ਬੁਲੇਟ ਟਰੇਨ ਚਲਾਉਣ ਲਈ ਕੀਤੀ ਜਾਵੇਗੀ ਮਦਦ
ਟੋਕੀਓ, 1 ਸਤੰਬਰ (ਪੀ. ਟੀ)- ਭਾਰਤ ਅਤੇ ਜਾਪਾਨ ਵਿਚਾਲੇ ਦੁਵੱਲੇ ਸੁਰੱਖਿਆ ਅਤੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਲਈ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜੋ ਅਬੇ ਨਾਲ ਗੱਲਬਾਤ ਹੋਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਕਈਂ ਸਮਝੌਤੇ ਹੋਏ। ਇਸ ਦੌਰਾਨ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਉਹ ਬੁਲਟ ਟਰੇਨ ਚਲਾਉਣ ਵਿੱਚ ਭਾਰਤ ਦੀ ਮਦਦ ਕਰਨਗੇ ਅਤੇ ਨਾਲ ਹੀ ਆਰਥਿਕ ੱਅਤੇ ਸੱਭਿਆਚਾਰਕ ਪੱਧਰਾਂ ’ਤੇ ਸਾਕਾਰਾਤਮਕ ਕਾਰਜ ਕਰਨ ਵਿੱਚ ਸਹਿਯੋਗ ਦੇਣਗੇ। ਜਾਪਾਨ ਦੇ ਪ੍ਰਧਾਨ ਮੰਤਰੀ ਸਿੱਖਿਆ ਅਤੇ ਖੋਜ ਵਿੱਚ ਵੀ ਮਦਦ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸ੍ਰੀ ਮੋਦੀ ਨੇ ਜਾਪਾਨ ਦੇ ਨਾਲ ਸਬੰਧਾਂ ਨੂੰ ਭਵਿੱਖ ਦੇ ਲਈ
ਅਤਿਅੰਤ ਲਾਭਕਾਰੀ ਦੱਸਿਆ. ਉਨ੍ਹਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਸ੍ਰੀ ਅਬੇ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਪਾਨ ਨੇ ਬਿਲਕੁਲ ਨਵੇਂ ਪੱਧਰ ’ਤੇ ਸਾਂਝੇਦਾਰੀ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਮੌਕੇ ਜਾਣਕਾਰੀ ਦਿੱਤੀ ਕਿ ਜਾਪਾਨ ਵੱਲੋਂ ਭਾਰਤ ਵਿੱਚ ਅਗਲੇ ਪੰਜ ਸਾਲਾਂ ’ਚ 2 ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਲਗਾਏ ਜਾਣਗੇ। ਇਸ ਤੋਂ ਪਹਿਲਾਂ ਦੌਰੇ ’ਤੇ ਪੁੱਜੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟੋਕੀਓ ’ਚ ਕਾਰੋਬਾਰੀਆਂ ਦੇ ਸਮਾਰੋਹ ‘ਚ ਜਾਪਾਨ ਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਜਾਪਾਨ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਉਨ੍ਹਾਂ ਨੇ ਕਿਹਾ ਕਿ ਜਾਪਾਨ ਤੋਂ ਉਨ੍ਹਾਂ ਨੇ ਬਹੁਤ ਕੁੱਝ ਸਿੱਖਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੀ ਵਾਗਡੋਰ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਜਾਪਾਨ ਦੀ ਕਾਰਜ ਸ਼ੈਲੀ ਪੀਐਮਓ ‘ਚ ਲਾਗੂ ਕੀਤੀ। ਦੋਵਾਂ ਦੇਸ਼ਾਂ ਦੇ ‘ਚ ਕਾਰੋਬਾਰੀ ਰਿਸ਼ਤਿਆਂ ਨੂੰ ਵਧਾਉਣ ਦਾ ਜ਼ਿਕਰ ਕਰਦੇ ਹੋਏ ਪੀਐਮ ਨੇ ਕਿਹਾ ਕਿ ਇੱਕ ਗੁਜਰਾਤੀ ਹੋਣ ਦੇ ਨਾਤੇ ਵਪਾਰ ਤੇ ਪੈਸਾ ਉਨ੍ਹਾਂ ਦੇ ਖ਼ੂਨ ‘ਚ ਹੈ। ਦੋਵਾਂ ਦੇਸ਼ਾਂ ਦੇ ‘ਚ ਹਰ ਖੇਤਰ ‘ਚ ਸਹਿਯੋਗ ਦੀ ਵਕਾਲਤ ਕਰਦੇ ਹੋਏ ਪੀਐਮ ਨੇ ਕਿਹਾ ਕਿ 21ਵੀ ਸਦੀ ਏਸ਼ੀਆ ਦੀ ਸਦੀ ਹੈ ਤੇ ਇਸਦਾ ਭਵਿੱਖ ਭਾਰਤ ਤੇ ਜਾਪਾਨ ਹੀ ਮਿਲਕੇ ਤੈਅ ਕਰਨਗੇ। ਪੀਐਮ ਨੇ ਊਰਜਾ, ਵਾਤਾਵਰਨ, ਰਿਸਰਚ ਦੇ ਖੇਤਰ ‘ਚ ਜਾਪਾਨ ਨੂੰ ਸਹਿਯੋਗ ਦੀ ਅਪੀਲ ਕੀਤੀ। ਮੋਦੀ ਨੇ ਕਿਹਾ ਕਿ ਵਿਸਤਾਰਵਾਦ ਨਹੀਂ ਵਿਕਾਸਵਾਦ ਦੇ ਨਾਲ ਦੋਵੇਂ ਦੇਸ਼ ਅੱਗੇ ਵਧਣਗੇ। ਅੱਜ ਕਈ ਸਮਝੌਤਿਆਂ ‘ਤੇ ਵੀ ਦਸਤਖ਼ਤ ਕੀਤੇ ਜਾਣਗੇ।
ਜਾਪਾਨ ਦੇ ਨਿਵੇਸ਼ਕਾਂ ਨੂੰ ਸੱਦਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਪਾਨ ਦੇ ਨਿਵੇਸ਼ਕਾਂ ਨੂੰ ਭਾਰਤ ਆਉਣ ਦਾ ਸੱਦਾ ਦਿੰਦਿਆਂ ਤਜਵੀਜ਼ਾਂ ਨੂੰ ਤੇਜ਼ੀ ਨਾਲ ਮਨਜ਼ੂਰ ਕਰਨ ਦਾ ਵਾਅਦਾ ਕੀਤਾ ਤੇ ਨਿਵੇਸ਼ ਨੂੰ ਸੁਖਾਲਾ ਬਣਾਉਣ ਲਈ ਪ੍ਰਧਾਨ ਮੰਤਰੀ ਦਫ਼ਤਰ ਤਹਿਤ ਫ਼ੈਸਲਾ ਲੈਣ ਵਾਲੀ ਟੀਮ ‘ਚ ਦੋ ਜਪਾਨ ਦੇ ਪ੍ਰਤੀਨਿਧਾਂ ਨੂੰ ਨਾਮਜ਼ਦ ਕਰਨ ਦੀ ਤਜਵੀਜ਼ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਰੇਲਵੇ ‘ਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਤੇ ਰੱਖਿਆ ਤੇ ਬੀਮਾ ਖੇਤਰਾਂ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਉਣ ਦੀ ਇਜਾਜ਼ਤ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਦਲੇਰੀ ਭਰੇ ਫ਼ੈਸਲੇ ਲੈਣ ਵਾਸਤੇ ਕਾਨੂੰਨਾਂ ‘ਚ ਤਬਦੀਲੀ ਕੀਤੀ ਜਾਵੇਗੀ। ਭਾਰਤ ਤੋਂ ਉੱਚ ਪੱਧਰੀ ਵਫ਼ਦ ਨਾਲ ਗਏ ਪ੍ਰਧਾਨ ਮੰਤਰੀ ਨੇ ਜਪਾਨੀ ਵਪਾਰੀਆਂ ਤੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਦੇਰੀ ਦੀਆਂ ਗੱਲਾਂ ਨੂੰ ਖ਼ਤਮ ਕਰਨ ਲਈ ਨੀਤੀ ਮੁਤਾਬਿਕ ਫ਼ੈਸਲੇ ਲਏ ਜਾਣਗੇ ਤੇ ਉਨ੍ਹਾਂ ਨਿਵੇਸ਼ ਖ਼ਾਸਕਰ ਬੁਨਿਆਦੀ ਢਾਂਚੇ ਤੇ ਸਾਫ਼ ਸੁਥਰੀ ਊਰਜਾ ਦੇ ਖੇਤਰ ‘ਚ ਨਿਵੇਸ਼ ਦਾ ਸੱਦਾ ਦਿੱਤਾ। ਜਪਾਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟਰੀ ਨਿਪਨ ਕੇਦਾਨਰੇਨ ਤੇ ਜਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਵੱਲੋਂ ਦਿੱਤੇ ਦੁਪਹਿਰ ਦੇ ਖਾਣੇ ਮੌਕੇ ਚੋਟੀ ਦੇ ਵਪਾਰਕ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੰਗੇ ਪ੍ਰਸ਼ਾਸਨ ਨੂੰ ਪਹਿਲ ਦੇ ਰਹੇ ਹਨ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਵਿਕਾਸ ਯਕੀਨੀ ਬਣਾਉਣ ਦੇ ਲਿਹਾਜ਼ ਨਾਲ ਜਪਾਨ ਵਿਚ ਬੇਹੱਦ ਹਰਮਨ-ਪਿਆਰੇ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਉਂਤਬੰਦੀ ਵਿਕਾਸ ਨੂੰ ਅੱਗੇ ਵਧਾਉਣ ਦੇ ਮਾਮਲੇ ‘ਚ ਚੰਗੀ ਗੁਣਵੱਤਾ, ਨੁਕਸ ਰਹਿਤ ਤੇ ਡਲਿਵਰੀ ਪ੍ਰਣਾਲੀ ਦੇ ਸਬੰਧ ‘ਚ ਜਪਾਨ ਦੀ ਨਕਲ ਕਰਨੀ ਚਾਹੁੰਦਾ ਹੈ।