ਯੋਰੋਸ਼ਲਮ, 30 ਜੁਲਾਈ (ਪੀ. ਟੀ)- ਇਸਰਾਈਲ ਨੇ ਅੱਜ ਸੰਘਰਸ਼ ਦੇ 23ਵੇਂ ਦਿਨ ਗਾਜ਼ਾ ਪੱਟੀ ‘ਤੇ ਹਮਲਾ ਕਰਦਿਆਂ ਭਾਰੀ ਬੰਬਾਰੀ ਕੀਤੀ। ਇਸਰਾਈਲ ਦਾ ਕਹਿਣਾ ਹੈ ਕਿ ਉਸ ਨੇ ਇਸ ਹਮਲੇ ਵਿਚ ਤੱਟਵਰਤੀ ਗਾਜ਼ਾ ਵਿਚ ਹਮਾਸ ਦੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉੱਤਰੀ ਗਾਜ਼ਾ ਦੇ ਜੇਵਾਲੀਆ ਵਿਚ ਇਸਰਾਈਲੀ ਟੈਂਕਾਂ ਦੀ ਗੋਲਾਬਾਰੀ ਤੇ ਲੜਾਕੂ ਹਵਾਈ ਜਹਾਜ਼ਾਂ ਦੀ ਬੰਬਾਰੀ ਵਿਚ 43 ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ 20 ਸਕੂਲੀ ਬੱਚੇ ਸ਼ਾਮਿਲ ਹਨ। ਹਮਲੇ ਦੌਰਾਨ ਸੰਯੁਕਤ ਰਾਸ਼ਟਰ ਦੇ ਇਕ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜੇਵਾਲੀਆ ਵਿਚ 8 ਮ੍ਰਿਤਕਾਂ ਵਿਚੋਂ 5 ਇਕ ਹੀ ਪਰਿਵਾਰ ਦੇ ਜੀਅ ਸਨ। ਇਸ ਦੌਰਾਨ ਮਿਸਰ ਦੇ ਅਧਿਕਾਰੀਆਂ ਨੇ ਗਾਜ਼ਾ ਪੱਟੀ ਵਿਚ ਫਿਰ ਤੋਂ ਜੰਗਬੰਦੀ ਲਾਗੂ ਕਰਨ ਲਈ ਇਕ ਖਰੜਾ ਤਿਆਰ ਕੀਤਾ ਹੈ। ਇਸਰਾਈਲ ਦੇ ਦੋ ਟੀ. ਵੀ. ਚੈਨਲਾਂ ਨੇ ਖ਼ਬਰ ਦਿੱਤੀ ਹੈ ਕਿ ਕਾਹਿਰਾ ਵਿਚ ਜੰਗਬੰਦੀ ਦੀਆਂ ਕੋਸ਼ਿਸ਼ਾਂ
ਸਫਲਤਾ ਵੱਲ ਵੱਧ ਰਹੀਆਂ ਹਨ ਤੇ ਗੱਲਬਾਤ ਵਿਚ ਹਿੱਸਾ ਲੈਣ ਲਈ ਫਲਸਤੀਨੀਆਂ ਦਾ ਇਕ ਵਫਦ ਇਥੇ ਪੁੱਜਣ ਵਾਲਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਪਿਛਲੇ 6 ਸਾਲਾਂ ਦੌਰਾਨ ਇਸ ਖੂਨੀ ਸੰਘਰਸ਼ ਵਿਚ 1262 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਨਾਗਰਿਕ ਹਨ। ਇਸ ਤੋਂ ਬਿਨਾਂ 7 ਹਜ਼ਾਰ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਜੰਗ ਕਾਰਨ ਗਾਜ਼ਾ ਦੇ ਲਗਭਗ 2 ਲੱਖ, 15 ਹਜ਼ਾਰ ਨਿਵਾਸੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ।


