Skip to content
Independent perspectives. Global stories.
BREAKING

ਜਦੋਂ ਮੰਤਰੀ ਦੀ ਮਾਂ ਮਰੀ-ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ

Share this story

ਮਹਿੰਦਰ ਰਾਮ ਫੁਗਲਾਣਾ
ਸੰਪਰਕ : 98768-82028

ਲੇਖ ਦਾ ਸਿਰਲੇਖ ਪੜ੍ਹ ਕੇ ਜਾਂ ਦੇਖ ਕੇ ਹਰ ਪਾਠਕ ਜ਼ਰੂਰ ਸੋਚੀ ਪੈ ਸਕਦਾ ਹੈ ਕਿ ਆਖਰ ਮੰਤਰੀ ਦੀ ਮਾਂ ਕੋਲੋਂ ਲੋਕ ਦੁੱਖੀ ਕਿਉਂ ਸਨ? ਉਸ ਦੇ ਮਰਨ ’ਤੇ ਲੋਕਾਂ ਨੇ ਸੁੱਖ ਦਾ ਸਾਹ ਕਿਉਂ ਲਿਆ? ਕੀ ਮੰਤਰੀ ਦਾ ਮਾਂ ਇੰਨੀ ਕੁਪੱਤੀ ਸੀ ਕਿ ਸਾਰੇ ਲੋਕ ਉਸ ਕੋਲੋਂ ਦੁੱਖੀ ਸਨ? ਕੀ ਮੰਤਰੀ ਦੀ ਮਾਂ ਪਾਗਲ ਸੀ ਜਿਸ ਕੋਲੋਂ ਲੋਕ ਦੁੱਖੀ ਸਨ? ਭਲਾ ਇਹ ਕੀ ਵਰਤਾਰਾ ਹੋਇਆ ਕਿ ਇੱਕ ਇਨਸਾਨ ਇਸ ਫਾਨੀ ਸੰਸਾਰ ਨੂੰ ਤਜ ਗਿਆ ਤੇ ਲੋਕਾਂ ਦਾ ਦੁੱਖ ਭਜ ਗਿਆ? ਗੱਲ ਬਹੁਤੀ ਗੁੰਝਲਦਾਰ ਨਹੀਂ ਹੈ। ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪੰਜਾਬ ਸਰਕਾਰ ਦਾ ਪੈਸੇ ਪੱਖੋਂ ਹੱਥ ਤੰਗ ਹੈ ਜਿਵੇਂ ਕਿ ਵੱਡੇ ਕਬੀਲਦਾਰ ਦਾ ਹੋ ਹੀ ਜਾਂਦਾ ਹੈ। ਸਾਡੀ ਸਰਕਾਰ ਵੀ ਭਾਰੀ ਕਬੀਲਦਾਰ ਹੈ ਜਿਵੇਂ ਇਕ ਵੱਡਾ ਕਬੀਲਦਾਰ ਆਪਣੀ ਬੀਵੀ ਅਤੇ ਬੱਚਿਆਂ ਨੂੰ ਗੱਲਾਂ ਦਾ ਕੜਾਹ ਬਣਾ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਆਪਣੀ ਪਿਆਰੀ ਪਿਆਰੀ ਸਰਕਾਰ ਵੀ ਲਾਰਿਆਂ-ਲੱਪਿਆਂ ਦਾ ਕੜਾਹ-ਪ੍ਰਸ਼ਾਦ ਬਣਾ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ, ਲੋਕ ਭੈੜੇ ਖੁਸ਼ ਹੋਣ ਵਿੱਚ ਨਹੀਂ ਆਉਂਦੇ। ਜਨਤਾ ਹਾਲ ਪਾਹਰਿਆ ਪਾ ਕੇ ਆਪਣੇ ਦੁਖੜੇ ਸਰਕਾਰ ਕੋਲ ਰੋਂਦੀ ਹੈ, ਸਰਕਾਰ ਵਿਚਾਰੀ ‘ਸਹਿਜ ਪੱਕੇ ਸੋ ਮੀਠਾ ਹੋਏ’ ਵਾਲੀ ਕਹਾਵਤ ਦਾ ਪਾਠ ਜਨਤਾ ਨੂੰ ਪੜਾ ਕੇ ਸਬਰ ਦਾ ਘੁੱਟ ਭਰਨ ਲਈ ਕਹਿੰਦੀ ਹੈ। ਸਾਡੀ ਸਰਕਾਰ ਵੀ ਮੋਦੀ ਸਰਕਾਰ ਵਾਂਗ ਆਖਦੀ ਹੈ ਕਿ ‘ਦੜ ਵੱਟ ਜਮਾਨਾ ਕੱਟ-ਭਲੇ ਦਿਨ ਆਂਵਣਗੇ’ ਮੋਦੀ ਵਾਂਗ ਪੰਜਾਬ ਦੀ ਜਨਤਾ ਦੇ ‘ਅੱਛੇ ਦਿਨ’ ਆਨੇ ਵਾਲੇ ਹੈ। ਹੁਣ ਮੰਤਰੀ ਦੀ ਮਾਂ ਦੇ ਮਰਨ ਤੇ ਲੋਕਾਂ ਦੇ ਸੁਖ ਦੇ ਸਾਹ ਦੀ ਗੱਲ ਕਰੀਏ। ਮੇਰਾ ਦੋਸਤ ਮੈਨੂੰ ਇਹ ਗੱਲ ਦੱਸਣ ਲਈ ਆਇਆ ਕਿ ਸਾਡੇ ਮੁਹੱਲੇ ਦੀ ਸੜਕ ਬਣ ਗਈ ਹੈ। ਮੈਂ ਆਖਿਆ ਚਲੋ ਵਧੀਆ ਹੋ ਗਿਆ, ਸੜਕ ਤਾਂ ਬਣ ਗਈ ਜਿਵੇਂ ਸਰਕਾਰ ਕਹਿੰਦੀ ਸੀ। ਕਹਿੰਦਾ ਨਹੀਂ ਯਾਰ ਮੰਤਰੀ ਦੀ ਮਾਂ ਮਰ ਗਈ ਸੀ ਤਾਂ ਸਰਕਾਰ ਨੂੰ ਸੜਕ ਬਣਾਉਣੀ ਪਈ। ਉਸ ਦੋਸਤ ਨਾਲ ਵੀ ਇੱਕ ਅਣਹੋਣੀ ਵਾਪਰੀ ਸੀ, ਟੁੱਟੀ ਸੜਕ ਹੋਣ ਕਰਕੇ। ਮੇਰਾ ਉਹ ਦੋਸਤ ਸਰੀਰ ਪੱਖੋਂ ਤਾਂ ਬਹੁਤ ਠੀਕ-ਠਾਕ ਨਹੀਂ ਸੀ, ਉਹ ਸਾਈਕਲ ’ਤੇ ਹੀ ਸਕੂਲ ਪੜਾਉਣ ਜਾਂਦਾ ਸੀ। ਸਾਈਕਲ ਵੀ ਬਹੁਤਾ ਤੰਦਰੁਸਤ ਨਹੀਂ ਸੀ ਮੇਰੇ ਦੋਸਤ ਵਾਂਗ। ਇਕ ਦਿਨ ਮੇਰਾ ਉਹ ਦੋਸਤ ਪੜਾ ਕੇ ਘਰ ਦੇ ਨੇੜੇ ਪਹੁੰਚਿਆ ਹੀ ਸੀ ਕਿ ਸੜਕ ਦੇ ਟੋਏ ਵਿੱਚ ਮੁਹਰਲਾ ਚੱਕਾ ਪੈਣ ’ਤੇ ਸਾਈਕਲ ਦਾ ਚਿਮਟਾ ਟੁੱਟ ਗਿਆ। ਉਹ ਦੋਸਤ ਸਾਈਕਲ ਵਿੱਚ ਕਸੂਤਾ ਫਸ ਗਿਆ, ਪਿਛੋਂ ਕੁੜੀਆਂ ਦੀ ਡਾਰ ਆਪਣੀ-ਆਪਣੀ ਐਕਟਿਵਾ ’ਤੇ ਆ ਰਹੀ ਸੀ। ਇੱਕ ਇੱਕ ਕਰਕੇ ਉਹ 5-7 ਕੁੜੀਆਂ ਆਪਣੀਆਂ ਐਕਟਿਵਾ ਸਮੇਤ ਉਸ ਵਿਚਾਰ ਅਧਿਆਪਕ ਉਪਰ ਡਿੱਗ ਪਈਆਂ, ਉਥੇ ਤਾਂ ਕੁੜੀਆਂ ਅਤੇ ਐਕਟਿਵਾ ਦਾ ਢੇਰ ਲੱਗ ਗਿਆ। ਜਿਹੜੀਆਂ ਕੁੜੀਆਂ ਉਸ ਅਧਿਆਪਕ ਉਪਰ ਡਿੱਗੀਆਂ ਉਨ੍ਹਾਂ ਵਿੱਚੋਂ ਕੁਝ ਹੱਸ ਰਹੀਆਂ ਸੀ ਤੇ ਕੁਝ ਰੋ ਰਹੀਆਂ ਸੀ। ਕੁੜੀਆਂ ਅਤੇ ਐਕਟਿਵਾ ਦੇ ਢੇਰ ਵਿੱਚ ਦੱਬਿਆ ਅਧਿਆਪਕ ਤੇ ਉਸਦੇ ਸਾਈਕਲ ਦਾ ਨਾਂ-ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ ਸੀ। ਲੋਕਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ, ਇਕੱਠ ਵਿੱਚ ਜ਼ਿਆਦਾ ਮੁਸ਼ਟੰਡੇ ਸਨ। ਇਕੱਠੀ ਹੋਈ

ਜਨਤਾ ਨੂੰ ਮੈਂ ਕਿਹਾ ਕੁੜੀਆਂ ਅਤੇ ਇਨ੍ਹਾਂ ਦੀਆਂ ਐਕਟਿਵਾ ਥੱਲੇ ਇਕ ਸਾਈਕਲ ਅਤੇ ਇਕ ਬੰਦਾ ਦੱਬਿਆ ਪਿਆ ਹੈ। ਅਸੀਂ ਇਕ ਕਰਕੇ ਕੁੜੀਆਂ ਅਤੇ ਉਨ੍ਹਾਂ ਦੀਆਂ ਐਕਟਿਵਾ ਚੁਕੀਆਂ ਤਾਂ ਹੇਠੋ ਵਿਚਾਰੇ ਅਧਿਆਪਕ ਦੋਸਤ ਨੂੰ ਕੱਢਿਆ। ਉਸ ਅਧਿਆਪਕ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਸੀ ਜਿਵੇਂ ਵੱਛੀ ਬੁੱਚੜਾਂ ਵਿੱਚੋਂ ਤਾਜ਼ੀ ਤਾਜ਼ੀ ਛੁੱਟੀ ਹੋਵੇ। ਲੋਕਾਂ ਦਾ ਧੰਨਵਾਦ ਕਰਦਿਆਂ ਉਹ ਦੋਸਤ ਵਾਰ ਵਾਰ ਕਹਿ ਰਿਹਾ ਸੀ ‘ਜਾਨ ਬਚੀ ਤੋਂ ਲਾਖੋਂ ਪਾਏ।’
ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾਉ ਜਿਸ ਵਿਅਕਤੀ ਨਾਲ ਏਡਾ ਵੱਡਾ ਭਾਣਾ ਵਾਪਰਿਆ ਹੋਵੇ ਤਾਂ ਸੜਕ ਬਣਨ ’ਤੇ ਉਸਦੀ ਖੁਸ਼ੀ ਦਾ ਤਾਂ ਕੋਈ ਅੰਤ ਹੋਵੇਗਾ ਨਹੀਂ। ਉਸ ਅਧਿਆਪਕ ਦਾ ਪੱਕਾ ਯਕੀਨ ਸੀ ਕਿ ਜੇਕਰ ਮੰਤਰੀ ਦੀ ਮਾਂ ਨਾ ਮਰਦੀ ਤਾਂ ਸੜਕ ਨਹੀਂ ਸੀ ਬਣਨੀ। ਉਸ ਮੁਹੱਲੇ ਵਿੱਚ ਗਲੀਆਂ ਦੀਆਂ ਬੱਤੀਆਂ ਦੀਆਂ ਵੀ ਬੱਤੀਆਂ ਗੁੱਲ ਰਹਿੰਦੀਆਂ ਸਨ। ਮੁਹੱਲੇ ਵਾਲੇ ਕਾਪੋਰੇਸ਼ਨ ਵਾਲਿਆਂ ਅਤੇ ਉਸ ਮੰਤਰੀ ਨੂੰ ਜਿਸ ਦੀ ਮਾਂ ਮਰਹੀ ਸੀ,ਗਲੀਆਂ ਵਿੱਚ ਲਾਈਟਾਂ ਬਾਰੇ ਕਈ ਵਾਰ ਜੁਬਾਨੀ ਤੇ ਕਈ ਵਾਰ ਲਿਖਤੀ ਅਰਜੋਈਆਂ ਕਰ ਚੁੱਕੇ ਹਨ। ਮੰਤਰੀ ਲਾਰਿਆਂ ਵਾਲੇ ਮੁੰਡੇ ਦਿੰਦਾ ਰਿਹਾ, ਜਿਸ ਦਿਨ ਮੰਤਰੀ ਦੀ ਮਾਂ ਮਰੀ ਉਸੇ ਦਿਨ ਹੀ ਮੁਹੱਲੇ ਦੀਆਂ  ਸਾਰੀਆਂ ਗਲੀਆਂ ਦੀਆਂ ਲਾਈਟਾਂ ਠੀਕ ਹੋ ਗਈਆਂ। ਸਾਰੇ ਮੁਹੱਲੇ ਵਾਲਿਆਂ ਨੂੰ ਲੋਅ ਹੋ ਗਈ ਸੀ ਕਿ ਮੰਤਰੀ ਜੀ ਦੀ ਮਾਂ ਰੱਬ ਨੂੰ ਪਿਆਰੀ ਹੋ ਗਈ। ਲੋਕਾਂ ਵਿੱਚ ਮੰਤਰੀ ਦੀ ਮਾਂ ਦੀ ਮੌਤ ਦੀ ਚਰਚਾ ਸੀ ਕਿ ਚਲੋ ਲਾਈਟਾਂ ਠੀਕ ਹੋ ਗਈਆਂ, ਭਾਵੇਂ ਮੰਤਰੀ ਦੀ ਮਾਂ ਦੇ ਅਕਾਲ ਚਲਾਣੇ ਕਰਕੇ ਹੀ ਠੀਕ ਹੋਈਆਂ। ਕਈ ਘੁਨੱਤਰੀਏ ਘੁਨਤਰਾਂ ਕਰਦੇ ਹਟਦੇ ਨਹੀਂ ਸਨ ਕਿ ਜੇਕਰ ਮੰਤਰੀ ਦੀ ਮਾਂ ਨਾ ਮਰਦੀ ਤਾਂ ਲਾਈਟਾਂ ਨਹੀਂ ਠੀਕ ਹੋਣੀਆਂ ਸਨ। ਘੁਨਤਰੀਆਂ ਨੂੰ ਸਿਆਣੇ ਬੰਦੇ ਆਖਦੇ ਕਿ ਭਲੇਆ ਮਾਣਸਾ ਤੂੁੰ ‘ਅੰਬ ਖਾਣੇ ਕਿ ਪੇੜ ਗਿਣਨੇ ਆ’
ਇਸੇ ਤਰ੍ਹਾਂ ਮੁਹੱਲੇ ਵਿੱਚ ਸਫਾਈ ਨਾ ਹੋਣ ਕਰਕੇ ਨਰਕ ਪਿਆ ਰਹਿੰਦਾ ਸੀ। ਗਲੀਆਂ ਦਾ ਨਰਕ ਕਈ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਸੀ। ਕਈ ਕਈ ਦਿਨ ਘਰਾਂ ਦਾ ਕੂੜਾ ਕਰਕਟ ਵੀ ਘਰਾਂ ਵਿੱਚ ਹੀ ਪਿਆ ਸੀ, ਕਾਰਪੋਰੇਸ਼ਨ ਵਾਲੇ ਵਰੀ-ਛਿਮਾਹੀ ਕੂੜਾ ਚੁੱਕਦੇ ਸਨ। ਮੰਤਰੀ ਦੀ ਮਾਂ ਦੇ ਫੌਤ ਹੋਣ ਕਰਕੇ ਹੋਰ ਮੰਤਰੀਆਂ ਤੇ ਸੰਤਰੀਆਂ ਦੇ ਅਫਸੋਸ ਤੇ ਆਉਣ ਕਾਰਨ ਮਹਿਮਾਨ ਨਿਵਾਜ਼ੀ ਵਜੋਂ ਬਹਾਨੇ ਵਸ ਹੀ ਸਫਾਈ ਹੋ ਗਈ। ਸਫਾਈ ਦੇ ਵੀ ਕੀ ਕਹਿਣੇ ਕਾਰਪੋਰੇਸ਼ਨ ਦੇ ਸਫਾਈ ਸੇਵਕ ਮਰਦ-ਔਰਤਾਂ ਇਸ ਤਰ੍ਹਾਂ ਗਲੀਆਂ ਵਿੱਚ ਸਫਾਈ ਕਰਨ ਲਈ ਟੁੱਟ ਕੇ ਪੈ ਗਈਆਂ। ਜਿਸ ਤਰ੍ਹਾਂ ਅਮਲੀ ਮੁਫਤ ਤੇ ਡੋਡਿਆਂ ਨੂੰ ਪੈਂਦੇ ਹਨ। ਸਾਰੇ ਸਫਾਈ ਸੇਵਕਾਂ ਨੇ ਸਫਾਈ ਦੀਆਂ ਹਨੇਰੀਆਂ ਲਿਆ ਦਿੱਤੀਆਂ, ਸਫਾਈ ਵੀ ਗਲੀਆਂ ਮੁਹੱਲਿਆਂ ਦੀ ਇਸ ਤਰ੍ਹਾਂ ਕੀਤੀ ਕਿ 6 ਮਹੀਨਿਆਂ ਤੱਕ ਸਫਾਈ ਦੀ ਲੋੜ ਨਹੀਂ ਪੈਣੀ।
ਇਸੇ ਤਰ੍ਹਾਂ ਮੁਹੱਲੇ ਵਾਲੇ ਪਾਣੀ ਨੂੰ ਕਈ ਕਈ ਹਫਤਿਆਂ ਤੋਂ ਤਰਸ ਰਹੇ ਸਨ। ਕਈ ਵਾਰ ਖਾਲੀ ਬਾਲਟੀਆਂ ਖੜਕਾ ਖੜਕਾ ਕੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸੁੱਤੀ ਨੀਂਦ ਤੋਂ ਜਗਾ ਰਹੇ ਸਨ ਪਰ ਅਧਿਕਾਰੀ ਕੁੰਭਕਰਨੀ ਨੀਂਦ ਤਿਆਗਣ ਲਈ ਰਾਜ਼ੀ ਨਹੀਂ ਸਨ। ਮੰਤਰੀ ਜੀ ਦੀ ਮਾਂ ਦੀ ਮੌਤ ਦੀ ਖਬਰ ਸੁਣ ਕੇ ਕਾਰਪੋਰੇਸ਼ਨ ਦੇ ਸਾਰੇ ਵੱਡੇ ਤੋਂ ਛੋਟੇ ਅਧਿਕਾਰੀਆਂ ਦੀ ਨੀਂਦ ਖਰਾਬ ਹੋ ਗਈ ਭਾਵ ਨੀਂਦ ਉਡ ਗਈ। ਜਿੱਥੇ ਪਹਿਲਾ ਪਾਣੀ ਦੀਆਂ ਟੁੂਟੀਆਂ ਬੂੰਦ ਬੂੰਦ ਪਾਣੀ ਨੂੰ ਕਈ ਹਫਤਿਆਂ ਤੋਂ ਤਰਸ ਰਹੀਆਂ ਸਨ। ਹੁਣ ਟੁੂਟੀਆਂ ਦੇ ਮੂੰਹਾਂ ’ਤੇ ਵੀ ਰੌਣਕਾਂ ਦੇਖਣ ਵਾਲੀਆਂ ਸਨ। ਪਾਣੀ ਦੀਆਂ ਬਹਾਰਾਂ ਲੱਗ ਗਈਆਂ। ਮੰਤਰੀ ਜੀ ਦੀ ਮਾਂ ਦੇ ਅਕਾਲ ਚਲਾਣੇ ਤੇ ਇਕੱਲਾ ਇਨਸਾਨਾਂ ਨੇ ਨਹੀਂ ਸੁੱਖ ਦਾ ਸਾਹ ਲਿਆ, ਸਗੋਂ ਪਸ਼ੂ-ਪੰਛੀਆਂ ਨੇ ਵੀ ਸ਼ੁਕਰ ਮਨਾਇਆ। ਜਿਹੜੇ ਕਈ-ਕਈ ਹਫਤਿਆਂ ਤੋਂ ਆਪਣੀਆਂ ਚੁੰਜਾਂ ਨੂੰ ਔੜ ਦੀ ਮਾਰ ਤੋਂ ਛੁਟਕਾਰਾਰ ਪਾ ਕੇ ਖੁਸ਼ ਸਨ।
ਜਿਸ ਦਿਨ ਮੰਤਰੀ ਜੀ ਦੀ ਮਾਤਾ ਦੀਆਂ ਅੰਤਮ ਰਸਮਾਂ ਸਨ ਭਾਵ ਅੰਤਮ ਅਰਦਾਸ ਸੀ ਉਸ ਦਿਨ ਤਾਂ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ ਸੀ। ਸੜਕਾਂ ਲਿਸ਼ਕਦੀਆਂ ਪਈਆਂ। ਉਹ ਟੋਏ ਖੱਡੇ ਸੱਭ ਗਾਇਬ, ਮਲਾਈ ਵਰਗੀਆਂ ਸੜਕਾਂ, ਜਗ-ਮਗ -ਜਗ-ਮਗ ਕਰਦੀਆਂ ਲਾਈਟਾਂ, ਜਾਹ ਕਿਤੇ ਕੂੜੇ ਦਾ ਕੱਖ ਵੀ ਦਿਖਾਈ ਦਿੰਦਾ ਹੋਵੇ। ਸਵਰਗ ਬਣਿਆ ਪਿਆ ਸੀ। ਸਭ ਤੋਂ ਜ਼ਿਆਦਾ ਅੰਤਮ ਅਰਦਾਸ ਦਾ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਇਆ ਜਿਹੜੇ ਲੋਕ ਕੂੜੇ ਦੇ ਢੇਰਾਂ ਤੋਂ ਕਾਗਜ਼ ਚੁੱਕਦੇ ਫਿਰਦੇ ਹੁੰਦੇ ਹਨ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਨ੍ਹਾਂ ਨੇ ਕਦੀ ਉਸ ਕਿਸਮ ਦਾ ਕਦੀ ਭੋਜਣ ਤਾਂ ਕੀ ਖਾਣਾ ਕਦੀ ਸੁਫਨਾ ਵੀ ਨਹੀਂ ਲਿਆ ਸੀ। ਤਰ੍ਹਾਂ ਤਰ੍ਹਾਂ ਦੀਆਂ ਦਾਲਾਂ, ਰੰਗ ਬਿਰੰਗੀਆਂ ਸਬਜ਼ੀਆਂ, ਰੰਗ ਬਿਰੰਗੇ ਫੁਲਕੇ, ਕੜਾਹ-ਜਲੇਬੀਆਂ, ਖੀਰ ਦਾ ਕੋਈ ਅੰਤ ਨਹੀਂ, ਪਾਣ ਵੀ ਬਿਜਲਰੀ। ਗਰੀਬ ਗੁਰਬਿਆਂ ਨੂੰ ਕੱਢ ਕਸਰਾਂ ਦਿੱਤੀਆਂ। ਪਕਵਾਨਾਂ ਦੀਆਂ ਦਾਅ ਲੱਗਾ ਤਾਂ ਲਫਾਫਿਆਂ ਵਿੱਚ ਵੀ ਪਾ ਲਿਆ ਚੋਰੀ-ਛਿੱਪੇ, ਮੌਜ਼ਾਂ ਹੀ ਮੌਜ਼ਾਂ ਲੱਗੀਆਂ ਪਈਆਂ ਸਨ, ਉਸ ਦਿਨ ਗਰੀਬ ਗੁਰਬਿਆਂ ਦੀਆਂ।
ਇੱਕ ਵੱਖਰਾ ਨਜ਼ਾਰਾ ਮੰਤਰੀ ਜੀ ਦੀ ਮਾਂ ਦੀਆਂ ਅੰਤਿਮ ਰਸਮਾਂ ਸਮੇਂ ਦੇਖਿਆ ਕਿ ਅੱਗੋਂ ਪਾਰਲੀਮੈਂਟ ਦੀਆਂ ਚੋਣਾਂ ਸਨ। ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਰੇ ਮੰਤਰੀ, ਸਾਰੇ ਐਮ.ਐਲ.ਏ. ਸਾਰੇ ਪੰਜਾਬ ਦੇ ਚੀਫਪਾਰਲੀਮਾਨੀ ਸਕੱਤਰ, ਰੰਗ-ਬਿਰੰਗੇ ਚੇਅਰਮੈਨ ਹਾਜ਼ਰ ਸਨ। ਇਥੋਂ ਤੱਕ ਕਾਂਗਰਸੀ, ਬਹੁਜਨ ਸਮਾਜ ਪਾਰਟੀ, ਕਾਮਰੇਡ  ਪੀ.ਪੀ.ਪੀ.ਵਾਲੇ ਮੰਤਰੀ ਜੀ ਕੋਲ ਉਸਦੀ ਮਾਂ ਦਾ ਅਫਸੋਸ ਘੱਟ ਕਰਦੇ ਪਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਦਰਸ਼ਨਾਂ ਲਈ ਬਹੁਤ ਕਾਹਲੇ ਸਨ।
ਇਥੋਂ ਤੱਕ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਫਰਲੋ ਲੈ ਕੇ ਅੰਤਿਮ ਅਰਦਾਸ ਵਿੱਚ ਘੱਟ ਜਿਵੇਂ ਸਰਕਾਰ ਦੇ ਮੰਤਰੀਆਂ ਨੂੰ ਜ਼ਿਆਦਾ ਮਿਲਣ ਆਏ ਹੋਣ। ਇਸ ਤਰ੍ਹਾਂ ਨਜ਼ਾਰਾ ਸੀ ਜਿਵੇਂ ਅੰਤਿਮ ਅਰਦਾਸ ਨਾ ਹੋ ਕੇ ਜਿਵੇਂ ਹੋਲਾ ਮੁਹੱਲਾ ਸੀ, ਇਸ ਤਰ੍ਹਾਂ ਲੋਕ ਗੱਪਾਂ ਮਾਰਨ ਦੇ ਨਾਲ-ਨਾਲ 10 ਏਕੜ ਲੱਗੇ ਪੰਡਾਲ ਵਿੱਚ ਥਾਂ ਥਾਂ ਪੱਖਿਆਂ ਅਤੇ ਕੂਲਰਾਂ ਦੀ ਹਵਾ ਫੱਕ ਰਹੇ ਸਨ। ਮੰਤਰੀ ਜੀ ਦੀ ਮਾਂ ਦੇ ਮਰਨ ਨਾਲ ਸਾਰੇ ਮੁਹੱਲਾ ਨਿਵਾਸੀ ਬੜੇ ਖੁਸ਼ ਸਨ-ਸਾਰੇ ਕਹਿ ਰਹੇ ਸਨ ਹੁਣ ਸੁਖਦਾ ਸਾਹ ਆਇਆ।

WRITTEN BY