ਸੁਨੀਲ ਕਟਾਰੀਆ
ਸੰਪਰਕ : 98768 53253
2013 ’ਚ ਆਏ ਪਿਆਰ ਦੀ ਅਸਲ ਤਸਵੀਰ ਨੂੰ ਪੇਸ਼ ਕਰਦੇ ‘ਸੋਚ’ ਗੀਤ ਨੇ ਨਾ ਸਿਰਫ਼ ਪਿਆਰ ਕਰਨ ਵਾਲੀਆਂ ਰੂਹਾਂ ਦੇ ਦਿਲਾਂ ਨੂੰ ਗੁਲਜ਼ਾਰ ਕੀਤਾ, ਸਗੋਂ ਚੰਗੇ ਸੰਗੀਤ ਦੀ ਤਾਂਘ ਰੱਖਣ ਵਾਲੇ ਹਰ ਇੱਕ ਸੰਗੀਤ ਪ੍ਰੇਮੀ ਦੇ ਦਿਲਾਂ ’ਤੇ ਨਿੱਘਾ ਅਸਰ ਕੀਤਾ। ਅਸਰ ਵੀ ਅਜੀਹਾ ਕਿ ਇਸ ਗੀਤ ਨੂੰ ਗਾਉਣ ਵਾਲੇ ਗਾਇਕ ਹਾਰਡੀ ਸੰਧੂ ਤੇ ਗੀਤਕਾਰ ਜਾਨੀ ਹੀ ਨਹੀਂ ਸਗੋਂ ਇਸ ਗੀਤ ਨੂੰ ਸੰਗੀਤ ਦੇਣ ਵਾਲੇ ਬੀ ਪਰਾਕ ਤੇ ਇਸ ਗੀਤ ਨੂੰ ਵੀਡੀਓ ਦੇ ਤੌਰ ’ਤੇ ਰੂ ਬ ਰੂ ਕਰਨ ਵਾਲੇ ਵਿਰਸਾ ਆਰਟਸ ਦੀ ਟੀਮ ਨੇ ਲੋਕਾਂ ਦੇ ਦਿਲਾਂ ’ਚ ਆਪਣੀ ਥਾਂ ਬਣਾ ਲਈ। ਨਵੇਂ ਤੇ ਨੌਜਵਾਨ ਗੀਤਕਾਰ ਜਾਨੀ ਨੇ ਇਸ ਗੀਤ ਰਾਹੀਂ ਪੰਜਾਬੀ ਮਨੋਂਰੰਜਨ ਜਗਤ ਵਿਚ ਆਪਣੀ ਪਹਿਚਾਣ ਕਾਇਮ ਕੀਤੀ ਤੇ ਲੋਕਾਂ ਦੇ ਦਿਲਾਂ ਤੇ ਰਾਜ ਵੀ, ਇਸ ਗੀਤ ਤੋਂ ਬਾਅਦ ਉਸਦੇ ਪ੍ਰਸ਼ੰਸਕ ਕੁੜੀਆਂ ਤੇ ਮੁੰਡਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਵੀ ਬਣ ਗਏ। ਪਿਛਲੇ ਪੰਜ ਸਾਲਾਂ ਤੋਂ ਚੰਡੀਗੜ੍ਹ ਰਹਿ ਰਹੇ ਜਾਨੀ ਦਾ ਸਬੰਧ ਗੁਰਦਾਸ ਮਾਨ ਦੇ ਇਲਾਕੇ ਗਿੱਦੜਬਾਹਾ ਨਾਲ ਹੈ। ਆਪਣੀ ਸਕੂਲੀ ਪੜਾਈ ਤੋਂ ਬਾਅਦ ਚੰਡੀਗੜ੍ਹ ’ਚ ਹੋਟਲ ਮੈਨੇਜਮੈਂਟ ’ਚ 4 ਸਾਲਾਂ ਦੀ ਡਿਗਰੀ ਕਰਨ ਲਈ ਆਏ ਜਾਨੀ ਦਾ ਸੰਘਰਸ਼ ਚੰਡੀਗੜ੍ਹ ਆਉਂਦਿਆਂ ਹੀ ਸ਼ੁਰੂ ਹੋ ਗਿਆ ਸੀ। ਪਰ ਨਵੰਬਰ 2013 ’ਚ ਆਏ ਗੀਤ ‘ਸੋਚ’ ਨੇ ਜਾਨੀ ਨੂੰ ਪੰਜਾਬੀ ਮਨੋਰੰਜਨ ਜਗਤ ਦੀ ‘ਜਾਨ’ ਬਣਾਇਆ। ਸੋਚ ਗੀਤ ਦੀ ਮਕਬੂਲੀਅਤ ਇੰਨ੍ਹੀ ਹੋ ਗਈ ਕਿ ਪੀਟੀਸੀ ਮਿਊਜ਼ਿਕ ਅਵਾਰਡਜ਼ 2013 ’ਚ ਇਹ ਗੀਤ 7 ਕੈਟੇਗਰੀ ’ਚ ਨੋਮੀਨੇਟ ਹੋਇਆ ਤੇ ਆਖ਼ਿਰਕਾਰ ‘‘ਬੈਸਟ ਰੋਮਾਂਟਿਕ ਸੌਂਗ ਆਫ਼ ਦਾ ਇਅਰ’’ ਤੇ ‘‘ਬੈਸਟ ਮਿਊਜ਼ਿਕ ਵੀਡੀਓ’’ ਅਵਾਰਡ ਹਾਸਿਲ ਕੀਤਾ। ਮਹਿਜ਼ 24 ਸਾਲਾਂ ਦੇ ਜਾਨੀ ਦੀ ਸੋਚ ਕਮਾਲ ਦੀ ਹੈ। ਆਮ ਅਰੋੜਾ ਪਰਿਵਾਰ ਦੇ ਇਸ ਮੁੰਡੇ ਨੂੰ ਆਪਣੇ ਹੁਨਰ ’ਤੇ ਮਾਣ ਹੈ। ਪੇਸ਼ ਹੈ ਚੰਡੀਗੜ੍ਹ ਵਿਖੇ ਹੋਈ ਨੌਜਵਾਨ ਗੀਤਕਾਰ ਜਾਨੀ ਨਾਲ ਖਾਸ ਗੱਲਬਾਤ —
ਸਵਾਲ – ਜਾਨੀ, ਪਹਿਲਾਂ ਤਾਂ ਇਹੀ ਦੱਸੋ ਕਿ ਜਿਸ ਗੀਤ ‘ਸੋਚ’ ਕਰਕੇ ਤੁਹਾਨੂੰ ਸਭ ਅੱਜ ਜਾਣਦੇ ਹਨ, ਉਹ ਕਿਵੇਂ ਜ਼ਹਿਨ ’ਚ ਆਇਆ ?
ਜਵਾਬ – ਇਹ ਇੱਕ ਸੱਚੀ ਕਹਾਣੀ ਹੈ ਜੀ, ਮੈਂ ਰਾਇਤ ਬਾਹਰਾ ਕਾਲਜ ’ਚ ਪੜਦਾ ਸੀ ਤੇ ਓਦੋਂ ਸਾਡੀ ਕਲਾਸ ’ਚ ਹੀ ਇੱਕ ਦੋਸਤ ਨੂੰ ਪਿਆਰ ’ਚ ਧੋਖਾ ਮਿਲਿਆ ਤਾਂ ਉਹ ਮੇਰੇ ਕੋਲ ਆਈ, ਉਸਨੇਂ ਮੇਰੇ ਨਾਲ ਆਪਣੀ ਸਾਰੀ ਗੱਲਬਾਤ ਸਾਂਝੀ ਕੀਤੀ ਕਿ ਇੱਕ ਮੁੰਡੇ ਨੇ ਕਿਸ ਤਰ੍ਹਾਂ ਮੈਨੂੰ ਧੋਖਾ ਦਿੱਤਾ ਤੇ ਉਸਦੇ ਮੁੰਹ ਚੋਂ ਇਹ ਗੱਲ ਨਿਕਲੀ ਕਿ, ‘‘ਉਸਦੀ ਸੋਚ ਤੋਂ ਪਰੇ ਹੈ ਕਿ ਮੈਂ ਉਹਨੂੰ ਕਿੰਨਾਂ ਚਾਹੁੰਦੀ ਆਂ’’। ਬਸ ਸਿਰਫ਼ ਇਹ ਇੱਕ ਲਾਈਨ ਸੀ ਜਿਸਨੇਂ ਇਸ ‘ਸੋਚ’ ਗੀਤ ਨੂੰ ਜਨਮ ਦਿੱਤਾ ਤੇ ਮੈਂ ਘਰ ਆਉਂੇਦੇ-ਆਉਂਦੇ 12 ਮਿੰਟਾਂ ’ਚ ਇਹ ਗੀਤ ਮੁਕੰਮਲ ਕਰ ਲਿਆ ਸੀ ਤੇ ਸਾਰੀ ਕਹਾਣੀ ਮੈਂ ਹਾਰਡੀ ਭਾਜੀ ਨੂੰ ਸੁਣਾਈ ਤੇ ਇਸ ਤਰਾਂ ਇਹ ਗੀਤ ਤਿਆਰ ਹੋ ਗਿਆ।
ਸਵਾਲ – ਇਹ ਤਾਂ ਸੋਚ ਗੀਤ ਦੀ ਗੱਲ ਹੋਈ, ਇਸ ਤੋਂ ਪਹਿਲਾਂ ਵੀ ਕੋਈ ਗੀਤ ਰਿਕਾਰਡ ਹੋਇਆ ?
ਜਵਾਬ – ਹਾਂਜੀ, ਇਸ ਤੋਂ ਪਹਿਲਾਂ 2011 ’ਚ ਹੀ ਮੈਂ ਗੀਤਕਾਰ ਦੇ ਤੌਰ ’ਤੇ ਸ਼ੁਰੂਆਤ ਕੀਤੀ ਤੇ ਉਦੋਂ ‘ਸੰਤ ਸਿਪਾਹੀ’ ਗੀਤ ਲਿਖਿਆ ਸੀ ਜਿਹੜਾ ਸੰਗੀਤਕਾਰ ਵੀ ਗਰੂਵਸ ਹੋਰਾਂ ਦੇ ਮਿਊਜ਼ਿਕ ’ਚ ਰਿਕਾਰਡ ਵੀ ਹੋਇਆ ਤੇ ਯੂ ਟਿਊਬ ’ਤੇ ਚੰਗਾ ਸੁਣਿਆ ਗਿਆ। ਪਹਿਲਾ ਗੀਤ ਬਤੌਰ ਗੀਤਕਾਰ ਮੇਰਾ ਸੰਤ ਸਿਪਾਹੀ ਹੀ ਸੀ।
ਸਵਾਲ – ਅੱਜ ਕੱਲ ਦੇ ਸ਼ੋਰ ਸ਼ਰਾਬੇ ਵਾਲੇ ਗੀਤ ਸੰਗੀਤ ਤੇ ਧਮਾਕੇਦਾਰ ਧੁਨਾਂ ’ਚ ਤੁਹਾਨੂੰ ਲੱਗਦਾ ਸੀ ਕਿ ਸੋਚ ਗੀਤ ਇੰਨ੍ਹਾਂ ਮਕਬੂਲ ਹੋ ਜਾਵੇਗਾ ?
ਜਵਾਬ – ਇੰਨ੍ਹਾਂ ਤਾਂ ਖ਼ੈਰ ਨਹੀਂ ਸੋਚਿਆ ਸੀ, ਪਰ ਇੱਕ ਚੀਜ਼ ਸੀ ਦਿਮਾਗ ’ਚ ਕਿ ਤਰਜ ਕਦੇ ਫੇਲ ਨਹੀਂ ਹੋ ਸਕਦੀ। ਚੰਗੀ ਤਰਜ ਦੀ ਉਮਰ 1 ਸਾਲ ਹੈ ਤੇ ਚੰਗੇ ਬੀਟ ਗੀਤ ਦੀ ਸਿਰਫ਼ 2 ਮਹੀਨੇ। ਪਰ ਇਸ ਗੀਤ ਨੇ ਸਾਬਿਤ ਕਰ ਦਿੱਤਾ ਕਿ ਲੋਕ ਚੰਗਾ ਸੁਣਨ ਵਾਲੇ ਵੀ ਬਹੁਤ ਹਨ, ਸਿਰਫ਼ ਤੁਸੀ ਚੰਗਾ ਪੇਸ਼ ਕਰੋ। ਮੈਨੂੰ ਯਾਦ ਹੈ ਕਿ ਇਸ ਗੀਤ ਦੀ ਫੀਡਬੈਕ ਹਾਲੇ ਤਕ ਆਉਂਦੀ ਹੈ ਤੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਜੀਹਾ ਗੀਤ ਦਹਾਕਆਂਿ ’ਚ ਇੱਕੋ ਵਾਰੀ ਆਉਂਦਾ ਹੈ। ਸੋ ਤਰਜ ਕਦੇ ਫੇਲ ਨਹੀਂ ਹੋ ਸਕਦੀ, ਭਾਵੇਂ ਬੀਟ ਗੀਤ ਹੋਣ, ਡਿਊਟ ਹੋਣ।
ਸਵਾਲ – ਤੁਸੀਂ ਸਕੂਲ ਦੀ ਪੜਾਈ ਤੋਂ ਬਾਅਦ ਹੀ ਚੰਡੀਗੜ੍ਹ ਆ ਗਏ ਤੇ ਗੀਤਕਾਰੀ ਦੇ ਹਵਾਲੇ ਤੋਂ ਪਰਿਵਾਰ ਦਾ ਕਿੰਨਾ ਸਾਥ ਮਿਲਿਆ ਤੇ ਹੁਣ ਜਦੋਂ ਨਾਂ ਬਣ ਗਿਆ ਹੈ ਤਾਂ ਉਹ ਕੀ ਕਹਿੰਦੇ ਹਨ?
ਜਵਾਬ – ਪਰਿਵਾਰ ਨੇ ਹਮੇਸ਼ਾ ਹੀ ਸਾਥ ਦਿੱਤਾ ਤੇ ਹੁਣ ਉਹਨਾਂ ਨੂੰ ਚੰਗਾ ਵੀ ਲੱਗਦਾ ਹੈ ਜਦੋਂ ਸੋਚ ਸੁਣਨ ਤੋਂ ਬਾਅਦ ਲੋਕ ਪਰਿਵਾਰ ’ਚ ਜਾਂਦੇ ਨੇ ਤਾਂ ਮੈਨੂੰ ਵੀ ਚੰਗਾ ਲੱਗਦਾ ਹੈ। ਹੁਣ ਉਹ ਕਹਿੰਦੇ ਨੇ ਕਿ ਤੂੰ ਸਾਡੇ ਕੋਲ ਆਉਂਦਾ ਘੱਟ ਹੈ, ਪਰ ਮੈਂ ਕਹਿੰਦਾ ਹੁਨਾਂ ਕਿ ਇਹੀ ਸਮਾਂ ਹੈ ਸੰਘਰਸ਼ ਕਰਨ ਦਾ। ਦੂਜੇ ਪਾਸੇ ਮੇਰੇ ਵੱਡੇ ਭਰਾ ਦਾ ਮੈਨੂੰ ਬਹੁਤ ਸਾਥ ਮਿਲਿਆ, ਉਹ ਮੈਨੂੰ ਬਹੁਤ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਉਹ ਮੈਨੂੰ ਮੈਸੇਜ ਵੀ ਕਰਦੇ ਨੇ ਕਿ ਮੈਨੂੰ ਤੇਰੇ ’ਤੇ ਮਾਣ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਉਹਨਾਂ ਕੁਝ ਕਰਨ ਤੋਂ ਰੋਕਿਆ ਨਹੀਂ ਤੇ ਮੰਮੀ ਡੈਡੀ ਹੋਰਾਂ ਨੂੰ ਕਹਿੰਦੇ ਸੀ ਕਿ ਇਹਨੂੰ ਕਰਨ ਦਿਓ ਜੋ ਕਰਦਾ ਹੈ।
ਸਵਾਲ – ਹੋਟਲ ਮੈਨੇਜਮੈਂਟ ਕਰਨ ਤੋਂ ਬਾਅਦ ਹਾਇਰ ਸਟਡੀ ਦਾ ਨਹੀਂ ਸੋਚਿਆ, ਗੀਤਕਾਰੀ ਹੀ ਕਿਉਂ ?
ਜਵਾਬ – ਸੋਚਿਆ ਤਾਂ ਸੀ, ਪਰ ਜਿੰਨਾਂ ਨੇ ਜਿਆਦਾ ਪੜਾਈ ਕੀਤੀ ਉਹਨਾਂ ਵੱਲੋਂ ਫੀਡਬੈਕ ਵੀ ਮਿਲਦੀ ਸੀ ਕਿ ਤਨਖ਼ਾਹ 15 ਜਾਂ 20 ਹਜ਼ਾਰ ਤੋਂ ਜਿਆਦਾ ਨਹੀਂ ਹੋਣੀ। ਫ਼ਿਰ ਮੈਂ ਸੋਚਿਆ ਕਿ ਜੇ ਮੈਂ 2 ਗੀਤ ਲਿਖਦਾਂ ਤਾਂ ਮੈਂ ਤਨਖ਼ਾਹ ਤੋਂ ਕਈ ਗੁਣਾ ਜਿਆਦਾ ਕਮਾ ਸਕਦਾ ਹਾਂ ਤੇ ਆਪਣੇ ਮੁਤਾਬਿਕ ਜ਼ਿੰਦਗੀ ਜੀ ਸਕਦਾ ਹਾਂ। ਸੋ ਇਸੇ ਕਰਕੇ ਪੜਾਈ ਛੱਡ ਦਿੱਤੀ।
ਸਵਾਲ – ਪੰਜਾਬੀ ਮਨੋਰੰਜਨ ਜਗਤ ’ਚ ਪ੍ਰੋਫੈਨਲਿਜ਼ਮ ’ਤੇ ਹਮੇਸ਼ਾ ਸਵਾਲ ਉੱਠਦੇ ਹਨ, ਕੀ ਤੁਸੀ ਮੰਨਦੇ ਹੋ ਕਿ ਪ੍ਰੋਫੈਨਲਿਜ਼ਮ ਦੀ ਕਮੀ ਹੈ ਸਾਡੀ ਇੰਡਸਟਰੀ ’ਚ ?
ਜਵਾਬ – ਬਿਲਕੁਲ ਸਹੀ ਕਿਹਾ ਤੁਸੀ, ਪਰ ਪ੍ਰੋਫੈਨਲਿਜ਼ਮ ਦੀ ਕਮੀ ਕਈਆਂ ’ਚ ਨਹੀਂ ਵੀ ਹੈ ਤੇ ਕਈਆਂ ’ਚ ਤਾਂ ਇੰਨੀ ਕਿ ਬੁਰਾ ਹਾਲ ਹੈ। ਕੁਝ ਤਾਂ ਇੰਨੀ ਕੁ ਸ਼ਿੱਦਤ ਨਾਲ ਕੰਮ ਕਰਦੇ ਨੇ ਕਿ ਕੰਮ ਨੂੰ ਪੂਜਾ ਸਮਝਦੇ ਨੇ, ਪਰ ਕੁਝ ਸਿਰਫ਼ ਵਪਾਰ। ਜਿਹੜੇ ਤਾਂ ਸ਼ਿੱਦਤ ਨਾਲ ਕੰਮ ਕਰਦੇ ਹਨ ਉਹ ਦੂਰ ਤਕ ਜਾਂਦੇ ਨੇ ਤੇ ਜਿਹੜੇ ਨਹੀਂ ਉਹ ਕੁਝ ਕੁ ਹੀ ਤੁਰਦੇ ਹਨ। ਨਜ਼ਰੀਆ ਠੀਕ ਨਹੀਂ ਹੈ ਇੱਥੋਂ ਦੇ ਬਹੁਤੇ ਲੋਕਾਂ ਦਾ ਕੰਮ ਨੂੰ ਲੈ ਕੇ, ਪ੍ਰੋਫੈਨਲਿਜ਼ਮ ਦੀ ਵੱਡੀ ਘਾਟ ਇਸੇ ਕਰਕੇ ਹੈ।
ਸਵਾਲ – ਵਪਾਰਕ ਤੇ ਜ਼ੁਬਾਨ ਪੱਖੋਂ ਕਿੰਨੇਂ ਕੁ ਖਰੇ ਉੱਤਰਦੇ ਹਨ ਇੱਥੋਂ ਦੀ ਸੰਗੀਤਕ ਇੰਡਸਟਰੀ ਦੇ ਲੋਕ ?
ਜਵਾਬ – ਮੈਨੂੰ ਲੱਗਦਾ ਹੈ ਕਿ 100 ਚੋਂ 90 % ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਕਿ ਸਾਡੀ ਪੇਮੰਟ ਰਹਿੰਦੀ ਹੈ, ਪਰ 10% ਅਜੀਹੇ ਵੀ ਨੇ ਜਿਹੜੇ ਬਿੰਨ੍ਹਾਂ ਕਹੇ ਹੀ ਪੈਸੇ ਦੇ ਦਿੰਦੇ ਆ। ਪੰਜਾਬੀ ਇੰਡਸਟਰੀ ’ਚ ਜ਼ਿਆਦਾ ਬੁਰਾ ਹਾਲ ਹੈ, ਕਲਾ ਦੀ ਕਦਰ ਨਹੀਂ ਕਰਦੇ ਤੇ ਪਹਿਲਾਂ ਇਹੀ ਸੋਚਦੇ ਨੇ ਕਿ ਬਾਰਗਨਿੰਗ ਕਰ ਲਈਏ ਸ਼ਾਇਦ ਰੇਟ ਥੱਲੇ ਲੈ ਆਵੇ, ਪਰ ਇਹ ਨਹੀਂ ਸੋਚਦੇ ਕਿ ਚੀਜ਼ ਚੰਗੀ ਲੈਣੀ ਆ। ਮਿੰਨਤਾਂ ਕਰਕੇ ਪੈਸੇ ਲੈਣੇ ਪੈਂਦੇ ਆ ਕਿ ਭਾਜੀ ਮੇਰੇ ਪੈਸੇ ਰਹਿੰਦੇ ਆ।
ਸਵਾਲ – ਕਦੀ ਇੰਜ ਨਹੀਂ ਲੱਗਿਆ ਕਿ ਕਾਮਯਾਬੀ ਤੇ ਪਹਿਚਾਣ ਜਲਦੀ ਮਿਲ ਗਈ ਕਿਉਂਕਿ ਬਹੁਤਿਆਂ ਨੂੰ ਇਸ ਖ਼ੇਤਰ ’ਚ ਬਹੁਤ ਮਿਹਨਤ ਤੇ ਮਿੰਨਤਾਂ ਕਰਣੀਆਂ ਪੈਂਦੀਆਂ ਹਨ ?
ਜਵਾਬ – ਦਰਅਸਲ ਜੇ ਮੈਂ ਆਪਣੇ ਹੁਨਰ ਵੱਲ ਦੇਖਾਂ ਜਾਂ ਜਿੰਨੀ ਕੁ ਕੰਮ ਪ੍ਰਤੀ ਸ਼ਿੱਦਤ ਮੈਂ ਦਿਖਾਈ ਹੈ ਉਸ ਹਿਸਾਬ ਨਾਲ ਤਾਂ ਮੈਨੂੰ ਪਹਿਚਾਣ ਦੇਰੀ ਨਾਲ ਮਿਲੀ ਹੈ, ਪਰ ਜੇ ਮੈਂ ਵੈਸੇ ਦੇਖਾਂ ਤਾਂ ਹੋਰਾਂ ਦੇ ਮੁਕਾਬਲੇ ਤਾਂ ਕਹਿ ਸਕਦੇ ਹਾਂ ਕਿ ਜਲਦੀ ਮਿਲ ਗਈ ਪਹਿਚਾਣ।
ਸਵਾਲ – ਸੋਚ ਗੀਤ ਦੀ ਵੀਡੀਓ ਰਾਹੀਂ ਤੁਹਾਡਾ ਸੁਣੇਹਾ ਹੋਰ ਅਸਰਦਾਰ ਤਰੀਕੇ ਨਾਲ ਲੋਕਾਂ ਤਕ ਪਹੁੰਚਿਆ, ਕਿੰਨੇ ਕੁ ਫੈਨਸ ਬਣੇ ਤੇ ਕੋਈ ਯਾਦਗਾਰ ਪਲ ?
ਜਵਾਬ – ਹਾਂ ਜੀ, ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਵੀਡੀਓ ਨੇ ਤਾਂ ਕਮਾਲ ਕਰ ਤਾ ਤੇ ਪਿਆਰ ਕਰਨ ਵਾਲੇ ਵੀ ਕਾਫੀ ਵੱਧ ਗਏ। ਕੁੜੀਆਂ , ਮੁੰਡਿਆਂ ਵੱਲੋਂ ਤੇ ਹਰ ਕਿਸਮ ਦੇ ਪਿਆਰ ਕਰਨ ਵਾਲੇ ਸਰੋਤਿਆਂ ਤੋਂ ਬੇਹਦ ਪਿਆਰ ਮਿਲਿਆ ਤੇ ਇੱਕ ਵਾਰ ਇੱਕ ਫੰਕਸ਼ਨ ’ਤੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਗਾਇਕ ਜੈਜ਼ ਧੰਮੀ ਭਾਜੀ ਮਿਲੇ ਤੇ ਕਹਿੰਦੇ, ‘‘ਯਾਰ ਜਾਨੀ ਨਹੀਂ ਆਇਆ’’ ਤੇ ਮੈਂ ਕਿਹਾ, ‘‘ਭਾਜੀ ਮੈਂ ਹੀ ਹਾਂ ਜਾਨੀ’’ ਤੇ ਕਹਿੰਦੇ, ‘‘ਮੈਂ ਤਾਂ ਸੋਚਿਆ ਕਿ ਸ਼ਾਇਦ 40-45 ਸਾਲ ਦਾ ਹੋਣਾ ਕੋਈ ਜਿੰਨੇ ਸੋਚ ਲਿਖਿਆ’’।
ਸਵਾਲ – ਇੰਡਸਟਰੀ ’ਚ ਅੱਜ ਕੱਲ ਇੱਕ ਹੋਰ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਡਰੱਗ ਦਾ ਇਸਤੇਮਾਲ ਕਰਨ ਨਾਲ ਚੰਗੇ ਗਾਣੇ ਲਿਖੇ ਜਾਂਦੇ ਹਨ, ਕਿੰਨੀ ਕੁ ਸੱਚਾਈ ਹੈ ?
ਜਵਾਬ – ਇਹ ਰੁਝਾਨ ਤਾਂ ਸਹੀ ’ਚ ਹੈ ਕਿ ਲੋਕ ਨਸ਼ਾ ਕਰਦੇ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਕਰਣ ਨਾਲ ਕੋਈ ਵਧੀਆ ਗੀਤ ਲਿਖਿਆ ਜਾਂਦਾ ਹੈ। ਇਹ ਸਭ ਤਾਂ ਤੁਹਾਡੀ ਸੋਚ ਤੇ ਸੋਚਣ ਦੀ ਸ਼ਕਤੀ ’ਤੇ ਨਿਰਭਰ ਕਰਦਾ ਹੈ ਕਿ ਗੀਤ ਕਿਸ ਤਰ੍ਹਾਂ ਦਾ ਹੋਵੇ। ਔਰ ਮੈਂ ਤਾਂ ਕਦੇ ਕਿਸੇ ਨੂੰ ਪੜਿਆ ਵੀ ਨਹੀਂ, ਕਿਤਾਬਾਂ ਪੜਨ ਦੀ ਆਦਤ ਹੀ ਨਹੀਂ ਹੈ। ਇੰਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਕਿ ਤੁਸੀ ਕੀ ਕਰਦੇ ਹੋ ਜਾਂ ਕਿਸ ਤਰ੍ਹਾਂ ਦੇ ਕਪੜੇ ਪਾਉਂਦੇ ਓ। ਗੱਲ ਸਿਰਫ਼ ਸੋਚ ਦੀ ਹੁੰਦੀ ਹੈ ਕਿ ਤੁਸੀ ਉਸ ਸੋਚ ਨੂੰ ਕਿਸ ਤਰਾਂ ਪੇਸ਼ ਕਰਦੇ ਹੋ।
ਸਵਾਲ – ਸੋਚ ਗੀਤ ਨੇ ਤਾਂ ਜਾਨੀ ਨੂੰ ਸਥਾਪਤ ਕਰ ਦਿੱਤਾ, ਪਰ ਹੁਣ ਸੋਚ ਤੋਂ ਅੱਗੇ ਤੇ ਵੱਡਾ ਕੀ ਆਏਗਾ ਤੁਹਾਡੀ ਕਲਮ ਤੋਂ ?
ਜਵਾਬ – ਸੋਚ ਤੋਂ ਅੱਗੇ ਹੁਣ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ ਤੇ ਸਾਡੀ ਉਹੀ ਟੀਮ ਸੋਚ ਤੋਂ ਅੱਗੇ ਤੇ ਵੱਡਾ ਇੱਕ ਗੀਤ ਜਲਦੀ ਲੈ ਕੇ ਆ ਰਹੀ ਹੈ। ਹਾਰਡੀ ਭਾਜੀ ਦੀ ਅਵਾਜ਼ ਤੇ ਬੀ ਪਰਾਕ ਭਾਜੀ ਦੇ ਮਿਊਜ਼ਿਕ ਦੇ ਨਾਲ-ਨਾਲ ਵਿਰਸਾ ਆਰਟਸ ਵੱਲੋਂ ਵੀਡੀਓ ਹੋਵੇਗੀ। ਇਸ ਦੇ ਨਾਲ ਹੀ ਕਮਲ ਖ਼ਾਨ ਭਾਜੀ ਦਾ ਪਹਿਲਾਂ ਇੱਕ ਗੀਤ ਆਏਗਾ ਤੇ ਫ਼ਿਰ ਮੇਰੀ ਇੱਕ ਮਲਟੀ ਐਲਬਮ ਜਿਹੜਾ ਮੇਰਾ ਡ੍ਰੀਮ ਪ੍ਰੋਜੈਕਟ ਵੀ ਹੈ ਤੇ ਇਸਤਿਹਾਨ ਵੀ। ਇਸ ’ਚ ਹਾਰਡੀ ਸੰਧੂ, ਜੱਸੀ ਗਿੱਲ, ਐਮੀ ਵਿਰਕ ਤੇ ਮਨਿੰਦਰ ਬੁੱਟਰ ਤੋਂ ਇਲਾਵਾ 5 ਨਵੇਂ ਗਾਇਕਾਂ ਦੀ ਅਵਾਜ਼ ’ਚ ਮੇਰੇ ਗੀਤ ਹੋਣਗੇ। ਸਤੰਬਰ ਤਕ ਇਹ ਐਲਬਮ ਰੀਲੀਜ਼ ਹੋ ਜਾਵੇਗੀ ਤੇ ਫ਼ਿਰ ਦਿਲਜੀਤ ਦੋਸਾਂਝ ਭਾਜੀ ਨਾਲ ਇੱਕ ਗੀਤ ਤੇ ਅਮਰਿੰਦਰ ਗਿੱਲ ਭਾਜੀ ਤੇ ਹੋਰ ਵੀ ਕਈ ਕਲਾਕਾਰਾਂ ਨਾਲ ਕੰਮ ਕਰ ਰਿਹਾ ਹਾਂ।


