ਚੰਡੀਗੜ੍ਹ 15 ਸਤੰਬਰ (ਪੀ. ਟੀ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਘੱਗਰ ਨਦੀ ਦੀ ਇਕ ਮਿਸ਼ਨ ਵਜੋਂ ਸਫਾਈ ’ਤੇ ਪ੍ਰਭਾਵੀ ਤਰੀਕੇ ਨਾਲ ਨਿਗਰਾਨੀ ਰੱਖਣ ਵਾਸਤੇ ਇਕ ਸਾਂਝੀ ਰੂਪ ਰੇਖਾ ਬਣਾਉਣ ਵਾਸਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਵੀਰਭੱਦਰ ਸਿੰਘ ਨੂੰ ਸਿੱਧਾ ਅਤੇ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ ਹੈ। ਸ੍ਰੀ ਵੀਰਭੱਦਰ ਸਿੰਘ ਨੂੰ ਲਿਖੇ ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਘੱਗਰ ਨਦੀ ਦੇ ਪਾਣੀ ਦਾ ਮਿਆਰ ਬਹੁਤ ਨੀਵੇਂ ਪੱਧਰ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕੇ ਵਿੱਚੋਂ ਘਰੇਲੂ ਸੀਵਰੇਜ ਦਾ ਪਾਣੀ ਘੱਗਰ ਨਦੀ ਵਿੱਚ ਪੈ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਘੱਗਰ ਨਦੀ ਵਿੱਚ ਪ੍ਰਦੂਸ਼ਣ ਪੈਦਾ ਕਰਨ ਵਾਲੇ ਵੱਖ-ਵੱਖ ਸਰੋਤਾਂ ਦਾ ਸਰਵੇਖਣ ਕੀਤਾ ਗਿਆ ਹੈ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਾਹਨ, ਪਰਵਾਨੂ ਅਤੇ ਕਾਲਾ ਅੰਬ ਇਲਾਕਿਆਂ ਵਿੱਚੋਂ ਉਦਯੋਗਾਂ ਅਤੇ
ਸੀਵਰੇਜ ਦਾ ਗੰਦਾ/ਅਣਸੋਧਿਆ ਪਾਣੀ ਘੱਗਰ ਨਦੀ ਵਿੱਚ ਵੱਖ ਵੱਖ ਚੋਆਂ, ਡਰੇਨਾਂ, ਖਾਲਿਆਂ ਆਦਿ ਰਾਹੀਂ ਪੈ ਰਿਹਾ ਹੈ। ਸ. ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਤੁਰੰਤ ਹਿਮਾਚਲ ਪ੍ਰਦੇਸ਼ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਗੰਦਾ ਪਾਣੀ ਘੱਗਰ ਵਿਚ ਪੈਣ ਤੋਂ ਰੋਕਣ ਵਾਸਤੇ ਹਦਾਇਤਾਂ ਜਾਰੀ ਕਰਨ ਤਾਂ ਜੋ ਘੱਗਰ ਨਦੀ ਵਿੱਚ ਡਰੇਨਾਂ ਅਤੇ ਨਾਲਿਆਂ ਰਾਹੀਂ ਘਰੇਲੂ ਅਤੇ ਉਦਯੋਗਾਂ ਦਾ ਗੰਦਾ ਪਾਣੀ ਨਾ ਪੈ ਸਕੇ ਅਤੇ ਪ੍ਰਦੂਸ਼ਣ ’ਤੇ ਰੋਕ ਲੱਗ ਸਕੇ। ਇਸ ਦੀ ਗੰਭੀਰਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਦੋਹਾਂ ਸੂਬਿਆਂ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ’ਤੇ ਆਧਾਰਤ ਸਮੂਹਿਕ ਨਿਗਰਾਨੀ ਦੀ ਇੱਕ ਵਿਵਸਥਾ ਪੈਦਾ ਕਰਨ ਦੀ ਜਰੂਰਤ ’ਤੇ ਜ਼ੋਰ ਦਿੱਤਾ ਹੈ ਤਾਂ ਜੋ ਘੱਗਰ ਨਦੀ ਦੇ ਵਿਚਲੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਮਾਂਬੱਧ ਕਾਰਜ ਯੋਜਨਾ ਅਮਲ ਵਿੱਚ ਲਿਆਂਦੀ ਜਾ ਸਕੇ। ਮੁੱਖ ਮੰਤਰੀ ਨੇ ਸ੍ਰੀ ਵੀਰਭਦਰ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਉਤੇ ਸ਼ਿਮਲਾ ਵਿਚ ਇੱਕ ਸਮੂਹਿਕ ਮੀਟਿੰਗ ਸੱਦਣ ਵਾਸਤੇ ਤਾਰੀਖ ਨਿਰਧਾਰਤ ਕਰਨ ਤਾਂ ਜੋ ਇਸ ਮਕਸਦ ਲਈ ਸਥਾਈ ਹੱਲ ਕਢਿਆ ਜਾ ਸਕੇ। ਸ. ਬਾਦਲ ਨੇ ਲਿਖਿਆ ਹੈ ਕਿ ਘੱਗਰ ਦੇ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਇਕ ਜਨਹਿੱਤ ਮਸਲਾ ਹੈ ਅਤੇ ਇਹ ਪਾਣੀ ਵਿਚ ਪ੍ਰਦੂਸਣ ਨੂੰ ਘਟਾਉਣ ਦੀ ਫੌਰੀ ਲੋੜ ਹੈ।