ਟਾਂਡਾ, 14 ਸਤੰਬਰ (ਬਲਵੰਤ ਸਿੰਘ)-16 ਸਤੰਬਰ ਨੂੰ ਆਰੰਭ ਹੋਣ ਜਾ ਰਹੇ ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਨੂੰ ਲੈ ਕੇ ਜਿੱਥੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਥੇ ਇਸ ਅੰਮ੍ਰਿਤ ਪ੍ਰਵਾਅ ਦੇ ਵਿਸ਼ਾਲ ਕੁੰਭ ਅੰਦਰ ਨਤਮਸਤਕ ਹੋਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਤ ਬਾਬਾ ਬਲਵੰਤ ਸਿੰਘ ਵੱਲੋਂ ਚਲਾਈ 101 ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਇਸ ਮਰਯਾਦਾ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਦੇ ਉਪਰਾਲੇ ਸਦਕਾ ‘ਸਰਬੱਤ ਦੇ ਭਲੇ‘ ਦੀ ਅਰਦਾਸ ਬੇਨਤੀ ਨਾਲ ਇਹ ਸਮਾਗਮ 16 ਸਤੰਬਰ ਤੋਂ ਆਰੰਭ ਹੋਣਗੇ। 22 ਦਿਨਾਂ ਤੱਕ ਨਿਰੰਤਰ ਚੱਲਣ ਵਾਲੇ ਇਸ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ ਰੋਜ਼ਾਨਾ ਸ਼ਾਮ 7 ਵਜੇ ਤੋਂ
ਰਾਤ 10 ਵਜੇ ਤੱਕ ਗੁਰਮਤਿ ਸਮਾਗਮਾਂ ਅੰਦਰ ਪੁੱਜੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਇਸ ਲਈ ਜਿੱਥੇ ਪ੍ਰਬੰਧਕਾਂ ਨੇ ਪੂਰੇ ਟਾਂਡਾ ਸ਼ਹਿਰ ਨੂੰ ਰੁਸ਼ਨਾ ਦਿੱਤਾ ਹੈ। ਉਥੇ ਸੰਗਤਾਂ ਦੇ ਦੂਰੋਂ ਨੇੜਿਓ ਪੁੱਜਣ ਲਈ ਬੱਸਾਂ ਲੰਗਰ ਆਦਿ ਦਾ ਵੀ ਵੱਡੇ ਪੱਧਰ ‘ਤੇ ਪ੍ਰਬੰਧ ਕੀਤਾ ਗਿਆ ਹੈ।