ਨਵੀਂ ਦਿੱਲੀ, 18 ਅਗਸਤ (ਪੀ. ਟੀ)- ਕਾਂਗਰਸ ਤੇ ਸਮਾਜਵਾਦੀ ਪਾਰਟੀ ਸਮੇਤ ਰਾਜਸੀ ਪਾਰਟੀਆਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਉਨ੍ਹਾਂ ਦੀਆਂ ਇਹ ਵਿਵਾਦਪੂਰਨ ਟਿੱਪਣੀਆਂ ਲਈ ਅਲੋਚਨਾ ਕੀਤੀ ਹੈ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਹਿੰਦੂਤਵ ਇਸ ਦੀ ਪਛਾਣ ਹੈ। ਭਾਗਵਤ ‘ਤੇ ਵਰ੍ਹਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਟਵਿਟਰ ‘ਤੇ ਲੜੀਵਾਰ ਟਿੱਪਣੀਆਂ ‘ਚ ਆਰ. ਐਸ. ਐਸ. ਮੁਖੀ ਨੂੰ ਹਿਟਲਰ ਆਖਿਆ ਹੈ ਤੇ ਕਿਹਾ ਕਿ ਸੰਘ ਨੂੰ ਰਾਜਨੀਤੀ ਵਿਚ ਧਰਮ ਦੀ ਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਦਿਗਵਿਜੇ ਸਿੰਘ ਨੇ ਟਵਿੱਟਰ ‘ਤੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਇਕੋ ਹਿਟਲਰ ਪੈਦਾ ਹੋਇਆ ਹੈ ਪਰ ਹੁਣ ਲੱਗਦਾ ਕਿ ਇਹ ਤਾਂ ਦੋ ਹਨ! ਰੱਬ ਹੀ ਭਾਰਤ ਨੂੰ ਤਾਂ ਬਚਾਵੇ। ਮੁੰਬਈ ਵਿਚ ਆਰ. ਐਸ. ਐਸ. ਮੁਖੀ ਵੱਲੋਂ ਦਿੱਤੇ ਵਿਵਾਦਪੂਰਨ ਬਿਆਨ ਤੋਂ ਬਾਅਦ ਸ੍ਰੀ ਸਿੰਘ ਨੇ ਮੋਹਨ
ਭਾਗਵਤ ਨੂੰ ਸਵਾਲ ਪੁੱਛਿਆ ਕਿ ਕੀ ਹਿੰਦੂਤਵ ਧਾਰਮਿਕ ਪਛਾਣ ਹੈ। ਇਸ ਦੇ ਸਨਾਤਨ ਧਰਮ ਨਾਲ ਕੀ ਸਬੰਧ ਹੈ। ਉਨ੍ਹਾਂ ਭਾਗਵਤ ਨੂੰ ਸਪਸ਼ਟੀਕਰਨ ਦੇਣ ਲਈ ਆਖਦਿਆਂ ਪੁੱਛਿਆ ਕਿ ਜਿਹੜਾ ਵਿਅਕਤੀ ਇਸਲਾਮ, ਇਸਾਈ ਮਤ, ਸਿੱਖ ਮਤ, ਬੁੱਧ, ਜੈਨ ਜਾਂ ਕਿਸੇ ਹੋਰ ਧਰਮ ਨੂੰ ਮੰਨਦਾ ਹੈ, ਕੀ ਉਹ ਵੀ ਹਿੰਦੂ ਹਨ। ਸਮਾਜਵਾਦੀ ਪਾਰਟੀ ਦੇ ਰਜੇਂਦਰ ਸਿੰਘ ਚੌਧਰੀ ਨੇ ਭਾਗਵਤ ‘ਤੇ ਹਮਲਾ ਕਰਦਿਆਂ ਕਿਹਾ ਕਿ ਸੰਘ ਨਫ਼ਰਤ ਅਤੇ ਵੱਖਵਾਦ ਦੀ ਰਾਜਨੀਤੀ ਕਰ ਰਿਹਾ ਹੈ। ਕਾਂਗਰਸ ਦੇ ਨੇਤਾ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਧਾਰਮਿਕ ਲੀਹਾਂ ‘ਤੇ ਦੇਸ਼ ਦੇ ਧਰੁਵੀਕਰਨ ਦੇ ਯਤਨ ਕੀਤੇ ਜਾ ਰਹੇ ਹਨ।



