‘ਇਨਵੈਸਟ ਪੰਜਾਬ ਪ੍ਰੋਗਰਾਮ’ ਤਹਿਤ ਨਿਵੇਸ਼ ਪ੍ਰਵਾਨਗੀ ਦੀ ਪ੍ਰਕ੍ਰਿਆ ਸਾਲਾਂ ਤੋਂ ਘੱਟ ਕੇ 60 ਦਿਨਾਂ ਦੀ ਹੋਈ
ਚੰਡੀਗੜ੍ਹ , 15 ਸਤੰਬਰ (ਪੀ. ਟੀ.)- ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ‘ਇਨਵੈਸਟ ਪੰਜਾਬ’ ਪ੍ਰੋਗਰਾਮ ਤਹਿਤ ਨਿਵੇਸ਼ ਪ੍ਰਕ੍ਰਿਆ ’ਚ ਲੋੜੀਂਦੇ ਸੁਧਾਰ ਕਰਦਿਆਂ ਨਵੇਂ ਸਨਅਤੀ ਪ੍ਰੋਜੈਕਟ ਲਾਉਣ ਲਈ ਲੋੜੀਂਦੀ ਪ੍ਰਕ੍ਰਿਆ ਨੂੰ 60 ਦਿਨਾਂ ਤੋਂ ਵੀ ਘਟਾ ਕੇ 30 ਦਿਨਾਂ ਤੱਕ ਸੀਮਿਤ ਕਰ ਦੇਵੇਗੀ। ਉਨ੍ਹਾਂ ਪੰਜਾਬ ਇਨਵੈਸਟ ਬਿਊਰੋ ਦੇ ਮੁਖ ਕਾਰਜ਼ਕਾਰੀ ਪ੍ਰਬੰਧਕ ਸ੍ਰੀ ਅਨੀਰੁਧ ਤਿਵਾੜੀ ਨੂੰ ਨਿਰਦੇਸ਼ ਦਿੱਤੇ ਕਿ ਉਹ ਕਿਸੇ ਮਾਮਲੇ ’ਚ ਵੀ ਹੋਣ ਵਾਲੀ ਦੇਰੀ ਨੂੰ ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਉਣ ਦੇ ਨਾਲ-ਨਾਲ 45 ਦਿਨਾਂ ਤੋਂ ਵੱਧ ਸਮਾਂ ਲੈਣ ਵਾਲੇ ਮਾਮਲਿਆਂ ਬਾਰੇ ਤੁਰੰਤ ਜਾਇਜ਼ਾ ਮੀਟਿੰਗ ਸੱਦਣ ਲਈ ਕਿਹਾ। ਪੰਜਾਬ ਇਨਵੈਸਟਮੈਂਟ ਬਿਊਰੋ ਦੇ ਕੰਮਕਾਰ ਬਾਰੇ ਫੀਡਬੈਕ ਲੈਣ ਲਈ ਪੰਜਾਬ ਭਰ ਦੇ
ਸਨਅਤਕਾਰਾਂ ਦੀ ਸੱਦੀ ਗਈ ਇਸ ਪਹਿਲੀ ਮੀਟਿੰਗ ਦੌਰਾਨ ਸ. ਬਾਦਲ ਨੇ ਕਿਹਾ ਕਿ ਇਸ ਮੀਟਿੰਗ ਦਾ ਅਸਲ ਮਕਸਦ ਉਨ੍ਹਾਂ ਲੋਕਾਂ ਤੋਂ ਪੀ.ਬੀ.ਆਈ.ਪੀ. ਦੀ ਕਾਰਗੁਜਾਰੀ ਦਾ ਪਤਾ ਕਰਨਾ ਹੈ ਜਿੰਨ੍ਹਾਂ ਲਈ ਇਸ ਬਿਊਰੋ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਕਿਸੇ ਵੀ ਵਿਭਾਗ ਵੱਲੋਂ ਨਿਵੇਸ਼ ਸਬੰਧੀ ਆਗਿਆ ਦੇਣ ’ਚ ਕੀਤੀ ਜਾਣ ਵਾਲੀ ਬੋਲੋੜੀ ਦੇਰੀ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੌਜੂਦਾ ਸਨਅਤਾ ਦੇ ਵਿਸਤਾਰ ਲਈ ਵੀ 100 ਫੀਸਦੀ ਰਿਆਇਤਾਂ ਦੇਣ ਬਾਰੇ ਸਨਅਤਕਾਰਾਂ ਦੀ ਮੰਗ ਦਾ ਜਵਾਬ ’ਚ ਸ. ਬਾਦਲ ਨੇ ਕਿਹਾ ਕਿ 23 ਸਤੰਬਰ ਨੂੰ ਹੋਣ ਜਾ ਰਹੀ ਕੈਬਨਿਟ ਦੀ ਮੀਟਿੰਗ ’ਚ ਪੰਜਾਬ ਸਰਕਾਰ ਇਸ ਸਬੰਧੀ ਵੀ ਫੈਸਲਾ ਕਰ ਲਵੇਗੀ। ਸ. ਬਾਦਲ ਨੇ ਨਾਲ ਹੀ ਸਨਅਤਕਾਰਾਂ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਨਿਵੇਸ਼ ਦੀ ਸ਼ੁਰੂਆਤ ਤੋਂ ਸਾਲ ਦੇ ਅੰਦਰ-ਅੰਦਰ ਹੋਣ ਵਾਲੇ ਕਿਸੇ ਵੀ ਨਿਵੇਸ਼ ਨੂੰ ਸਰਕਾਰ ਨਵਾਂ ਨਿਵੇਸ਼ ਹੀ ਮੰਨੇਗੀ। ਉਨ੍ਹਾਂ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਨਿਵੇਸ਼ ਕਰਨ ਵਾਲੇ ਸਨਅਤਕਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਸਮੇਂ ਸਿਰ ਹਾਸਿਲ ਕਰਨ ’ਚ ਵੀ ਪੰਜਾਬ ਸਰਕਾਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨਾਲ ਰਾਬਤਾ ਕਾਇਮ ਕਰਦਿਆਂ ਪੂਰੀ ਮਦਦ ਕਰੇਗੀ। ਮੌਜੂਦਾ ਸਨਅਤਾਂ ਦੇ ਵਿਕਾਸ ਲਈ ਕੋਈ ਨਿਯਮ ਨਾ ਤੈਅ ਕੀਤੇ ਜਾਣ ਦੇ ਮੁੱਦੇ ’ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤੀ ਨੀਤੀਆਂ ’ਚ ਕੁਝ ਹੋਰ ਤਬਦੀਲੀਆਂ ਕਰਦਿਆਂ ਇਸ ਨੂੰ ਨਿਵੇਸ਼ ਲਈ ਹੋਰ ਵੀ ਜਿਆਦਾ ਆਕਰਸ਼ਕ ਬਣਾ ਰਹੀ ਹੈ। ਉਨ੍ਹਾਂ ਸਨਅਤਕਾਰਾਂ ਨੂੰ ਯਕੀਨ ਦਿਵਾਇਆ ਕਿ ਇਸ ਨੀਤੀ ਤਹਿਤ ਮਿਲਣ ਵਾਲੇ ਕਿਸੇ ਵੀ ਲਾਭ ਦਾ ਫਾਇਦਾ ਸਨਅਤਕਾਰਾਂ ਨੂੰ ਨਿਵੇਸ਼ ਅਨੁਸਾਰ ਬੀਤੀ ਤਾਰੀਕ ਤੋਂ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਕੁਝ ਸਨਅਤਕਾਰਾਂ ਨੇ ਨੈਸ਼ਨਲ ਹਾਈਵੇ ਅਥਾਰਟੀ, ਜੰਗਲਾਤ ਮੰਤਰਾਲੇ ਅਤੇ ਕੇਂਦਰੀ ਡਰੱਗ ਅਥਾਰਟੀ ਵੱਲੋਂ ਨਿਵੇਸ਼ ’ਚ ਲੋੜੀਂਦੀ ਆਗਿਆ ਸਬੰਧੀ ਕੀਤੀ ਜਾ ਰਹੀ ਦੇਰੀ ਦਾ ਮੁੱਦਾ ਵੀ ਉਠਾਇਆ। ਸ. ਬਾਦਲ ਨੇ ਉਕਤ ਸਨਅਤਕਾਰਾਂ ਨੂੰ ਯਕੀਨ ਦਿਵਾਇਆ ਕਿ ਉਹ ਇਹ ਮੁੱਦਾ ਖੁਦ ਸਬੰਧਤ ਕੇਂਦਰੀ ਮੰਤਰਾਲਿਆਂ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਜੰਗਲਾਤ ਮੰਤਰਾਲੇ ਨੇ ਪਹਿਲਾਂ ਹੀ ਕੁਝ ਸੋਧਾਂ ਕਰਦਿਆਂ ਜੰਗਲਾਤ ਦੀ ਕਟਾਈ ਦੇ ਮੁਆਵਜੇ ਫੀਸ ਜਮਾਂ ਹੋ ਜਾਣ ਨੂੰ ਹੀ ਪ੍ਰਵਾਨਗੀ ਮੰਨ ਲਿਆ ਹੈ। ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਸਨਅਤਕਾਰਾਂ ਨੂੰ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਜੰਗਲਾਤ ਮੰਤਰਾਲੇ ਤੋਂ ਆਗਿਆ ਸਰਟੀਫਿਕੇਟ ਮਿਲਣ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਨਵੇਸ਼ਕਾਂ ਵੱਲੋਂ ਪੇਸ਼ ਕੀਤੇ ਗਏ ਸੁਝਾਵਾਂ ਦਾ ਸਵਾਗਤ ਕਰਦਿਆਂ ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦਾ ਦਫਤਰ ਖੋਲਣ ਦਾ ਮੁੱਦਾ ਕੇਂਦਰ ਸਰਕਾਰ ਅੱਗੇ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਟੂਰਿਸਟ ਟਰੈਵਲ ਸਰਕਟ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਅੰਦਰ ਸੈਲਾਨੀਆਂ ਦੀ ਗਿਣਤੀ ਸਾਲਾਨਾ 2.9 ਲੱਖ ਤੋਂ ਵੱਧ ਕੇ 10 ਲੱਖ ਹੋ ਜਾਵੇਗੀ। ਪੀਕ ਲੋਡ ਦੇ ਮੁੱਦੇ ’ਤੇ ਜਵਾਬ ਦਿੰਦਿਆਂ ਸ. ਬਾਦਲ ਨੇ ਸਾਫ ਕੀਤਾ ਕਿ ਪੰਜਾਬ ਸਰਕਾਰ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਪੀਕ ਲੋਡ ਸਾਲ ’ਚ ਸਿਰਫ 4 ਮਹੀਨੇ ਮੰਨਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਰਪਲਸ ਬਿਜਲੀ ਉਤਪਾਦਨ ਵਾਲਾ ਸੂਬਾ ਹੋਣ ਨਾਤੇ ਪੰਜਾਬ ਵੱਲੋਂ 3000 ਮੈਗਾਵਾਟ ਬਿਜਲੀ ਖੁੱਲੇ ਬਾਜਾਰ ’ਚ ਵੇਚਣ ਸਬੰਧੀ ਵੀ ਟੈਂਡਰ ਜਾਰੀ ਕੀਤਾ ਜਾਵੇਗਾ ਅਤੇ ਇਸ ਤੋਂ ਹੋਣ ਵਾਲੇ ਮੁਨਾਫੇ ਸਦਕਾ ਆਉਂਦੇ ਸਾਲ ’ਚ ਬਿਜਲੀ ਦੀਆਂ ਦਰਾਂ ’ਚ ਵੀ ਕਮੀ ਹੋਵੇਗੀ। ਇਸ ਦੌਰਾਨ ਉਪ ਮੁੱਖ ਮੰਤਰੀ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਸਨਅਤਕਾਰਾਂ ਨੇ ਕਿਹਾ ਕਿ ਇਨਵੈਸਟ ਪੰਜਾਬ ਪ੍ਰੋਗਰਾਮ ਦੇ ਲਾਗੂ ਹੋਣ ਉਪਰੰਤ ਨਿਵੇਸ਼ ਪ੍ਰਣਾਲੀ ’ਚ ਆਈਆਂ ਤਬਦੀਲੀਆਂ ਤੋਂ ਉਹ ਹੈਰਾਨ ਹਨ। ਇਸ ਦੌਰਾਨ ਨਿਵੇਸ਼ਕਾਰਾਂ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨਵੇਂ ਨਿਵੇਸ਼ਾਂ ਬਾਰੇ ਵੀ ਉਪ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ। ਨਵੇਂ ਨਿਵੇਸ਼ਾਂ ’ਚ ਪ੍ਰਮੁੱਖ ਤੌਰ ’ਤੇ ਸੋਨਾਲੀਕਾ ਗਰੁੱਪ ਵੱਲੋਂ ਟਰੈਕਟਰ ਉਤਪਾਦਨ ਯੂਨਿਟ ’ਚ 300 ਕਰੋੜ ਰੁਪਏ ਦਾ ਨਿਵੇਸ਼, ਜੀਰਕਪੁਰ ਵਿਖੇ ਐਮ.ਕੇ.ਐਲ ਗਰੁੱਪ ਵੱਲੋਂ ਸੁਪਰ ਸਪੈਸ਼ਲਿਸਟ ਹਸਪਤਾਲ ਦੀ ਸਥਾਪਨਾ, ਸਿੰਗਾਪੁਰ ਦੀ ਡੀ.ਜੇ.ਬੀ ਕੰਪਨੀ ਵੱਲੋਂ ਅੰਮ੍ਰਿਤਸਰ ਵਿਖੇ 1130 ਕਰੋੜ ਰੁਪਏ ਦੇ ਨਿਵੇਸ਼ ਨਾਲ ਹੋਟਲ ਬਨਾਉਣ, ਡੀ.ਐਸ.ਐਮ. ਫਾਰਮਸਿਟੀਕਲ ਵੱਲੋਂ ਰੋਪੜ ਦੇ ਤੌਨਸਾ ਪਿੰਡ ਵਿਖੇ 15 ਕਰੋੜ ਦਾ ਨਿਵੇਸ਼ ਤੋਂ ਇਲਾਵਾ ਸਪੋਰਕਿੰਗ ਕੰਪਨੀ ਵੱਲੋਂ ਬਠਿੰਡਾ ਵਿਖੇ ਤਿੰਨ ਪ੍ਰੋਜੈਕਟ ਲਗਾਉਣਾ ਸ਼ਾਮਿਲ ਹੈ। ਮੀਟਿੰਗ ’ਚ ਪ੍ਰਮੁੱਖ ਤੌਰ ’ਤੇ ਨਿਵੇਸ਼ ਪ੍ਰਮੋਸ਼ਨ ਬਾਰੇ ਮੁੱਖ ਸਕੱਤਰ ਸ. ਕਰਨ ਅਵਤਾਰ ਸਿੰਘ, ਪੀ.ਬੀ.ਆਈ.ਪੀ. ਦੇ ਮੁੱਖ ਕਾਰਜਕਾਰੀ ਪ੍ਰਬੰਧਕ ਸ੍ਰੀ ਅਨੁਰਿਧ ਤਿਵਾੜੀ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੇ ਮਹਾਜਨ, ਓਸਵਾਲ ਗਰੁੱਪ ਤੋਂ ਕਮਲ ਓਸਵਾਲ, ਸੋਨਾਲੀਕਾ ਤੋਂ ਜੇ.ਐਸ. ਚੌਹਾਨ, ਯੂ.ਆਈ.ਐਗਰੋ ਤੋਂ ਆਰ.ਪੀ. ਧਾਲੀਵਾਲ, ਡੀ.ਜੇ.ਬੀ. ਇਨਫਰਾ ਤੋਂ ਡਾ. ਆਰ. ਕੇ. ਆਨੰਦ, ਸਪੋਰਟਕਿੰਗ ਤੋਂ ਪ੍ਰਵੀਨ ਗੁਪਤਾ, ਕਾਰਗਿਲ ਤੋਂ ਅਚਵੁਤ ਇਯੇਂਗਰ, ਸ਼ਨੂਰ ਫੂਡਸ ਤੋਂ ਵਿਮਲ ਐਬਟ, ਪਿਕੈਡਲੀ ਤੋਂ ਕਾਰਤਿਕੇ ਸ਼ਰਮਾ, ਅਹੂਜਾ ਕਾਟਸਪਿੰਨ ਤੋਂ ਗੁਲਸ਼ਨ ਅਹੂਜਾ, ਡੀ.ਐਸ.ਐਮ ਤੋਂ ਦਲਬੀਰ ਸਿੰਘ, ਐਸ.ਟੀ. ਕਾਟਿਕਸ ਤੋਂ ਅਦਿੱਤਯ ਅਤੇ ਐਮ ਕੇਅਰ ਮੈਡੀਕਲ ਤੋਂ ਡਾ. ਅਦਿਤਯ ਹਾਜਿਰ ਸਨ।