ਪਟਿਆਲਾ, 4 ਸਤੰਬਰ (ਅਜੇ ਗੋਇਲ)- ਵਿਜੀਲੈਂਸ ਬਿਊਰੋ ਪਟਿਆਲਾ ਨੇ ਐਸ. ਐਸ. ਪੀ. ਹਰਪ੍ਰੀਤ ਸਿੰਘ ਅਤੇ ਡੀ. ਐਸ. ਪੀ. ਕੇ. ਡੀ. ਸ਼ਰਮਾ ਦੀ ਅਗਵਾਈ ਹੇਠ ਥਾਣਾ ਮੂਣਕ ਦੇ ਏ. ਐਸ. ਆਈ. ਰਣਦੀਪ ਸਿੰਘ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਅਨੁਸਾਰ ਇਸ ਸੰਬੰਧੀ ਜੁਗਰਾਜ ਸਿੰਘ ਪੁੱਤਰ ਲਾਭ ਸਿੰਘ ਪਿੰਡ ਭਖੜਿਆਲ ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੀ. ਆਰ. ਟੀ. ਸੀ. ਵਿਚ ਠੇਕੇ ’ਤੇ ਡਰਾਈਵਰੀ ਕਰਦਾ ਹੈ। 25 ਅਗਸਤ ਨੂੰ ਪੀ. ਆਰ. ਟੀ. ਸੀ. ਦੇ ਸੁਖਦਰਸ਼ਨ ਸਿੰਘ ਕੰਡਕਟਰ ਆਦਿ ਨਾਲ ਉਸ ਦਾ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਏ. ਐਸ. ਆਈ. ਰਣਦੀਪ ਸਿੰਘ ਨੇ ਜੁਗਰਾਜ ਸਿੰਘ ਦੇ ਖਿਲਾਫ 26 ਅਗਸਤ ਨੂੰ ਅਧੀਨ ਧਾਰਾ 341, 323,
506 ਅਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਦਿੱਤਾ ਸੀ। ਦੋਨਾਂ ਧਿਰਾਂ ਵਿਚ ਰਾਜੀਨਾਮਾ ਹੋਣ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਭਰਨ ਦੇ ਬਦਲੇ ਏ. ਐਸ. ਆਈ. ਰਣਦੀਪ ਸਿੰਘ ਨੇ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਅਤੇ 18 ਹਜ਼ਾਰ ਵਿਚ ਸੌਦਾ ਤੈਅ ਹੋ ਗਿਆ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਾਉਂਦੇ ਹੋਏ ਇੰਸ. ਪਰਮਜੀਤ ਕੁਮਾਰ ਵਿਜੀਲੈਂਸ ਬਿਊਰੋ ਪਟਿਆਲਾ ਨੇ ਆਪਦੀ ਟੀਮ ਸਮੇਤ ਏ. ਐਸ. ਆਈ. ਰਣਦੀਪ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਰਿਸ਼ਵਤ ਵਾਲੇ 18 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ।