ਸ੍ਰੀਨਗਰ, 10 ਅਗਸਤ (ਪੀ. ਟੀ)- ਜੰਮੂ ਅਤੇ ਕਸ਼ਮੀਰ ‘ਚ ਡੇਢ ਮਹੀਨੇ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਸ਼ਾਂਤੀਪੂਰਵਕ ਤਰੀਕੇ ਨਾਲ ਅੱਜ ਖਤਮ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 4 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ ਦੀ ਯਾਤਰਾ ਕੀਤੀ। ਦੱਖਣੀ ਕਸ਼ਮੀਰ ਸਥਿਤ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਅੰਦਰ ਸਵੇਰੇ ਆਖ਼ਰੀ ਪੂਜਾ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਛੜੀ ਮੁਬਾਰਕ ਗੁਫ਼ਾ ਤੱਕ ਪਹੁੰਚਾਈ ਗਈ। ਛੜੀ ਮੁਬਾਰਕ ਨੂੰ ਸਵਾਮੀ ਦਿਪਿੰਦਰ ਗਿਰੀ ਸਾਧੂਆਂ ਅਤੇ ਹੋਰ ਸ਼ਰਧਾਲੂਆਂ ਨਾਲ ਇਕ ਜਲੂਸ ਦੇ ਰੂਪ ‘ਚ ਲੈ ਕੇ ਮੰਦਿਰ ਪਹੁੰਚੇ। ਗਿਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅੱਜ ਆਖ਼ਰੀ ਪੂਜਾ ਕੀਤੀ ਜਾ ਰਹੀ ਹੈ ਜਿਸ ਨਾਲ ਸ਼ਰਧਾਲੂਆਂ ਦੀ ਸਾਲਾਨਾ ਯਾਤਰਾ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲਗਾਮ ‘ਚ ਲਿਦੜ ਦੀ ਜਲਧਾਰਾ ਦੇ ਨਜ਼ਦੀਕ ਇਕ ਹੋਰ ਪੂਜਾ ਅਰਚਨਾ ਕਰਾਂਗੇ ਜਿਸ ਦੇ ਬਾਅਦ
ਛੜੀ ਮੁਬਾਰਕ ਸ੍ਰੀਨਗਰ ‘ਚ ਉਚਿਤ ਥਾਂ ਤੱਕ ਲਿਜਾਈ ਜਾਵੇਗੀ। ਸ੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਪ੍ਰਧਾਨ ਰਾਜਪਾਲ ਐਨ. ਐਨ. ਵੋਹਰਾ ਨੇ ਵੀ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ। ਇਸ ਯਾਤਰਾ ਦਾ ਪ੍ਰਬੰਧ ਐਸ. ਏ. ਐਸ. ਬੀ. ਨੇ ਕੀਤਾ। ਯਾਤਰਾ ਦੀ ਸ਼ੁਰੂਆਤ ਬਾਲਟਾਲ ਆਧਾਰ ਕੈਂਪ ਤੋਂ 28 ਜੂਨ ਅਤੇ ਪਹਿਲਗਾਮ ਆਧਾਰ ਕੈਂਪ ਤੋਂ 30 ਜੂਨ ਨੂੰ ਹੋਈ ਸੀ।



