ਹੁਸ਼ਿਆਰਪੁਰ, 3 ਅਗਸਤ (ਓ.ਪੀ.ਰਾਣਾ)- ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ’ਤੇ ਚੱਬੇਵਾਲ ਦੇ ਲਾਗੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਦੋ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਹੋਰ ਪਾਸੇ ਰੈਫਰ ਕਰ ਦਿੱਤਾ ਗਿਆ। ਸ਼ਾਮ ਕਰੀਬ 6 ਵਜੇ ਮਾਤਾ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਆਟੋ ਰਿਕਸ਼ਾ ਨੰਬਰ ਪੀਬੀ07 ਏਈ 9430 ਦੀ ਸਾਹਮਣੇ ਤੋਂ ਆ ਰਹੀ ਸਵਿਫਟ ਡੀਜਾਇਰ ਕਾਰ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਕਾਰ ਵਿਚ ਸਵਾਰ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਜ਼ਖਮੀ ਹੋ ਗਿਆ। ਆਟੋ ਰਿਕਸ਼ਾ ਵਿੱਚ ਲਗਭਗ 9 ਸਵਾਰੀਆਂ ਸਵਾਰ
ਸਨ। ਜਿਨ੍ਹਾਂ ਵਿੱਚ ਦੋ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕਰਨ ਪੁੱਤਰ ਪ੍ਰਮਜੀਤ ਵਾਸੀ ਜੱਟਪੁਰ, ਅਤੇ ਆਟੋ ਰਿਕਸ਼ਾ ਸਵਾਰ ਅਮਰੀਕ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਮਾਨਾਵਾਲੀ ਫਗਵਾੜਾ, ਮਦਨ ਲਾਲ ਪੁੱਤਰ ਲਛਮਣ ਦਾਸ ਵਾਸੀ ਬੈਂਕ ਕਲੋਨੀ ਮਾਹਿਲਪੁਰ ਸ਼ਾਮਲ ਹਨ। ਜ਼ਖਮੀਆਂ ਵਿਚ ਗੁਰਿੰਦਰ ਸਿੰਘ ਪੁੱਤਰ ਜੀਵਨ ਰਾਹੋਂ, ਬਿਮਲਾ ਪਤਨੀ ਓਮ ਪ੍ਰਕਾਸ਼ ਮਾਨਾਵਾਲੀ ਫਗਵਾੜਾ, ਰਾਜਨ ਉਰਫ ਮੁਹੰਮਦ ਅਲੀ ਪੁੱਤਰ ਗੁਲਾਮ ਅਲੀ, ਕਮਲੇਸ਼ ਕੁਮਾਰੀ ਪਤਨੀ ਜੀਵਨ ਕੁਮਾਰ ਰਾਹੋਂ ਨਵਾਂਸ਼ਹਿਰ, ਅਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਮਾਨਾਵਾਲੀ ਫਗਵਾੜਾ, ਜਸਵਿੰਦਰ ਪੁੱਤਰ ਸੰਸਾਰ ਚੰਦ ਸ਼ਾਮਲ ਹਨ। ਮ੍ਰਿਤਕਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜਮ੍ਹਾਂ ਕਰਵਾਇਆ ਗਿਆ ਹੈ ਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



