ਸ੍ਰੀਨਗਰ, 26 ਜੁਲਾਈ (ਪੀ. ਟੀ)- ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਕਸਬੇ ‘ਚ ਅੱਤਵਾਦੀਆਂ ਵਲੋਂ ਅੱਜ ਤੜਕੇ ਕੀਤੇ ਗਏ ਗ੍ਰਨੇਡ ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਤੇ ਚਾਰ ਹੋਰ ਜ਼ਖ਼ਮੀਂ ਹੋ ਗਏ। ਪੁਲਿਸ ਬੁਲਾਰੇ ਨੇ ਦੱਸਿਆ ਕਿ ਤੜਕੇ ਕਰੀਬ ਢਾਈ ਵਜੇ ਅੱਤਵਾਦੀਆਂ ਨੇ ਸੋਪੋਰ ‘ਚ ਮੁੱਖ ਚੌਕ ਦੇ ਨੇੜੇ ਇੱਕ ਪੁਲਿਸ ਦਲ ‘ਤੇ ਗ੍ਰਨੇਡ ਸੁੱਟਿਆ। ਉਸ ਸਮੇਂ ਸ਼ਰਾਰਤੀ ਤੱਤ ਪੁਲਿਸ ‘ਤੇ ਪਥਰਾਅ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹਮਲੇ ‘ਚ 5 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀ ਹੋਏ ਇੱਕ ਪੁਲਿਸ ਮੁਲਾਜ਼ਮ ਐਮ ਸਈਦ ਨੇ ਬਾਅਦ ‘ਚ ਦਮ ਤੋੜ ਦਿੱਤਾ। ਦੋ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਸ੍ਰੀਨਗਰ ਲਿਜਾਇਆ ਗਿਆ ਹੈ, ਜਦੋਂ ਕਿ ਦੋ ਹੋਰ ਪੁਲਿਸ ਮੁਲਾਜ਼ਮਾਂ ਦਾ ਇਲਾਜ ਸੋਪੋਰ ਹਸਪਤਾਲ ‘ਚ ਚੱਲ ਰਿਹਾ ਹੈ। ਕਿਸੇ ਅੱਤਵਾਦੀ ਸੰਗਠਨ ਨੇ ਅਜੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।



