ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਨਟਵਰ ਸਿੰਘ ਦੀ ਕਿਤਾਬ ’ਤੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੇ ਤਿੱਖੀ ਪ੍ਰਤੀਕਿਰਆ ਵਿਅਕਤ ਕੀਤੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਵੀ ਆਪਣੀ ਇੱਕ ਕਿਤਾਬ ਲਿਖਾਂਗੀ, ਜਿਸਦੇ ਸਾਹਮਣੇ ਆਉਣ ਤੋਂ ਬਾਅਦ ਸੱਚ ਸਾਹਮਣੇ ਆ ਜਾਵੇਗਾ। ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਰਹਿ ਚੁੱਕੇ ਨਟਵਰ ਸਿੰਘ ਦੇ ਦਾਅਵੇ ਨੂੰ ਬੇਬੁਨਿਆਦ ਦੱਸਦੇ ਹੋਏ ਕਾਂਗਰਸ ਨੇਤਾਵਾਂ ਨੇ ਇਸਨੂੰ ਕਿਤਾਬ ਦੇ ਪ੍ਰਮੋਸ਼ਨ ਦਾ ਤਰੀਕਾ ਦੱਸਿਆ। ਕਾਂਗਰਸ ਨੇਤਾ ਅੰਬਿਕਾ ਸੋਨੀ ਨੇ ਨਟਵਰ ਸਿੰਘ ’ਤੇ ਕਿਤਾਬ ਵੇਚਣ ਲਈ ਟੀਵੀ ’ਤੇ ਗਿਰੇ ਹੋਏ ਬਿਆਨ ਦੇਣ ਦਾ ਇਲਜ਼ਾਮ ਲਗਾਇਆ। ਅੰਬਿਕਾ ਸੋਨੀ ਨੇ ਕਿਹਾ ਕਿ ਨਟਵਰ ਸਿੰਘ ਜੋ ਇੰਦਰਾ ਜੀ ਦੇ ਸਮੇਂ ‘ਚ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ
ਸਨ, ਅੱਜ ਆਪਣੀ ਕਿਤਾਬ ਵੇਚਣ ਲਈ ਟੀਵੀ ’ਤੇ ਇਸ ਤਰ੍ਹਾਂ ਦੇ ਗਿਰੇ ਹੋਏ ਬਿਆਨ ਦੇ ਰਹੇ ਹੈ ।ਨਟਵਰ ਸਿੰਘ ਬਾਰੇ ਗੱਲ ਕਰਦੇ ਹੋਏ ਸ੍ਰੀਮਤੀ ਗਾਂਧੀ ਨੇ ਆਖਿਆ ਹੈ ਕਿ ਉਸ ਨੇ ਜੋ ਕਹਿਣਾ ਕਰਨਾ ਹੈ ਉਹ ਕਰਦੇ ਰਹਿਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਨ੍ਹਾਂ ਨੂੰ ਜੇਕਰ ਅਜਿਹੇ ਕੰਮਾਂ ਤੋਂ ਖੁਸ਼ੀ ਮਿਲਦੀ ਹੈ ਤਾਂ ਉਹ ਕਰਦੇ ਰਹਿ ਸਕਦੇ ਹਨ। ਲੇਕਿਨ ਮੈਨੂੰ ਇਸ ਤੋਂ ਕੋਈ ਤਕਲੀਫ ਨਹੀਂ ਹੁੰਦੀ ਕਿਉਂਕਿ ਮੈਨੂੰ ਇਸ ਸਭ ਦੀ ਆਦਤ ਪੈ ਚੁੱਕੀ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਟਵਰ ਸਿੰਘ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਆਖਿਆ ਹੈ ਕਿ ਉਨ੍ਹਾਂ ਨੇ ਸੋਨੀਆਂ ਗਾਂਧੀ ਨੂੰ ਕੋਈ ਸਰਕਾਰੀ ਫਾਈਲ ਨਹੀਂ ਦਿਖਾਈ।



