ਚੰਡੀਗੜ੍ਹ, 10 ਸਤੰਬਰ: ਪੰਜਾਬ ਸਰਕਾਰ ਵੱਲੋਂ 43 ਤਹਿਸੀਲ ਭਲਾਈ ਅਫਸਰਾਂ ਦੀ ਭਰਤੀ ਬਹੁਤ ਜਲਦ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਪ੍ਰਕਿਰਿਆ ਭਲਾਈ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਭਰਤੀ ਸਬੰਧੀ ਸਭ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਤਹਿਸੀਲ ਭਲਾਈ ਅਫਸਰਾਂ ਦੀ ਭਰਤੀ ਤੋਂ ਬਾਅਦ ਹੇਠਲੇ ਪੱਧਰ ਤੱਕ ਕੰਮ ਹੋਰ ਸੁਚਾਰੂ ਹੋ ਜਾਵੇਗਾ। ਇੱਥੇ ਭਲਾਈ ਵਿਭਾਗ ਦੇ ਸਕੱਤਰ ਮੈਡਮ ਸੀਮਾ ਜੈਨ ਅਤੇ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਸ੍ਰੀ ਰਣੀਕੇ ਨੇ ਵਿਭਾਗ ਦੇ ਹੋਰਨਾਂ ਕੰਮਾਂ ਸਬੰਧੀ ਵੀ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਗਨ ਸਕੀਮ ਤਹਿਤ ਫਰਵਰੀ 2014 ਤੋਂ ਲੈ ਕੇ ਹੁਣ ਤੱਕ 20,328 ਲਾਭਪਾਤਰੀਆਂ ਨੂੰ 30.49 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।