Skip to content
Independent perspectives. Global stories.
BREAKING

ਬਾਦਲ ਦੀਆਂ ਗਲਤ ਨੀਤੀਆਂ ਸਦਕਾ ਪੰਜਾਬ ਡੂੰਘੇ ਆਰਥਿਕ ਸੰਕਟ ‘ਚ ਘਿਰਿਆ : ਬਾਜਵਾ

Share this story

ਤਲਵੰਡੀ ਸਾਬੋ, 24 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਦੀ ਸੱਤਾ ਤੇ ਕਾਬਜ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਅੱਜ ਪੰਜਾਬ ਡੂੰਘੇ ਆਰਥਿਕ ਸੰਕਟ ਵਿੱਚ ਫਸ ਗਿਆ ਹੈ ਤੇ ਅਕਾਲੀ ਸਰਕਾਰ ਲੋਕਾਂ ‘ਤੇ ਔਰੰਗਜ਼ੇਬ ਦੇ ਜਜ਼ੀਏ ਵਾਂਗ ਟੈਕਸ ‘ਤੇ ਟੈਕਸ ਲਾ ਰਹੀ ਹੈ। ਦੇਖਣਾ ਹੁਣ ਇਹ ਹੈ ਕਿ ਇਹ ਸਰਕਾਰ ਲੋਕਾਂ ਦੇ ਸਾਹ ਲੈਣ ‘ਤੇ ਟੈਕਸ ਕਦੋਂ ਲਾ ਰਹੀ ਹੈ? ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਹਰਿਆਣਾ ਹੱਦ ‘ਤੇ ਵਸੇ ਪਿੰਡ ਦਾਦੂ ਵਿਖੇ ਗੁਰਦੁਆਰਾ ਸ੍ਰੀ ਗ੍ਰੰਥਸਰ ਸਾਹਿਬ ਵਿਖੇ ਬੀਤੀ ਦੇਰ ਰਾਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇੱਥੇ ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਨਾਲ ਮੁਲਾਕਾਤ ਲਈ ਵਿਸ਼ੇਸ ਤੌਰ ‘ਤੇ ਪੁੱਜੇ ਸਨ।
Partap-Bajwa
ਉਨ੍ਹਾਂ ਦੱਸਿਆ ਕਿ ਹਾਲਾਤ ਇਹ ਨੇ ਕਿ ਪੰਜਾਬ ਦੀ ਸਾਲਾਨਾ ਕੁੱਲ ਵਿੱਤੀ ਆਮਦਨ 30 ਹਜ਼ਾਰ ਕਰੋੜ ਰੁਪਏ ਹੈ ਜਦੋਂਕਿ ਖਰਚਾ 42 ਹਜ਼ਾਰ ਕਰੋੜ ਰੁਪਏ ਹੈ। ਇੱਕ ਲੱਖ ਕਰੋੜ ਰੁਪਏ ਦਾ ਪੰਜਾਬ ਸਿਰ ਬੈਂਕਾਂ ਆਦਿ ਦਾ ਕਰਜਾ ਹੈ। ਸੋਲਾਂ ਹਜ਼ਾਰ ਕਰੋੜ ਰੁਪਏ ਸਾਲਾਨਾ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦਾ ਖਰਚਾ ਆ ਰਿਹਾ ਹੈ, ਸੱਤ ਹਜ਼ਾਰ ਕਰੋੜ ਰੁਪਏ ਪੈਨਸ਼ਨਾਂ ਦਾ ਬਣਦਾ ਹੈ ਜਦੋਂਕਿ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਸਾਲਾਨਾ ਬੈਂਕਾਂ ਨੂੰ ਵਿਆਜ਼ ਦੇ ਤੌਰ ‘ਤੇ ਦੇਣਾ ਪੈਂਦਾ ਹੈ। ਸਾਰੇ ਖਰਚਿਆਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਖਰਚਾ ਆਮਦਨ ਨਾਲੋਂ ਵੱਧ ਹੈ ਅਤੇ ਅਸੀਂ ਖੁਦ ਸੋਚ ਸਕਦੇ ਹਾਂ ਕਿ ਇਸ ਤਰ੍ਹਾਂ ਆਖਿਰ ਕਿੰਨਾ ਚਿਰ ਕੰਮ ਚੱਲੇਗਾ?ਸ. ਬਾਜਵਾ ਨੇ ਦੱਸਿਆ ਕਿ ਅਕਾਲੀ ਦਲ ਨੇ ਆਪਣੇ 2012 ਦੇ ਚੋਣ ਮੈਨੀਫੈਸਟੋ ਵਿੱਚ ਬੇਰੁਜ਼ਗਾਰਾਂ ਨੂੰ 1000 ਰੁਪਏ ਬੇਰੁਜ਼ਗਾਰੀ ਭੱਤਾ ਦੇਣ, ਬੁਢਾਪਾ ਤੇ ਵਿਧਵਾ ਪੈਨਸ਼ਨਾਂ 250 ਤੋਂ 500 ਰੁਪਏ ਕਰਨ ਦਾ ਵਾਅਦਾ ਕੀਤਾ ਸੀ। ਬੇਰੁਜ਼ਗਾਰਾਂ ਨੂੰ ਅੱਜ ਤੱਕ ਭੱਤਾ ਨਹੀਂ ਮਿਲਿਆ ਤੇ ਬੁਢਾਪਾ ਪੈਨਸ਼ਨ ਦੁੱਗਣੀ ਤਾਂ ਕੀ ਕਰਨੀ ਸੀ ਸਗੋਂ ਪਿਛਲੇ ਅੱਠ ਮਹੀਨਿਆਂ ਤੋਂ ਕਿਸੇ ਨੂੰ ਪੈਨਸ਼ਨ ਨਹੀਂ ਮਿਲੀ। ਸ਼ਗਨ ਸਕੀਮ 15 ਤੋਂ 31 ਹਜ਼ਾਰ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਲੜਕੀ ਨੂੰ 15 ਹਜ਼ਾਰ ਵੀ ਨਹੀਂ ਮਿਲੀ ਤੇ ਸ਼ਗਨ ਸਕੀਮਾਂ ਦੇ ਕਰੀਬ 80,000 ਕੇਸ ਅੱਜ ਵੀ ਸਰਕਾਰ ਕੋਲ ਪਏ ਹਨ। ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ ਵਾਅਦਾ ਵੀ ਫਾਈਲਾਂ ਵਿੱਚ ਹੀ ਦੱਬਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਿਛਲੀ ਸਰਕਾਰ ਦੇ ਅੰਤ ਵਿੱਚ ਰੱਜ ਕੇ ਖਜਾਨਾ ਲੁਟਾਇਆ ਪ੍ਰੰਤੂ ਹੁਣ ਇਸਨੂੰ ਭਰਨ ਲਈ ਇਹ ਟੈਕਸਾਂ ਦਾ ਸਹਾਰਾ ਲੈ ਰਹੀ ਹੈ। ਹੁਣ ਸਰਕਾਰ ਕਿੱਤਾ ਟੈਕਸ ਲਗਾ ਕੇ ਲੋਕਾਂ ਦੇ ਪ੍ਰਾਈਵੇਟ ਕੰਮ ਧੰਦਿਆਂ ‘ਤੇ ਵੀ ਟੈਕਸ ਲਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਹਾਲ ਏਨਾ ਮਾੜਾ ਹੈ ਕਿ ਬਿਜਲੀ ਬੋਰਡ ਨੇ ਲੋਕਾਂ ਤੋਂ ਡੇਢ ਮਹੀਨੇ ਦੇ ਬਿੱਲ ਐਡਵਾਂਸ ਹੀ ਲੈਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਬਿਜਲੀ ਬੋਰਡ ਬੂਰੀ ਤਰ੍ਹਾਂ ਕਰਜ਼ੇ ਵਿੱਚ ਦੱਬਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੀ ਵਿੱਤੀ ਹਾਲਤ ਏਨੀ ਮਾੜੀ ਹੋਈ ਪਈ ਹੈ ਪ੍ਰੰਤੂ ਫਿਰ ਵੀ ਬਾਦਲ ਨੇ ਆਪਣੀਆਂ ਸਹੂਲਤਾਂ ਲਈ ਜਹਾਜ਼, ਹੈਲੀਕਾਪਟਰ ਅਤੇ ਬੀ. ਐੱਮ. ਡਬਲਿਯੂ. ਗੱਡੀਆਂ ‘ਤੇ ਕਰੋੜਾਂ ਖਰਚ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਕਬੱਡੀ ਕੱਪਾਂ ਵਿੱਚ ਕੈਟਰੀਨਾ ਕੈਫ ‘ਤੇ ਕਰੋੜਾਂ ਰੁਪਏ ਖਰਚਣ ਦੀ ਬਜਾਏ ਪੰਜਾਬ ਦੀਆਂ ਗਰੀਬ ਲੜਕੀਆਂ ਵੱਲ ਦੇਖੇ। ਪੀ. ਪੀ. ਪੀ. ਨਾਲ ਸਮਝੌਤੇ ਦੇ ਸਵਾਲ ‘ਤੇ ਬਾਜਵਾ ਨੇ ਕਿਹਾ ਕਿ ਸਮਝੌਤੇ ਬਾਰੇ ਫੈਸਲਾ ਹਾਈਕਮਾਂਡ ਨੇ ਕਰਨਾ ਹੈ ਪ੍ਰੰਤੂ ਉਨ੍ਹਾਂ ਦੀ ਸੋਚ ਹੈ ਕਿ ਦੋ ਸੈਕੂਲਰ ਜਮਾਤਾਂ ਵਿੱਚ ਸਮਝੌਤਾ ਹੋ ਸਕਦਾ ਹੈ ਤੇ ਇਹ ਵਿਚਾਰ ਅਧੀਨ ਹੈ। ਸੁਖਬੀਰ ਬਾਦਲ ਦੇ ਵਾਰ-ਵਾਰ 25 ਸਾਲ ਰਾਜ ਕਰਨ ਦੇ ਬਿਆਨਾਂ ਬਾਰੇ ਬਾਜਵਾ ਨੇ ਕਿਹਾ ਕਿ ਸੁਖਬੀਰ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ ਅਤੇ ਉਹ ਲੋਕ ਸ਼ਕਤੀ ਨੂੰ ਵੀ ਆਪਣੇ ਗੁਲਾਮ ਸਮਝਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਧਰਤੀ ਤੋਂ ਸੱਦਾਮ ਹੁਸੈਨ, ਗੱਦਾਫੀ ਅਤੇ ਹੁਸਨੀ ਮੁਬਾਰਕ ਵਰਗੇ ਚਲੇ ਗਏ ਜਿਨ੍ਹਾਂ ਨੂੰ ਲੋਕਾਂ ਜਾਂ ਪ੍ਰੈੱਸ ਤੱਕ ਦਾ ਡਰ ਨਹੀ ਸੀ।ਸ. ਬਾਜਵਾ ਨੇ ਦੱਸਿਆ ਕਿ ਲੋਕਾਂ ਨਾਲ ਰਾਬਤਾ ਬਣਾਉਣ ਲਈ ਉਹ ਹਫਤੇ ਵਿੱਚ ਦੋ ਦਿਨ ਮਾਲਵਾ, ਇੱਕ ਦਿਨ ਮਾਝਾ ਅਤੇ ਇੱਕ ਦਿਨ ਦੁਆਬੇ ਵਿੱਚ ਲਾਇਆ ਕਰਨਗੇ ਤਾਂ ਕਿ ਲੋਕ ਸਭਾ ਚੋਣਾਂ ਤੱਕ ਕਾਂਗਰਸੀ ਵਰਕਰਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਸੰਤ ਦਾਦੂਵਾਲ ਨਾਲ ਕਈ ਮੁੱਦਿਆਂ ‘ਤੇ ਲੰਬਾਂ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਤ ਦਾਦੂਵਾਲ ਨੇ ਉਨ੍ਹਾਂ ਨੂੰ ਸਿਰੋਪਾਉ, ਸ਼ਾਲ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ। ਬਾਜਵਾ ਨੇ ਇਸ ਮੌਕੇ ਸੰਤ ਦਾਦੂਵਾਲ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।

WRITTEN BY