ਗੱਲਬਾਤ ਲਈ ਮਿਸਰ ਪੁੱਜੇ ਕੈਰੀ ਨੂੰ ਇਜ਼ਰਾਇਲ ਵੱਲੋਂ ਜੰਗਬੰਦੀ ਕਰਨ ਤੋਂ ਸਿੱਧੀ ਨਾਂਹ
ਗਾਜ਼ਾ/ਯੋਰੋਸ਼ਲਮ, 22 ਜੁਲਾਈ (ਪੀ. ਟੀ. ਲਾਇਵ)- ਗਾਜ਼ਾ ’ਚ ਇਸਰਾਈਲੀ ਫ਼ੌਜ ਤੇ ਹਮਾਸ ਵਿਚਾਲੇ ਸੰਘਰਸ਼ ਜਾਰੀ ਹੈ, ਜਿਥੇ ਬੀਤੇ 15 ਦਿਨਾਂ ‘ਚ ਇਸਰਾਈਲੀ ਹਮਲਿਆਂ ‘ਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 583 ਹੋ ਗਈ ਹੈ। ਇਸ ਸੰਘਰਸ਼ ‘ਚ 27 ਇਸਰਾਈਲੀ ਫ਼ੌਜੀ ਵੀ ਮਾਰੇ ਜਾ ਚੁੱਕੇ ਹਨ। ਇਸ ਲੜਾਈ ਨੂੰ ਖ਼ਤਮ ਕਰਨ ਲਈ ਜੰਗਬੰਦੀ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ, ਹਾਲਾਂਕਿ ਕਤਰ ਤੇ ਮਿਸਰ ‘ਚ ਇਸ ਨੂੰ ਲੈ ਕੇ ਅੰਤਰਰਾਸ਼ਟਰੀ ਕੋਸ਼ਿਸ਼ਾਂ ਜਾਰੀ ਹਨ। ਫਲਸਤੀਨੀ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਗਾਜ਼ਾ ਦੇ ਇਕ ਹਸਪਤਾਲ ‘ਤੇ ਇਸਰਾਈਲ ਦੇ ਤਾਜ਼ਾ ਹਮਲੇ ‘ਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ ਤੇ 70 ਹੋਰ ਜ਼ਖ਼ਮੀ ਹੋਏ। ਇਸ ਹਮਲੇ ‘ਚ ਕਈ ਡਾਕਟਰ ਵੀ ਜ਼ਖ਼ਮੀ ਹੋਏ ਹਨ। ਗਾਜ਼ਾ ਦੇ
ਡੇਰ ਅਲ ਬਾਲਾਹ ਇਲਾਕੇ ‘ਚ ਇਸਰਾਈਲ ਦੇ ਹਮਲੇ ‘ਚ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ, ਜਿਸ ‘ਚ ਚਾਰ ਮਹਿਲਾਵਾਂ ਸ਼ਾਮਿਲ ਹਨ। ਇਸ ਦੇ ਨੇੜੇ ਨੁਸਰੈਤ ਤੇ ਖ਼ਾਨ ਯੂਨੁਸ ਇਲਾਕਿਆਂ ‘ਚ ਵੀ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਇਸਰਾਈਲੀ ਰੱਖਿਆ ਬਲ (ਆਈ.ਡੀ.ਐਫ.) ਨੇ ਕਿਹਾ ਕਿ ਉਸ ਨੇ ਹਸਪਤਾਲ ‘ਚ ਮਿਜ਼ਾਇਲ ਰੋਧੀ ਟੈਂਕ ਰੱਖੇ ਜਾਣ ਵਾਲੇ ਗੁਪਤ ਸਥਾਨ ਨੂੰ ਨਿਸ਼ਾਨਾ ਬਣਾਇਆ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਇਸਰਾਈਲੀ ਹਮਲਿਆਂ ‘ਚ ਦੋ ਪਰਿਵਾਰਾਂ ਦੇ 30 ਤੋਂ ਵੱਧ ਮੈਂਬਰਾਂ ਦੀ ਮੌਤ ਹੋ ਗਈ। ਇਸਰਾਈਲੀ ਫ਼ੌਜ ਨੇ ਅੱਜ ਕਿਹਾ ਕਿ ਕੱਲ੍ਹ ਗਾਜ਼ਾ ‘ਚ ਉਸ ਦੇ 7 ਫ਼ੌਜੀਆਂ ਦੀ ਮੌਤ ਹੋਈ, ਜਿਸ ਨਾਲ ਇਸ ਸੰਘਰਸ਼ ‘ਚ ਮਾਰੇ ਗਏ ਇਸਰਾਈਲੀ ਫ਼ੌਜੀਆਂ ਦੀ ਗਿਣਤੀ 27 ਹੋ ਗਈ। ਇਸ ਸੰਘਰਸ਼ ‘ਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 3640 ਤੱਕ ਪੁੱਜ ਗਈ ਹੈ। ਗਾਜ਼ਾ ‘ਚ ਕੰਮ ਕਰ ਰਹੀਆਂ ਸੰਯੁਕਤ ਰਾਸ਼ਟਰ ਏਜੰਸੀਆਂ ਨੇ ਕਿਹਾ ਕਿ ਹੁਣ ਤੱਕ ਇਕ ਲੱਖ ਤੋਂ ਵੱਧ ਗਾਜ਼ਾ ਵਾਸੀ ਇਥੋਂ ਜਾ ਚੁੱਕੇ ਹਨ ਤੇ ਉਨ੍ਹਾਂ ਨੇ ਸ਼ਰਨ ਦੀ ਮੰਗ ਕੀਤੀ ਹੈ। ਗਾਜ਼ਾ ਸੰਕਟ ਨੂੰ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚਾਲੇ ਅਰਬ ਟੈਲੀਵਿਜ਼ਨ ਚੈਨਲਾਂ ਨੇ ਫਲਸਤੀਨ ਦੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਕਾਹਿਰਾ ‘ਚ ਅੱਜ ਮਨੁੱਖੀ ਜ਼ਰੂਰਤਾਂ ਨੂੰ ਲੈ ਕੇ ਸੰਘਰਸ਼ ਵਿਰਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੇ ਨੇਤਾ ਖਾਲਿਦ ਮਿਸ਼ਾਲ ਇਸ ਐਲਾਨ ਲਈ ਕਾਹਿਰਾ ਪਹੁੰਚ ਸਕਦੇ ਹਨ।



