ਭਾਦਸੋਂ, 7 ਸਤੰਬਰ (ਅਜੇ ਗੋਇਲ)- ਹਲਕਾ ਨਾਭਾ ਦੇ ਦਰਜਨਾਂ ਪਿੰਡਾਂ ‘ਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਨੇ ਨੀਲਾ ਕਾਰਡ ਬਨਣ ਦੀ ਪ੍ਰਕਿਰਿਆ ਵਿੱਚ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣੀ ਸੁਰੂ ਕਰ ਦਿੱਤੀ ਹੈ । ਭਾਦਸੋਂ ਵਿੱਖੇ ਅਕਾਲੀ ਸਰਕਾਰ ਤੇ ਵਰ੍ਹਦਿਆਂ ਹਲਕਾ ਵਿਧਾਇਕ ਸਾਧੂ ਸਿੰਘ ਨੇ ਕਿਹਾ ਕਿ ਸਰਕਾਰ ਭਾਵੇਂ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੀ ਨੀਲਾ ਕਾਰਡ ਬਣਵਾ ਦੇਵੇ ਸਾਨੂੰ ਕੋਈ ਇਤਰਾਜ ਨਹੀਂ ਪਰ ਕਿਸੇ ਗਰੀਬ ਆਦਮੀ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਕਿਸੇ ਆਗੂ ਨੂੰ ਉਹ ਚੈਨ ਨਾਲ ਨਹੀਂ ਬੈਠਣ ਦੇਣਗੇ । ਉਨ•ਾਂ ਇਲਜਾਮ ਲਾਇਆ ਕਿ ਹਰ ਪਿੰਡ ਵਿੱਚ ਅਕਾਲੀ ਆਗੂਆਂ ਨੇ ਨਿਯਮਾਂ ਨੂੰ ਪੈਰਾਂ ਥੱਲੇ ਰੌਂਦਦੇ ਹੋਏ ਅਪਣੇ ਚਹੇਤਿਆਂ ਦੇ ਨੀਲੇ ਕਾਰਡ ਬਣਵਾਏ ਹਨ ਜਿਸ ਲਈ ਸਿੱਧੇ ਤੌਰ ਤੇ ਅਕਾਲੀਆਂ ਦੀ ਕੱਠਪੁਤਲੀ ਵਜੋਂ ਕੰਮ ਕਰ ਰਹੇ ਪ੍ਰਸ਼ਾਸ਼ਨਿਕ ਅਧਿਕਾਰੀ ਜਿੰਮੇਵਾਰ ਹਨ ।
ਇਸ ਮੌਕੇ ਪਿੰਡ ਬਹਿਬਲਪੁਰ ਦੇ 60 ਪਰਿਵਾਰਾਂ ਨੇ ਵਿਧਾਇਕ ਨੂੰ ਆਟਾ ਦਾਲ ਕਾਰਡ ਤੋਂ ਵਾਂਝੇ ਰਹਿ ਜਾਣ ਦੀ ਸ਼ਿਕਾਇਤ ਕੀਤੀ ਤੇ ਵਧੀਕੀ ਦਾ ਸ਼ਿਕਾਰ ਪਰਿਵਾਰਾਂ ਦੀ ਲਿਸਟ ਦਿੱਤੀ । ਬਹਿਬਲਪੁਰ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜਿਨ•ਾਂ ਵਿਅਕਤੀਆਂ ਦੇ ਨੀਲੇ ਕਾਰਡ ਬਣਾਏ ਗਏ ਹਨ ਉਨ•ਾਂ ਚੋਂ ਕਈ ਜਮੀਨ,ਕੰਬਾਇਨਾਂ ਦੇ ਮਾਲਕ ਹਨ ਤੇ ਕਈ ਸਾਂਝੇ ਪਰਿਵਾਰਾਂ ਵਿੱਚ ਕਈ ਕਈ ਮੈਂਬਰਾਂ ਦੇ ਵੱਖਰੇ ਨੀਲੇ ਕਾਰਡ ਬਣਾਏ ਗਏ ਹਨ ।
ਸਾਧੂ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਨੂੰ ਲੈ ਕੇ ਗਰੀਬ ਜਨਤਾ ਨਾਲ ਕਿਸੇ ਕਿਸਮ ਦਾ ਧ੍ਰੋਹ ਕਮਾਇਆ ਜਾਂਦਾ ਹੈ ਤਾਂ ਸਰਕਾਰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ । ਇਸ ਮੌਕੇ ਉਨ•ਾਂ ਨਾਲ ਪਰਮਜੀਤ ਸਿੰਘ ਖੱਟੜਾ ਬਲਾਕ ਕਾਂਗਰਸ ਪ੍ਰਧਾਨ ਨਾਭਾ, ਚੁੰਨੀ ਲਾਲ ਜਿਲਾ ਜਨਰਲ ਸਕੱਤਰ, ਹਰਬੰਸ ਸਿੰਘ ਰੈਸਲ, ਜਰਨੈਲ ਸਿੰਘ ਅਕਾਲਗੜ,ਗੁਰਮੀਤ ਸਿੰਘ ਖਨੌੜਾ ਤੇ ਸੁਖਜੀਵਨ ਭੋਲਾ ਹਾਜਰ ਸਨ ।