ਚੰਡੀਗੜ੍ਹ, 27 ਅਗਸਤ (ਪੀ. ਟੀ)- ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੀ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੇ ਪ੍ਰਗਤੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਸ. ਸਰਵਣ ਸਿੰਘ ਫਿਲੌਰ, ਵਿਭਾਗ ਦੀ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਸ੍ਰੀ ਨਵਜੋਤ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਅਮਿਤ ਢਾਕਾ, ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਆਰ.ਐਲ. ਕਲਸੀਆ ਤੋਂ ਇਲਾਵਾ ਹੋਰਨਾਂ ਬੁੱਧੀਜੀਵੀਆਂ ਅਤੇ
ਵਿਦਵਾਨਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਸਬੰਧੀ ਬਣਾਈ ਗਈ ਕਨਸੈਪਟ ਕਮੇਟੀ ਵੱਲੋਂ ਘੜੇ ਗਏ ਕਨਸੈਪਟ ਪੇਪਰ ’ਤੇ ਵਿਸਥਾਰਤ ਚਰਚਾ ਕੀਤੀ ਗਈ। ਮੰਤਰੀ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਦੇਸ਼ ਦੇ ਉੱਘੇ ਇਤਿਹਾਸਕਾਰਾਂ ਕੋਲੋਂ ਕਨਸੈਪਟ ਪੇਪਰ ਬਾਰੇ ਵਿਚਾਰ ਅਤੇ ਇਤਰਾਜ਼ ਮੰਗੇ ਜਾਣ ਅਤੇ ਜੇਕਰ ਇਸ ਸਬੰਧੀ ਕੋਈ ਇਤਰਾਜ਼ ਦਾਖਲ ਨਹੀਂ ਕੀਤਾ ਜਾਂਦਾ ਤਾਂ ਕਨਸੈਪਟ ਪੇਪਰ ਨੂੰ ਆਖਰੀ ਪ੍ਰਵਾਨਗੀ ਲਈ ਮੈਮੋਰੀਅਲ ਦੀ ਸਥਾਪਨਾ ਲਈ ਕੀਤੀ ਜਾਣ ਵਾਲੀ ਫਾਊਡੇਸ਼ਨ ਮੀਟਿੰਗ ਵਿੱਚ ਪਾਸ ਕੀਤਾ ਜਾਵੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਲਈ ਜ਼ਮੀਨ ਐਕਵਾਇਰ ਕਰਨ ਲਈ ਗੱਲਬਾਤ ਕੀਤੀ ਗਈ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ 10 ਏਕੜ ਜ਼ਮੀਨ ਇਸ ਕਾਰਜ ਲਈ ਐਕਵਾਇਰ ਕੀਤੀ ਗਈ ਹੈ ਜਦੋਂ ਕਿ ਤਿੰਨ ਏਕੜ ਵਾਧੂ ਜ਼ਮੀਨ ਪਿੰਡ ਖੁਰਾਲਗੜ੍ਹ ਦੀ ਪੰਚਾਇਤ ਕੋਲ ਪਈ ਹੈ। ਸ. ਠੰਡਲ ਨੇ ਇਹ ਸੁਝਾਅ ਵੀ ਦਿੱਤਾ ਕਿ ਕਿਉਂਕਿ ਗੁਰੂ ਰਵਿਦਾਸ ਮੈਮੋਰੀਅਲ ਇਕ ਵਿਸ਼ਵ ਪ੍ਰਸਿੱਧੀ ਵਾਲੀ ਯਾਦਗਾਰ ਹੋਵੇਗੀ, ਇਸ ਲਈ ਇਸ ਯਾਦਗਾਰ ਤੱਕ ਪਹੁੰਚਣ ਵਾਲੇ ਪਹੁੰਚ ਮਾਰਗਾਂ ਦੀਆਂ ਸੜਕਾਂ ਸ਼ਾਨਦਾਰ ਅਤੇ ਚੌੜੀਆਂ ਕੀਤੀਆਂ ਹਨ ਤਾਂ ਜੋ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਇਸ ਸਥਾਨ ’ਤੇ ਪੁੱਜਣ ਲਈ ਕਿਸੇ ਪ੍ਰਕਾਰ ਦੀ ਔਕੜ ਨਾ ਆਵੇ। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਕਨਸੈਪਟ ਪੇਪਰ ਨੂੰ ਅੰਤਿਮ ਰੂਪ ਦੇਣ ਮਗਰੋਂ ਯਾਦਗਾਰ ਦੀ ਉਸਾਰੀ ਲਈ ਕੰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਪ੍ਰਵਾਨਗੀ ਲਈ ਜਾਵੇ।



