June 16, 2026 2:51 am

ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕਸਣ ਦੀ ਤਿਆਰੀ

Page3_20ਚੰਡੀਗੜ੍ਹ, (ਪੀ. ਟੀ.)- ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਸੀਨੀਅਰ ਅਕਾਲੀ ਆਗੂਆਂ ਦੇ ਖਿਲਾਫ਼ ਚੱਲ ਰਹੇ ਇਤਰਾਜ਼ਯੋਗ ਮੁਹਿੰਮ ਨਾਲ ਨਿਪਟਣ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ਖਾਸ ਤੌਰ ’ਤੇ ਵਟਸਐਪ ਫੇਸਬੁੱਕ ਅਤੇ  ਟਵਿੱਟਰ ਦੀ ਬੜੀ ਬਰੀਕੀ ਨਾਲ ਜਾਂਚ ਕਰਨ ਅਤੇ ਉਨ੍ਹਾਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।ਪਿਛਲੇ ਮਹੀਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਇਸੜੂ ’ਚ ਜੁੱਤੀ ਸੁੱਟਣ ਦੀ ਘਟਨਾ ਮਗਰੋਂ ਸੋਸ਼ਲ ਮੀਡੀਆ ਖਾਸ ਤੌਰ ‘ਤੇ ਵਟਸਐਪ ‘ਤੇ ਕਈ ਇਤਰਾਜ਼ ਯੋਗ ਵੀਡੀਓ ਅਪਲੋਡ ਕੀਤੇ ਗਏ ਹਨ, ਜਿਨ੍ਹਾਂ ‘ਚ ਨਾ ਸਿਰਫ਼ ਇਸ ਘਟਨਾ ਨੂੰ ਸਹੀ ਠਹਿਰਾਇਆ ਗਿਆ ਹੈ, ਬਲਕਿ ਹੋਰਾਂ ਨੂੰ ਵੀ ਇੰਝ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਪੁਲਸ ਵਿਭਾਗ ਦੇ ਭਰੋਸੇਯੋਗ ਸੂਤਰਾਂ

ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵੀਡੀਓ ਜ਼ਿਆਦਾਤਰ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਵਲੋਂ ਅਪਲੋਡ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪੰਜਾਬ ‘ਚ ਵਟਸਐਪ ਦੇ ਰਾਹੀਂ ਇਕ ਮੋਬਾਈਲ ਤੋਂ ਦੂਜੇ ਮੋਬਾਈਲ ‘ਤੇ ਭੇਜਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਚਲਾਏ ਜਾ ਰਹੀ ਇਸ ਮੁਹਿੰਮ ‘ਚ ਮੁੱਖ ਮੰਤਰੀ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2014 ਦੀਆਂ ਲੋਕਸਭਾ ਚੋਣਾਂ ਵਿਚ ਸੋਸ਼ਲ ਮੀਡੀਆ ਦੀ ਜਮ ਕੇ ਵਰਤੋਂ ਕੀਤੀ ਗਈ ਸੀ। ਕਈ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਸਾਲ 2014 ਵਿਚ ਆਮ ਆਦਮੀ ਪਾਰਟੀ ਦੀਆਂ 4 ਸੀਟਾਂ ‘ਤੇ ਹੋਈ ਜਿੱਤ ਵਿਚ ਵਟਸਐਪ ਰਾਹੀਂ ਸੱਤਾਧਾਰੀ ਅਕਾਲੀ-ਭਾਜਪਾ ਦੇ ਵਿਰੁੱਧ ਕੀਤੇ ਗਏ ਪ੍ਰਚਾਰ ਅਤੇ ਉਸ ਦਾ ਅਕਸ ਖਰਾਬ ਕਰਨ ‘ਚ ਮੁੱਖ ਭੂਮਿਕਾ ਰਹੀ ਹੈ।
ਸਰਕਾਰ ਦਾ ਮੰਨਣਾ ਹੈ ਕਿ ਵਟਸਐਪ ‘ਤੇ ਸਰਕੂਲੇਟ ਹੋ ਰਹੀਆਂ ਕਈ ਵੀਡੀਓਜ਼ ਨਾ ਸਿਰਫ ਇਤਰਾਜ਼ਯੋਗ ਹਨ, ਬਲਕਿ ਅਪਮਾਨਜਨਕ, ਮਾਨਹਾਨੀ ਕਾਰਕ, ਭੜਕਾਊ, ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਨ ਵਾਲੀਆਂ ਹਨ। ਇਸ ਲਈ ਅਪਲੋਡ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਸ ਨੇ ਵਿਭਾਗ ਵਿਚ ਇਕ ਸੈੱਲ ਗਠਿਤ ਕੀਤਾ ਹੈ, ਜੋ ਅਜਿਹੇ ਇਤਰਾਜ਼ਯੋਗ ਵੀਡੀਓਜ਼ ਨੂੰ ਅਪਲੋਡ ਕਰਨ ਵਾਲਿਆਂ ਦੀ ਭਾਲ ‘ਚ ਜੁੱਟ ਗਿਆ ਹੈ।
ਇਸੇ ਦੌਰਾਨ ਪੁਲਸ ਨੇ ਆਪਣੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਪਣੇ ਮੋਬਾਈਲਾਂ ‘ਤੇ ਵਟਸਐਪ ਦੇਖਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਵਲੋਂ 8-9-14 ਨੂੰ ਜਾਰੀ ਕੀਤੇ ਗਏ ਸਰਕੂਲਰ ਨੰਬਰ – 12195-221/ਏ ਰਾਹੀਂ ਕਿਹਾ ਗਿਆ ਹੈ ਕਿ ‘ਮੇਰੇ ਨੋਟਿਸ ਵਿਚ ਇਹ ਆਇਆ ਹੈ ਕਿ ਆਮਤੌਰ ‘ਤੇ ਆਪਣੀ ਡਿਊਟੀ ਦੌਰਾਨ ਆਪਣੀ ਡਿਊਟੀ ਦੀ ਅਹਿਮੀਅਤ ਨੂੰ ਨਾ ਸਮਝਦਿਆਂ ਮੋਬਾਈਲ ਫ਼ੋਨਾਂ ਦੇ ਰਾਹੀਂ ਬਿਨਾਂ ਕਾਰਨ ਵਟਸਐਪ, ਇੰਟਰਨੈੱਟ ਆਦਿ ‘ਤੇ ਲੱਗੇ ਰਹਿੰਦੇ ਹਨ। ਇਥੋਂ ਤੱਕ ਕਿ ਇਨ੍ਹਾਂ ਕੋਲੋਂ ਸੀਨੀਅਰ ਅਧਿਕਾਰੀ ਨਿਕਲ ਜਾਂਦੇ ਹਨ ਅਤੇ ਇਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਅਜਿਹੇ ਕਰਮਚਾਰੀ ਆਪਣੀ ਡਿਊਟੀ ਵਿਚ ਕੋਤਾਹੀ ਵਰਤਦੇ ਹਨ, ਜੋ ਪੁਲਸ ਵਿਭਾਗ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਹੈ। ਇਸ ਲਈ ਅੱਗੇ ਤੋਂ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਰਮਚਾਰੀ ਆਪਣੀ ਡਿਊਟੀ ਨੂੰ ਛੱਡ ਕੇ ਬਿਨਾਂ ਕਾਰਨ ਵਟਸਐਪ ਜਾਂ ਇੰਟਰਨੈੱਟ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਹੁਕਮ ਦੀ ਪੂਰੀ ਪਾਲਣਾ ਕੀਤੀ ਜਾਵੇ।‘

Send this to a friend