ਮਾਣਯੋਗ ਜੱਥੇਦਾਰ ਸ. ਅਵਤਾਰ ਸਿੰਘ ਜੀ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਹੋਂਦ ਵਿਚ ਆਈ, ਵਿਸ਼ਵ ’ਚ ਪ੍ਰਵਾਨਗੀ ਹਾਸਲ ਕਰ ਚੁੱਕੀ ਸਿੱਖ ਕੌਮ ਦੀ ਪ੍ਰਤੀਨਿਧ ਲੋਕਤੰਤਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਸੁਚੱਜੇ ਤੇ ਕੁਸ਼ਲ ਪ੍ਰਬੰਧਕ, ਪ੍ਰਪੱਕ ਪੰਥਕ ਸੋਚ, ਮਾਨਵਤਾ ਦੀ ਸੇਵਾ ਨੂੰ ਸਮਰਪਿਤ ਦਾਰਸ਼ਨਿਕ ਦ੍ਰਿਸ਼ਟੀ ਦੇ ਮਾਲਕ ਹਨ।ਜਥੇਦਾਰ ਅਵਤਾਰ ਸਿੰਘ ਜੀ ਦਾ ਜਨਮ 3 ਜਨਵਰੀ 1943 ਨੂੰ ਸ. ਹਰਬੰਸ ਸਿੰਘ ਤੇ ਮਾਤਾ ਕਿਸ਼ਨ ਕੌਰ ਦੇ ਘਰ ਸਰਗੋਧਾ (ਪਾਕਿਸਤਾਨ) ਵਿਖੇ ਹੋਇਆ। ਦੇਸ਼-ਵੰਡ ਉਪਰੰਤ ਇਨ੍ਹਾਂ ਦਾ ਪਰਿਵਾਰ ਪਹਿਲਾਂ ਮੁਸਤਬਾਬਾਦ ਫਿਰ ਰੁੜਕੀ ਤੇ ਅਖੀਰ ਜਗਰਾਉਂ ਆਬਾਦ ਹੋਇਆ। ਗੁਰਸਿੱਖੀ ਜੀਵਨ-ਜਾਚ ਦੀ ਘਾੜਤ ਘੜਨ ਵਿਚ ਇਨ੍ਹਾਂ ਦੇ ਪਰਿਵਾਰਕ ਵਾਤਾਵਰਣ ਨੇ ਚੋਖਾ ਯੋਗਦਾਨ ਪਾਇਆ। ਇਹ ਪ੍ਰਾਇਮਰੀ ਵਿੱਦਿਆ ਦੀ ਪ੍ਰਾਪਤੀ ਉਪਰੰਤ ਉਚੇਰੀ ਵਿੱਦਿਆ ਲਈ ਖਾਲਸਾ ਨੈਸ਼ਨਲ ਹਾਈ ਸਕੂਲ, ਲੁਧਿਆਣਾ ਦਾਖਲ ਹੋਏ। ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿਚ ਸਕੂਲ ਦੀ ਪੜ੍ਹਾਈ ਸਮੇਂ ਆਪ ਜੀ ਨੇ ਵਜ਼ੀਫਾ ਪ੍ਰਾਪਤ ਕੀਤਾ। ਐਫ.ਐਸ.ਸੀ (ਨਾਨ ਮੈਡੀਕਲ) ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਤੋਂ ਕਰਨ ਉਪਰੰਤ ਇਨ੍ਹਾਂ ਨੂੰ ਭਾਰਤੀ ਜੀਵਨ ਬੀਮਾ ਨਿਗਮ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ 1970 ਈ: ਵਿੱਚ ਉਚੇਰੀ ਪਦਵੀ ਤੋਂ ਸੇਵਾ ਮੁਕਤ ਹੋਏ। ਬਚਪਨ ਤੋਂ ਹੀ ਧਾਰਮਿਕ ਰੁਚੀ ਤੇ ਸਿੱਖ ਵਿਚਾਰਧਾਰਾ ਦੀ ਸੂਝ ਤੇ ਸਮਝ ਹੋਣ ਕਰਕੇ ਆਪ ਧਾਰਮਿਕ ਕਾਰਜਾਂ ਨੂੰ ਸਮਰਪਿਤ ਭਾਵਨਾ ਨਾਲ ਕਰਦੇ ਹਨ। ਆਪ ਨੇ 1979 ਤੋਂ 1988 ਈ: ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਮਿਲਰਗੰਜ, ਲੁਧਿਆਣਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਦਾ ਨਿਰਮਾਣ ਕਾਰਜ ਇਨ੍ਹਾਂ ਨੇ 1985 ਈ: ਵਿੱਚ ਕਰਵਾਇਆ। ਇੰਜ ਜਥੇਦਾਰ ਅਵਤਾਰ ਸਿੰਘ ਜੀ ਲਗਭਗ 35 ਸਾਲਾਂ ਤੋਂ ਗੁਰਦੁਆਰਾ ਪ੍ਰਬੰਧ ਤੇ ਸੇਵਾ ਨਾਲ ਨਿਰੰਤਰ ਜੁੜੇ ਹੋਏ ਹਨ। ਗੁਰੂ ਘਰ ਦੀ ਸੇਵਾ ਤੋਂ ਇਲਾਵਾ ਇਨ੍ਹਾਂ ਨੇ ਗੁਰੂ ਨਾਨਕ ਮਾਰਕੀਟ ਲੁਧਿਆਣਾ ਦਾ ਨਿਰਮਾਣ ਕਾਰਜ ਕਰਵਾਇਆ ਅਤੇ ਗੁਰਮਤਿ ਗਿਆਨ ਤੇ ਵਿੱਦਿਆ ਦੇ ਪ੍ਰਸਾਰ ਲਈ 1999 ਈ: ਵਿੱਚ ਖਾਲਸਾ ਪੰਥ ਦੇ ਤਿੰਨ ਸੌ ਸਾਲਾ ਸਿਰਜਣਾ ਦਿਵਸ ਸਮੇਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀ ਆਰੰਭਤਾ ਕੀਤੀ, ਜੋ ਹੁਣ ਸੀਨੀਅਰ ਸੈਕੰਡਰੀ ਸਕੂਲ ਵਜੋਂ ਨਾਮਣਾ ਖੱਟ ਰਿਹਾ ਹੈ।
ਜਥੇਦਾਰ ਅਵਤਾਰ ਸਿੰਘ ਜੀ ਧਾਰਮਿਕ, ਸਮਾਜਿਕ, ਰਾਜਨੀਤਕ ਗਤੀਵਿਧੀਆਂ ਦੀ ਲਗਨ ਸਦਕਾ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਵਾਂਗ ਵਿਚਰਦੇ ਹਨ। ਇਨ੍ਹਾਂ ਵੱਲੋਂ ਪੰਥਕ ਸੇਵਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹਾ ਯਾਤਰਾ ਵੀ ਕਰਨੀ ਪਈ, ਪਰ ਇਨ੍ਹਾਂ ਪੰਥਕ ਸੇਵਾ ਤੋਂ ਕਦੇ ਮੁੱਖ ਨਹੀਂ ਮੋੜਿਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਧਾਰਨ ਮੈਂਬਰ ਤੋਂ ਸੇਵਾ ਅਰੰਭ ਕਰਕੇ ਮੀਤ ਪ੍ਰਧਾਨ ਦੀ ਪਦਵੀ ਤੱਕ ਦਾ ਸਫਰ, ਸਫਲਤਾ ਸਹਿਤ ਕੀਤਾ।
ਸ਼੍ਰੋਮਣੀ ਕਮੇਟੀ ਦੀਆਂ ਆਮ ਚੌਣਾਂ 2004 ਵਿੱਚ ਹੋਈਆਂ ਤਾਂ ਜਥੇਦਾਰ ਅਵਤਾਰ ਸਿੰਘ ਲੁਧਿਆਣਾ ਪੱਛਮੀ ਹਲਕੇ ਤੋ ਪੰਥਕ ਟਿਕਟ ਤੇ ਮੈਂਬਰ, ਸ਼੍ਰੋਮਣੀ ਕਮੇਟੀ ਚੁਣੇ ਗਏ। ਇੱਕ ਸਾਲ ਬਾਅਦ 23 ਅਕਤੂਬਰ, 2005 ਦਾ ਦਿਨ ਇਨ੍ਹਾਂ ਦੀ ਜ਼ਿੰਦਗੀ ਦਾ ਇਤਿਹਾਸਕ ਦਿਨ ਹੋ ਨਿਬੜਿਆ, ਜਦ ਇਨ੍ਹਾਂ ਨੂੰ ਪਹਿਲੀ ਵਾਰ ਸਰਵ-ਸੰਮਤੀ ਨਾਲ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਹੋਇਆ।
ਆਪ ਜੀ ਨੇ 2005 ਤੋਂ ਹੁਣ ਤੀਕ ਲਗਾਤਾਰ ਪ੍ਰਧਾਨਗੀ ਪਦ ਨੂੰ ਸਿੱਖ ਕੌਮ ਦੀ ਬਿਹਤਰੀ ਲਈ ਵਰਤਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰੰਪਰਿਕ ਪ੍ਰਬੰਧ ਵਿਚ ਨਵੀਆਂ ਤੇ ਨਿਵੇਕਲੀਆਂ ਸੋਧਾਂ ਤੇ ਸੇਧਾਂ ਦੇ ਕੇ ਇਸ ਦੀ ਦਸ਼ਾ-ਦਿਸ਼ਾ ਨੂੰ ਬਦਲਣ ਲਈ ਨੇਕਦਿਲੀ ਨਾਲ ਯੋਗਦਾਨ ਪਾਇਆ। ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦਿਆਂ ਇਸ ਦੇ ਬਿੰਬ, ਮੂੰਹ-ਮੁਹਾਂਦਰੇ ਤੇ ਦਿੱਖ ਨੂੰ ਸੰਵਾਰਿਆ ਅਤੇ ਭਵਿੱਖੀ ਸੰਭਾਵਨਾਵਾਂ ਨਾਲ ਜੋੜ ਕੇ ਬਾ-ਕਮਾਲ ਵਿਉਂਤਬੰਦੀ ਕੀਤੀ।
ਸਭ ਤੋਂ ਖੁਸ਼ੀ ਵਾਲੀ ਗੱਲ ਹੈ ਕਿ ਆਪ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਸੀਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਤਾਂ ਜੋ ਗੁਰੂ ਸਾਹਿਬਾਨ ਦੇ ਸੁਨੇਹੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਤਿਆਰ ਕੀਤੀਆਂ ਜਾਣ। ਮੈਡੀਕਲ ਸਿੱਖਿਆ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਵਿਸ਼ੇਸ਼ ਯਤਨ ਦੇ ਨਾਲ-ਨਾਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਸਥਾਪਨਾ ਵੀ ਆਪ ਜੀ ਦੀ ਹੀ ਪਹਿਲਕਦਮੀਂ ਹੈ, ਜਿਸ ਸਦਕਾ ਸ਼੍ਰੋਮਣੀ ਕਮੇਟੀ ਦੇ ਅਦਾਰੇ ਮੋਹਰੀ ਹੋ ਨਿਬੜੇ ਹਨ। ਆਪ ਦੀ ਯੋਗ ਅਗਵਾਈ ’ਚ ਸ਼੍ਰੋਮਣੀ ਕਮੇਟੀ ਵੱਲੋਂ ਤਕਰੀਬਨ 15 ਨਵੇਂ ਕਾਲਜ ਅਤੇ 20 ਸਕੂਲ ਸਥਾਪਿਤ ਕੀਤੇ ਗਏ ਹਨ।
ਆਪ ਦੇ ਕਾਰਜਕਾਲ ਵਿਚ ਆਈਆਂ ਸ਼ਤਾਬਦੀਆਂ ਨੂੰ ਵਿਸ਼ਾਲ ਪੱਧਰ ’ਤੇ ਮਨਾਇਆ ਗਿਆ। ਇਸੇ ਤਰ੍ਹਾਂ ਹੀ ਆਪ ਜੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰਾਂ ਚਲਾਈਆਂ ਗਈਆਂ, ਸਾਬਤ-ਸੂਰਤ ਕਬੱਡੀ ਟੀਮ ਤਿਆਰ ਕੀਤੀ ਗਈ, ਹਾਕੀ ਅਕੈਡਮੀਆਂ ਦੀ ਸਥਾਪਨਾ ਕੀਤੀ ਗਈ। ਧਰਮੀਂ ਫੌਜੀਆਂ ਨੂੰ ਸਹਾਇਤਾ ਦੇਣਾ, ਕੈਂਸਰ ਫੰਡ ਕਾਇਮ ਕਰਨਾ, ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਸ਼ੁਰੂ ਕਰਨਾ, ਸਿੱਖ ਵਿਰਾਸਤ ਦੀ ਸੰਭਾਲ ਲਈ ਯਤਨ, ਯੂਬਾ ਸਿਟੀ (ਅਮਰੀਕਾ) ਵਿਚ ਸਿੱਖ ਮਿਸ਼ਨ ਦੀ ਸਥਾਪਨਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਉਪਰਾਲੇ ਕਰਨੇ ਵੀ ਵਿਸ਼ੇਸ਼ ਹਨ। ਸਿੱਖ ਵਿਰਸੇ ਅਤੇ ਸਭਿਆਚਾਰ ਨੂੰ ਸਾਂਭਣ ਦੇ ਨਜ਼ਰੀਏ ਨਾਲ ਆਪ ਜੀ ਨੇ ਸਿੱਖ ਵਿਰਾਸਤੀ ਥਾਵਾਂ ਨੂੰ ਪੁਰਾਤਨ ਦਿੱਖ ਵਿਚ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਹਨ। ਆਪ ਦੇ ਯਤਨ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ (ਦੀਵਾਨ ਹਾਲ), ਸ੍ਰੀ ਅੰਮ੍ਰਿਤਸਰ ਤੋਂ ਰੋਜ਼ਾਨਾ ਕਥਾ ਦਾ ਇੱਕ ਟੀ.ਵੀ. ਚੈਨਲ ’ਤੇ ਸਿੱਧਾ ਪ੍ਰਸਾਰਨ ਆਰੰਭ ਹੋਇਆ, ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਗੁਰਮਤਿ ਨਾਲ ਜੁੜ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀਆਂ ਹਨ।
ਆਪ ਜੀ ਦੀਆਂ ਪੰਥਕ ਸੇਵਾਵਾਂ ਅਤੇ ਗੁਰੂ-ਘਰ ਪ੍ਰਤੀ ਸਮਰਪਣ ਭਾਵਨਾ ਨੂੰ ਮੁੱਖ ਰੱਖਦਿਆਂ ’ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ’ ਵੱਲੋਂ 4 ਅਗਸਤ 2014 ਨੂੰ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਵਿਚ ਕਰਵਾਏ ਜਾ ਰਹੇ ਅੱਠਵੇਂ ਸੈਮੀਨਾਰ ਮੌਕੇ ’ਚੌਥਾ ਅੰਤਰਰਾਸ਼ਟਰੀ ਸ਼੍ਰੋਮਣੀ ਸੇਵਾ ਅਵਾਰਡ’ ਦਿੱਤਾ ਜਾ ਰਿਹਾ ਹੈ। ਵਿਸ਼ੇਸ਼ ਉਲੇਖਯੋਗ ਹੈ ਕਿ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੀ ਮੰਗ ’ਤੇ ਬਾਬਾ ਨਿਧਾਨ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਵਾਉਣ ਦਾ ਮਾਣ ਵੀ ਜਥੇਦਾਰ ਅਵਤਾਰ ਸਿੰਘ ਨੂੰ ਪ੍ਰਾਪਤ ਹੈ।ਟ


