤਾਰ ਤਾਲਮੇਲ ਰੱਖਣ ਤਾਂ ਜੋ ਸਕੂਲਾਂ ਦੇ ਲੱਗਣ ਅਤੇ ਛੁੱਟੀ ਸਮੇਂ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਅਤੇ ਵਿੱਦਿਆਰਥੀ ਵੀ ਸੁਰੱਖਿਅਤ ਰਹਿਣ।