June 17, 2026 7:47 am

60ਵੀਆਂ ਕੌਮੀ ਸਕੂਲ ਖੇਡਾਂ ਦੀ ਮੇਜ਼ਬਾਨੀ ਕਰੇਗਾ ਪੰਜਾਬ: ਡਾ.ਚੀਮਾ

ਸਮੂਹ ਰਾਜਾਂ ਦੇ 4000 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ
Page-1_14 ਚੰਡੀਗੜ੍ਹ, 10 ਸਤੰਬਰ (ਪੀ. ਟੀ)- ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਇਸ ਸਾਲ ਨਵੰਬਰ ਮਹੀਨੇ ਪੰਜਾਬ 6 ਖੇਡ ਮੁਕਾਬਲਿਆਂ ਦੀਆਂ ਕੌਮੀ ਸਕੂਲ ਖੇਡਾਂ ਦੀ ਮੇਜ਼ਬਾਨੀ ਕਰੇਗਾ। 60ਵੀਆਂ ਕੌਮੀ ਸਕੂਲ ਖੇਡਾਂ ਵਿੱਚ 4000 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਜਿਨ੍ਹਾਂ ਦੇ ਮੁਕਾਬਲੇ ਦੋ ਪੜਾਵਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੇ ਬਠਿੰਡਾ ਵਿਖੇ ਕਰਵਾਏ ਜਾਣਗੇ।        ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਡਾ. ਚੀਮਾ ਨੇ ਦੱਸਿਆ ਕਿ ਪੰਜਾਬ ਨੂੰ 60ਵੀਂ ਕੌਮੀ ਸਕੂਲ ਖੇਡਾਂ ਦੀਆਂ ਛੇ ਖੇਡ ਵੰਨਗੀਆਂ ਗੱਤਕਾ, ਹੈਂਡਬਾਲ, ਮੁੱਕੇਬਾਜ਼ੀ, ਕਬੱਡੀ (ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ ਦੋਵੇਂ) ਅਤੇ ਡਾਜ਼ਬਾਲ ਦੀ ਮੇਜ਼ਬਾਨੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਸਕੂਲ ਖੇਡਾਂ ਦੀ ਮੇਜ਼ਬਾਨੀ ਸਬੰਧੀ ਉਹ ਇਸੇ ਮਹੀਨੇ ਵਿਭਾਗ ਦੇ

ਖੇਡ ਅਧਿਕਾਰੀਆਂ ਨਾਲ ਮੀਟਿੰਗ ਲੈਣਗੇ ਜਿਸ ਵਿੱਚ ਖੇਡਾਂ ਦੇ ਸਫਲਤਾਪੂਰਵਕ ਆਯੋਜਨ ਲਈ ਸਮੂਹ ਸਹਾਇਕ ਸਿੱਕਿਆ ਅਧਿਕਾਰੀਆਂ (ਖੇਡਾਂ) ਦੀਆਂ ਡਿਊਟੀਆਂ ਲਾਈਆਂ ਜਾਣਗੀਆਂ। ਡਿਪਟੀ ਡਾਇਰੈਕਟਰ (ਖੇਡਾਂ) ਸ੍ਰੀ ਸਰਬਜੀਤ ਸਿੰਘ ਤੂਰ ਨੂੰ ਇਹ ਮੀਟਿੰਗ ਇਸੇ ਮਹੀਨੇ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
        ਖੇਡਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ 13 ਤੋਂ 18 ਨਵੰਬਰ 2014 ਤੱਕ 60ਵੀਂ ਕੌਮੀ ਸਕੂਲੀ ਖੇਡਾਂ ਦੇ ਹੈਂਡਬਾਲ ਦੇ ਅੰਡਰ-19 (ਮੁੰਡੇ ਤੇ ਕੁੜੀਆਂ), ਗੱਤਕਾ ਦੇ ਅੰਡਰ-19 (ਮੁੰਡੇ ਤੇ ਕੁੜੀਆਂ) ਮੁੱਕੇਬਾਜ਼ੀ ਦੇ ਅੰਡਰ 14 ਤੇ 17 (ਮੁੰਡੇ) ਅਤੇ ਨੈਸ਼ਨਲ ਸਟਾਈਲ ਕਬੱਡੀ ਅੰਡਰ-19 (ਮੁੰਡੇ ਤੇ ਕੁੜੀਆਂ) ਮੁਕਾਬਲੇ ਕਰਵਾਏ ਜਾਣਗੇ। ਦੂਜੇ ਪੜਾਅ ਵਿੱਚ ਬਠਿੰਡਾ ਵਿਖੇ 20 ਤੋਂ 25 ਨਵੰਬਰ ਤੱਕ ਡਾਜ਼ਬਾਲ ਦੇ ਅੰਡਰ-19 (ਮੁੰਡੇ ਤੇ ਕੁੜੀਆਂ) ਅਤੇ ਸਰਕਲ ਸਟਾਈਲ ਕਬੱਡੀ ਦੇ ਅੰਡਰ 17 ਤੇ 19 (ਮੁੰਡੇ) ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸਮੂਹ ਰਾਜਾਂ ਦੇ 4000 ਦੇ ਕਰੀਬ ਖਿਡਾਰੀ ਹਿੱਸਾ ਲੈਣਗੇ।

Send this to a friend