ਗਾਜ਼ਾ/ਯੋਰੋਸ਼ਲਮ, 25 ਜੁਲਾਈ (ਪੀ. ਟੀ)- ਹਮਾਸ ਦੇ ਰਾਕਟ ਹਮਲਿਆਂ ਨੂੰ ਰੋਕਣ ਤੇ ਉਸ ਦੇ ਜ਼ਮੀਨੀ ਢਾਂਚੇ ਨੂੰ ਤਬਾਹ ਕਰਨ ਦੇ ਟੀਚੇ ਨਾਲ ਇਸਰਾਈਲ ਵਲੋਂ ਗਾਜ਼ਾ ‘ਚ ਚਲਾਈ ਜਾ ਰਹੀ ਫ਼ੌਜੀ ਮੁਹਿੰਮ ‘ਚ ਬੀਤੀ ਰਾਤ 42 ਫਲਸਨੀਤੀ ਮਾਰੇ ਗਏ। ਇਸ ਦੇ ਨਾਲ ਹੀ 18 ਦਿਨਾਂ ਦੇ ਇਸ ਸੰਘਰਸ਼ ‘ਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 800 ਤੋਂ ਵੱਧ ਹੋ ਗਈ ਹੈ। ਉਤਰੀ ਗਾਜ਼ਾ ‘ਚ ਸਥਿਤ ਸੰਯੁਕਤ ਰਾਸ਼ਟਰ ਦੇ ਇਕ ਸਕੂਲ ‘ਤੇ ਇਸਰਾਈਲੀ ਹਮਲੇ ‘ਚ 15 ਫਲਸਤੀਨੀਆਂ ਦੇ ਮਾਰੇ ਜਾਣ ਤੇ 200 ਤੋਂ ਵੱਧ ਜ਼ਖ਼ਮੀ ਹੋਣ ਤੋਂ ਬਾਅਦ ਜੰਗਬੰਦੀ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਮੰਗ ਹੋਰ ਤੇਜ਼ ਹੋ ਗਈ ਹੈ। ਹਮਲੇ ਦੇ ਸਮੇਂ ਸਕੂਲ ‘ਚ ਸੈਂਕੜੇ ਵਿਸਥਾਪਿਤ ਲੋਕ ਮੌਜੂਦ ਸਨ। ਸੰਯੁਕਤ ਰਾਸ਼ਟਰ ਪ੍ਰਮੁੱਖ ਬਾਨ ਕੀ ਮੂਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਫਲਸਤੀਨੀ
ਖੇਤਰ ‘ਚ ਇਸਰਾਈਲ ਦੀ ਕਾਰਵਾਈ ਨੂੰ ਯੁੱਧ ਅਪਰਾਧ ਮੰਨਿਆ ਜਾ ਸਕਦਾ ਹੈ। ਹੁਣ ਤੱਕ ਕੁੱਲ 804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਅਨੁਸਾਰ ਫਿਲਹਾਲ ਸੰਯੁਕਤ ਰਾਸ਼ਟਰ ਦੇ ਸਕੂਲਾਂ ‘ਚ 118000 ਤੋਂ ਵੱਧ ਲੋਕ ਸ਼ਰਨ ਲੈ ਚੁੱਕੇ ਹਨ। ਹੁਣ ਤੱਕ ਸੰਘਰਸ਼ ‘ਚ 32 ਇਸਰਾਈਲੀ ਫ਼ੌਜੀ ਤੇ ਤਿੰਨ ਨਾਗਰਿਕ ਮਾਰੇ ਗਏ ਹਨ।


