27 ਜੁਲਾਈ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਸੰਭਵ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 20 ਜੁਲਾਈ -ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਿਨੋ ਦਿਨ ਗਰਮ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਖਿਲਾਫ ਵੱਡੇ ਮੋਰਚੇ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਚ ਮੰਜੀ ਸਾਹਿਬ ’ਤੇ 27 ਜੁਲਾਈ ਨੂੰ ਬੁਲਾਈ ਗਈ ਪੰਥਕ ਕਾਨਫਰੰਸ ਵਿਚ ਇਸ ਮੋਰਚੇ ਦਾ ਪ੍ਰੋਗਰਾਮ ਐਲਾਨਿਆ ਜਾਵੇਗਾ। ਅਕਾਲੀ ਹਲਕਿਆਂ ਮੁਤਾਬਿਕ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਤਰ੍ਹਾਂ ਪੰਜਾਬ ਦੇ ਮੁੱਖ ਮਤੰਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੋਰਚੇ ਦੇ ਡਿਕਟੇਟਰ ਬਣਨਗੇ। ਉਨ੍ਹਾਂ ਨੇ ਇਸ ਸਬੰਧੀ ਸੀਨੀਅਰ ਅਕਾਲੀ ਨੇਤਾਵਾਂ ਨੂੰ
ਆਪਣੀ ਇੱਛਾ ਦੱਸ ਦਿੱਤੀ ਹੈ। ਮੋਰਚਾ ਕਾਫੀ ਲੰਬਾ ਚਲ ਸਕਦਾ ਹੈ ਇਸ ਲਈ ਉਹ ਪੰਜਾਬ ਸਰਕਾਰ ਦੇ ਕੰਮ ਕਾਜ ਦਾ ਨੁਕਸਾਨ ਰੋਕਣ ਲਈ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕਰ ਸਕਦੇ ਹਨ।ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਸ ਨਾਲ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਇੱਕ ਵੱਡੀ ਤਬਦੀਲੀ ਆਵੇਗੀ। ਅਜਿਹੀ ਸਥਿਤੀ ਵਿਚ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਕਮਾਨ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਸੰਭਾਲੀ ਜਾ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਹੋਈ ਅਕਾਲੀ ਦਲ ਦੀ ਕੋਰ ਕਮੋਟੀ ਦੀ ਬੈਠਕ ਵਿਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਲਈ ਕੋਈ ਵੀ ਕੁਰਬਾਨੀ ਦੇਣ ਦੀ ਗੱਲ ਫਿਰ ਤੋਂ ਦੁਹਰਾਉਂਦੇ ਹੋਏ ਕਿਹਾ ਕਿ ਉਹ ਪੰਥ ਲਈ ਮੁੱਖ ਮੰਤਰੀ ਦਾ ਅਹੁਦਾ ਤਾਂ ਕੀ, ਕੁਝ ਵੀ ਤਿਆਗ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਥਕ ਮੋਰਚੇ ਦੀ ਅਗਵਾਈ ਖੁਦ ਕਰਨਗੇ ਅਤੇ ਕਿਸੇ ਵੀ ਹਾਲਤ ਵਿਚ ਐਸ.ਜੀ.ਪੀ.ਸੀ. ਨੂੰ ਵੰਡਣ ਨਹੀਂ ਦੇਣਗੇ।
ਸ੍ਰ. ਬਾਦਲ ਪਿਛਲੀ ਕੋਰ ਕਮੇਟੀ ਦੀ ਬੈਠਕ ਵਿਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਤੇ ਕੇਂਦਰੀ ਵਿਤ ਮੰਤਰੀ ਸ਼੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਦੌਰਾਨ ਵੀ ਐਸ.ਜੀ.ਪੀ.ਸੀ. ਦਾ ਸਨਮਾਨ ਬਹਾਲ ਰੱਖਣ ਲਈ ਮੁੱਖ ਮੰਤਰੀ ਅਹੁਦਾ ਤਿਆਗਣ ਦੀ ਗੱਲ ਕਹਿ ਚੁੱਕੇ ਹਨ।ਜੇਕਰ ਸ੍ਰ. ਬਾਦਲ ਮੋਰਚਾ ਡਿਕਟੇਟਰ ਬਣਦੇ ਹਨ ਤਾਂ ਉਹ ਅਕਾਲੀ ਇਤਿਹਾਸ ਦੀ ਬਹੁਤ ਅਹਿਮ ਘਟਨਾ ਹੋਵੇਗੀ। ਇਸ ਸਥਿਤੀ ’ਚ ਉਹ ਇਤਿਹਾਸ ਦੇ ਇੱਕ ਮਹਾਂਪਾਤਰ ਬਣ ਜਾਣਗੇ।



