ਚੰਡੀਗੜ•, 10 ਸਤੰਬਰ (ਪੀ. ਟੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਚਿੱਠੀ ਨੂੰ ਲੈ ਕੇ ਕਾਂਗਰਸ ਵੱਲੋਂ ਪਾਈ ਜਾ ਰਹੀ ਕਾਵਾਂ ਰੌਲੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਸ੍ਰੀ ਜੇਤਲੀ ਨੇ ਤਾਂ ਪੰਜਾਬ ਨੂੰ ਭਰੋਸਾ ਦੁਆਇਆ ਹੈ ਕਿ 14ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਮਗਰੋਂ ਪੰਜਾਬ ਦਾ ਕੇਸ ਪੈਕੇਜ ਲਈ ਵਿਚਾਰਿਆ ਜਾਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਵੱਲੋਂ ਆਪਣੇ ਰਾਜ ਦੇ ਪਹਿਲੇ ਹੀ 100 ਦਿਨਾਂ ਵਿਚ ਪੰਜਾਬ ਲਈ ਮਨਜ਼ੂਰ ਕੀਤੇ ਪ੍ਰਾਜੈਕਟਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕਾਵਾਂ ਰੌਲੀ ਪਾ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ 100 ਦਿਨਾਂ ਵਿਚ ਆਈ ਆਈ ਐਮ ਜ¦ਧਰ, ਸਮਾਰਟ ਸਿਟੀ ਅੰਮ੍ਰਿਤਸਰ, ਮੈਗਾ ਫੂਡ ਪਾਰਕ ਫਾਜ਼ਿਲਕਾ, 2000 ਮੈਗਾਵਾਟ
ਦਾ ਸੌਰ ਊਰਜਾ ਪ੍ਰਾਜੈਕਟ, ਰਾਜ ਦੇ ਥਰਮਲ ਪਲਾਂਟਾਂ ਲਈ 10 ਲੱਖ ਟਨ ਕੋਲਾ ਅਤੇ 8 ਹਜ਼ਾਰ ਕਰੋੜ ਰੁਪਏ ਦੇ ਸੜਕਾਂ ਨੂੰ ਚਹੁੰ ਮਾਰਗੀ ਕਰਨ ਦੇ ਪ੍ਰਾਜੈਕਟ ਮਨਜ਼ੂਰ ਕਰਨ ਦੇ ਨਾਲ ਨਾਲ 2526 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਨੂੰ ਪ੍ਰਦਾਨ ਕੀਤੀ ਹੈ। ਅਕਾਲੀ ਨੇਤਾ ਨੇ ਕਿਹਾ ਕਿ ਇਕੱਲੇ ਉਹਨਾਂ ਦੇ ਹਲਕੇ ਡੇਰਾਬਸੀ ਲਈ 300 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਮੋਦੀ ਸਰਕਾਰ ਨੇ ਮਨਜ਼ੂਰ ਕੀਤੇ ਹਨ।