ਬਠਿੰਡਾ, 19 ਅਗਸਤ (ਮਨਦੀਪ ਅਗਰੋਈਆ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮੌੜ-ਤਲਵੰਡੀ ਸਾਬੋ-ਰਾਮਾਮੰਡੀ ਨਵੇਂ ਰੇਲ ਲਿੰਕ ਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਸ਼੍ਰੀਮਤੀ ਬਾਦਲ ਵਲੋਂ ਕੇਂਦਰੀ ਰੇਲ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ ਹੈ।ਕੇਂਦਰੀ ਰੇਲ ਮੰਤਰੀ ਵਲੋਂ ਇਸ ਸਬੰਧੀ ਸ੍ਰੀਮਤੀ ਬਾਦਲ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਨਵੇਂ ਰੇਲ ਲਿੰਕ ਸਬੰਧੀ ਅੰਤਿਮ ‘ਲੋਕੇਸ਼ਨ ਸਰਵੇ’ ਸ਼ੁਰੂ ਹੋ ਚੁੱਕਾ ਹੈ, ਜੋ ਕਿ 5 ਮਹੀਨਿਆਂ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ।ਸ੍ਰੀਮਤੀ ਬਾਦਲ ਨੇ ਕਿਹਾ ਕਿ ਰੇਲ ਮੰਤਰਾਲੇ ਵਲੋਂ ਦਿਖਾਈ ਗਈ ਫਰਾਖਦਿਲੀ ਐਨ.ਡੀ.ਏ. ਤੇ ਯੂ.ਪੀ.ਏ. ਸਰਕਾਰ ਦੇ ਪੰਜਾਬ ਪ੍ਰਤੀ ਰਵੱਈਏ ਨੂੰ ਸਪੱਸ਼ਟ ਰੂਪ ਵਿਚ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਦਿੱਲੀ
ਤੇ ਬਠਿੰਡਾ ਦਰਮਿਆਨ ਸ਼ਤਾਬਦੀ ਸ਼ੁਰੂ ਕਰਵਾਉਣ ਲਈ ਅਸੀਂ 10 ਸਾਲ ਬੇਨਤੀਆਂ ਕਰਦੇ ਰਹੇ ਪਰ ਯੂ.ਪੀ.ਏ. ਸਰਕਾਰ ਨੇ ਪੰਜਾਬ ਦੀ ਇਸ ਵਾਜਿਬ ਮੰਗ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ’। ਉਨ੍ਹਾਂ ਕਿਹਾ ਕਿ ਭਾਵੇਂ ਯੂ.ਪੀ.ਏ. ਸਰਕਾਰ ਦੌਰਾਨ ਅਨੇਕ੍ਯਾਂ ਕੇਂਦਰੀ ਮੰਤਰੀ ਪੰਜਾਬ ਨਾਲ ਸਬੰਧਿਤ ਸਨ, ਪਰ ਉਹ ਕੋਈ ਵੀ ਪ੍ਰਾਜੈਕਟ ਲਿਆਉਣ ਵਿਚ ਨਾਕਾਮ ਰਹੇ।
ਉਨ੍ਹਾਂ ਕਿਹਾ ਕਿ ਰੇਲ ਤੇ ਆਮ ਬਜਟ ਦੌਰਾਨ ਪੰਜਾਬ ਲਈ ਐਲਾਨੇ ਗਏ ਪ੍ਰਾਜੈਕਟਾਂ ਨੇ ਪੰਜਾਬ ਨਾਲ ਵਿਤਕਰੇ ਭਰਿਆ ਦੌਰ ਖਤਮ ਕਰ ਦਿੱਤਾ ਹੈ।



