ਗੁਰਦੁਆਰੇ ਦੀ ਜਮੀਨ ਨੂੰ ਲੈ ਕੇ ਹੋਇਆ ਝਗੜਾ ਵੱਡੇ ਪੱਧਰ ’ਤੇ ਅੱਗਜਨੀ
ਸਹਾਰਨਪੁਰ, 26 ਜੁਲਾਈ (ਪੀ. ਟੀ. ਲਾਇਵ)- ਯੂਪੀ ਦੇ ਸਹਾਰਨਪੁਰ ‘ਚ ਦੋ ਘੱਟ ਗਿਣਤੀ ਭਾਈਚਾਰਿਆਂ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਹੋਏ ਤਿੱਖੇ ਖੂਨੀ ਟਕਰਾਅ ਦੌਰਾਨ ਦੋ ਵਿਅਕਤੀ ਮਾਰੇ ਗਏ ਜਦੋਂ ਕਿ ਦੋ ਪੁਲਿਸ ਵਾਲਿਆਂ ਸਮੇਤ 17 ਗੰਭੀਰ ਜ਼ਖਮੀ ਹੋਏ ਹਨ। ਬੇਕਾਬੂ ਭੀੜ ਨੇ ਵੱਡੇ ਪੱਧਰ ’ਤੇ ਸਾੜਫੂਕ ਕੀਤੀ ਅਤੇ ਦੁਕਾਨਾਂ ਨੂੰ ਲੁੱਟ ਲਿਆ। ਇਸ ਘਟਨਾ ਪਿੱਛੋਂ ਪ੍ਰਸ਼ਾਸਨ ਨੇ ਸ਼ਹਿਰ ਦੇ ਪ੍ਰਮੁੱਖ ਹਿੱਸਿਆਂ ਵਿੱਚ ਕਰਫਿਊ ਲਾ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਸਨ। ਸਿੱਖ ਹਲਕਿਆਂ ਵੱਲੋਂ ਮੌਤਾਂ ਦੀ ਗਿਣਤੀ 1 ਦਰਜਨ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸ਼ਹਿਰ ਦੇ ਇੱਕ ਗੁਰਦੁਆਰੇ ਦੀ ਜਮੀਨ ਸਬੰਧੀ ਦੋਹਾਂ ਫਿਰਕਿਆਂ ਦਰਮਿਆਨ ਕਬਜ਼ੇ ਨੂੰ ਲੈ ਕੇ ਵੱਡੇ ਤੜਕੇ ਟਕਰਾਅ ਹੋ ਗਿਆ
। ਇੱਕ ਫਿਰਕੇ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦਿਆਂ ਆਪਸੀ ਟਕਰਾਅ ਵੱਧ ਗਿਆ। ਝੜਪ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਤੋੜਫੋੜ ਤੇ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਿੱਖ ਭਾਈਚਾਰੇ ਦੀਆਂ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਸ਼ਹਿਰ ਦੇ ਕੁੱਝ ਇਲਾਕਿਆਂ ‘ਚ ਅਜੇ ਵੀ ਤਣਅ ਬਰਕਰਾਰ ਹੈ। ਘਟਨਾ ਕੱਲ੍ਹ ਰਾਤ ਦੀ ਹੈ ਜਦੋਂ ਦੋਵਾਂ ਗੁਟਾਂ ਦੇ ‘ਚ ਝੜਪ ਸ਼ੁਰੂ ਹੋਈ। ਸੰਘਰਸ਼ ‘ਚ ਦੋਵਾਂ ਗੁਟਾਂ ਦੇ ‘ਚ ਜੰਮਕੇ ਫਾਇਰਿੰਗ ਹੋਈ ਦੱਸੀ ਜਾਂਦੀ ਹੈ। ਇਸ ਦੌਰਾਨ ਚਾਰ ਲੋਕਾਂ ਨੂੰ ਗੋਲੀ ਲੱਗ ਗਈ ਹੈ। ਇਸਤੋਂ ਬਾਅਦ ਉੱਥੇ ਕਰਫਿਊ ਲਗਾ ਦਿੱਤਾ ਗਿਆ ਹੈ। ਪੂਰੇ ਇਲਾਕੇ ‘ਚ ਭਾਰੀ ਪੁਲਿਸ ਬਲ ਤੈਨਾਤ ਕੀਤੇ ਗਏ ਹਨ। ਹਾਲਾਂਕਿ ਹਾਲਾਤ ਅਜੇ ਵੀ ਨਾਜਕ ਬਣੇ ਹੋਏ ਹਨ। ਕੁਝ ਸ਼ਰਾਰਤੀ ਲੋਕਾਂ ਨੇ ਪੁਲਿਸ ਦੀ ਗੱਡੀ ‘ਤੇ ਵੀ ਹਮਲਾ ਕਰ ਦਿੱਤਾ। ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਉਂਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਜਨਤਕ ਟ੍ਰਾਂਸਪੋਰਟ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਜਿਸ ਕਾਰਨ ਮੁੱਖ ਮਾਰਗ ’ਤੇ ਕਈਂ ਘੰਟੇ ਟ੍ਰੈਫਿਕ ਜਾਮ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਇਸ ਘਟਨਾ ਤੋਂ ਡੂੰਘਾ ਦੁੱਖ ਪ੍ਰਗਟਾਇਆ ਗਿਆ ਹੈ। ਕਮੇਟੀ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਦਲ ਦਾ ਗਠਨ ਕੀਤਾ ਹੈ। ਕਮੇਟੀ ਦਾ ਵਫਦ ਤੁਰੰਤ ਸਹਾਰਨਪੁਰ ਭੇਜਿਆ ਗਿਆ ਹੈ। ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਆਖਿਆ ਹੈ ਕਿ ਇਹ ਟਕਰਾਅ ਆਰ ਐਸ ਐਸ ਦੀ ਸਾਜ਼ਿਸ਼ ਹੈ। ਪ੍ਰਸ਼ਾਸਨ ਵੱਲੋਂ ਇਸ ਖੇਤਰ ਵਿੱਚ ਪੀ ਏ ਸੀ ਅਤੇ ਰੈਪਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਰਾਜ ਸਰਕਾਰ ਵੱਲੋਂ ਸ਼ਹਿਰ ਵਿੱਚ ਹਿੰਸਾ ਨੂੰ ਰੋਕਣ ਲਈ ਚੌਕਸੀ ਦੇ ਯਤਨ ਕੀਤੇ ਗਏ ਹਨ। ਇਸ ਘਟਨਾ ਦੇ ਰੋਸ ਵੱਜੋਂ ਪੰਜਾਬ ਵਿੱਚ ਵੀ ਕਈਂ ਥਾਈਂ ਰੋਸ ਪ੍ਰਗਟ ਕੀਤਾ ਗਿਆ। ਜਲੰਧਰ ਵਿੱਚ ਜੱਥੇਦਾਰ ਜਗਜੀਤ ਸਿੰਘ ਗਾਬਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਇੰਨਸਾਫ ਦੀ ਮੰਗ ਕੀਤੀ ਗਈ।



