ਸ਼ਿਵਪਾਲ ਯਾਦਵ ਕਮੇਟੀ ਦੀ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼
ਲਖਨਉ, 17 ਅਗਸਤ (ਪੀ. ਟੀ. ਲਾਇਵ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸ਼ਹਿਰ ’ਚ ਹੋਈ ਸਿੱਖ ਵਿਰੋਧੀ ਹਿੰਸਾ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਸਮਾਜਵਾਦੀ ਪਾਰਟੀ ਦੇ ਨੇਤਾ ਸ੍ਰੀ ਸ਼ਿਵਪਾਲ ਯਾਦਵ ਦੀ ਅਗਵਾਈ ਹੇਠ ਗਠਤ ਕੀਤੀ ਕਮੇਟੀ ਨੇ ਆਪਣੀ ਰਿਪੋਰਟ ’ਚ ਭਾਜਪਾ ਦੇ ਸਥਾਨਕ ਸੰਸਦ ਮੈਂਬਰ ਰਾਘਵ ਲੱਖਨਪਾਲ ਉਪਰ ਫਿਰਕੂ ਭਾਵਨਾਵਾਂ ਭੜਕਾਉਣ ਦੇ ਗੰਭੀਰ ਦੋਸ਼ ਲਾਏ ਗਏ ਹਨ। 26 ਜੁਲਾਈ ਨੂੰ ਭੜਕੇ ਇਨ੍ਹਾਂ ਦੰਗਿਆਂ ਸਬੰਧੀ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਉਤਰ ਪ੍ਰਦੇਸ਼ ਦੇ ਮੁੱਖ ਮਤੰਰੀ ਸ੍ਰੀ ਅਖਿਲੇਸ਼ ਯਾਦਵ ਨੂੰ ਸੌਂਪ ਦਿੱਤੀ ਹੈ ਰਿਪੋਰਟ ਵਿੱਚ ਸਥਾਨਕ ਪੁਲਿਸ ਪ੍ਰਸ਼ਾਸਨ ਉਪਰ ਬੇਹੱਦ ਗੰਭੀਰ ਦੋਸ਼ ਲਾਏ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਸਮਝਦਾਰੀ ਨਾਲ ਕੰਮ ਲੈਂਦੇ ਤਾਂ ਇਸ
ਦੁਖਾਂਤ ਨੂੰ ਟਾਲਿਆ ਜਾ ਸਕਦਾ ਸੀ। ਰਿਪੋਰਟ ‘ਚ ਭਾਜਪਾ ਸੰਸਦ ਮੈਂਬਰ ਰਾਘਵ ਲਖਨਪਾਲ ਦਾ ਨਾਮ ਸਪੱਸ਼ਟ ਤੌਰ ’ਤੇ ਸ਼ਾਮਲ ਹੈ। ਲੋਕ ਨਿਰਮਾਣ ਸਿੰਚਾਈ ਸਹਿਕਾਰੀ ਅਤੇ ਮਾਲੀਆ ਮੰਤਰੀ ਸ਼ਿਵਪਾਲ ਯਾਦਵ ਦੀ ਅਗਵਾਈ ‘ਚ ਪੰਜ ਮੈਂਬਰੀ ਜਾਂਚ ਦਲ ਦਾ ਗਠਨ ਕੀਤਾ ਗਿਆ ਸੀ।ਕਮੇਟੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਤਣਾਅ ਪੂਰਨ ਹਾਲਤਾਂ ਦੀ ਪੂਰੀ ਜਾਣਕਾਰੀ ਸੀ ਉਸ ਦੇ ਬਾਵਜੂਦ ਉਹ ਘਟਨਾਕਰਮ ਤੋਂ ਪਹਿਲਾਂ ਸੁੱਤੀ ਰਹੀ ਅਤੇ ਇਸ ਦੌਰਾਨ ਗੰਭੀਰ ਹਿੰਸਾ ਹੋਈ। ਰਿਪੋਰਟ ਵਿੱਚ ਕਾਂਗਰਸ ਦੇ ਨਾਲ ਜੁੜੇ ਰਹੇ ਸਥਾਨਕ ਨੇਤਾ ਮੋਹਰਮ ਅਲੀ ਪੱਪੂ ਉਪਰ ਵੀ ਗੰਭੀਰ ਦੋਸ਼ ਲਾਏ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਸਹਾਰਨਪੁਰ ਵਿਖੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਪਰ ਜਬਰੀ ਕਬਜ਼ਾ ਕਰਨ ਦੇ ਯਤਨਾਂ ਦੌਰਾਨ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਗੰਭੀਰ ਹਿੰਸਕ ਟਕਰਾਅ ਹੋ ਗਿਆ ਸੀ। ਜਿਸ ਦੌਰਾਨ ਤਿੰਨ ਵਿਅਕਤੀ ਮਾਰੇ ਗਏ ਅਤੇ 20 ਤੋਂ ਵੱਧ ਜ਼ਖਮੀ ਹੋਏ ਸਨ। ਦੰਗਾਕਾਰੀਆਂ ਨੇ ਦਰਜਨਾਂ ਦੁਕਾਨਾਂ ਅਤੇ ਘਰ ਜਲਾ ਦਿੱਤੇ। ਉਧਰ ਦੂਜੇ ਪਾਸੇ ਇਸ ਰਿਪੋਰਟ ਦੀ ਤਿੱਖੀ ਅਲੋਚਨਾ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਤਾਂ ਇਸ ਰਿਪੋਰਟ ਨੂੰ ਇੱਕ ਪਾਰਟੀ ਦੀ ਰਿਪੋਰਟ ਤੱਕ ਆਖ ਦਿੱਤਾ ਹੈ। ਭਾਜਪਾ ਨੇਤਾ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਾਜਨਕ ਹੈ ਕਿ ਦੰਗਿਆਂ ਦੇ ਅਪਰਾਧੀ ਜੱਜ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜਾਂਚ ਕਮੇਟੀ ਵਿੱਚ ਸ੍ਰੀ ਯਾਦਵ ਤੋਂ ਇਲਾਵਾ ਪੇਂਡੂ ਵਿਕਾਸ ਮੰਤਰੀ ਅਰਵਿੰਦਰ ਸਿੰਘ ਗੌਪ, ਸਿੱਖਿਆ ਮੰਤਰੀ ਸ਼ਿਵਾਕਾਂਤ ਓਹਝਾ, ਸ੍ਰੀ ਆਂਸ਼ੂ ਮਲਿਕ ਅਤੇ ਹਾਜੀ ਇਕਰਾਮ ਕੁਰੈਸ਼ੀ ਸ਼ਾਮਲ ਸਨ।



