ਚੰਡੀਗੜ੍ਹ, 15 ਜੁਲਾਈ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਕਰ ਤੇ ਆਬਕਾਰੀ ਵਿਭਾਗ ਦਾ ਵੀ ਚਾਰਜ ਨੇ ਭ੍ਰਿਸ਼ਟਾਚਾਰ ਤੇ ਨਿਕੰਮੀ ਕਾਰਗੁਜ਼ਾਰੀ ਵਾਲੇ ਇਕ ਸਹਾਇਕ ਅਬਕਾਰੀ ਤੇ ਕਰ ਕਮਿਸ਼ਨਰ ਤੋਂ ਇਲਾਵਾ ਜਿੱਥੇ 3 (ਈ.ਟੀ.ਓਜ਼) ਕਰ ਤੇ ਆਬਕਾਰੀ ਅਧਿਕਾਰੀਆਂ ਨੂੰ ਜਬਰੀ ਸੇਵਾ ਮੁਕਤੀ ਕਰਨ ਦੇ ਹੁਕਮ ਦਿੱਤੇ ਹਨ ਉ¤ਥੇ ਇਕ ਈ.ਟੀ.ਓ. ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸਹਾਇਕ ਅਬਕਾਰੀ ਤੇ ਕਰ ਕਮਿਸ਼ਨਰ ਡੀ.ਐਸ. ਗਿੱਲ ਜੋ ਕਿ ਪਟਿਆਲਾ ਵਿਖੇ ਸੀਨੀਅਰ ਆਡੀਟਰ, ਈ.ਟੀ.ਓਜ਼ ਸੁਰਿੰਦਰ ਕੁਮਾਰ ਅਗਰਵਾਲ ਮੋਹਾਲੀ , ਸ੍ਰੀਮਤੀ ਉਰਵਸ਼ੀ ਗੋਇਲ ਲੁਧਿਆਣਾ ਤੇ ਹਰਪ੍ਰੀਤ ਸਿੰਘ ਪਟਿਆਲਾ ਵਿਖੇ ਤਾਇਨਾਤ ਸਨ, ਨੂੰ ਘਟੀਆ ਕਾਰਗੁਜ਼ਾਰੀ ਦੇ ਚਲਦਿਆਂ ਜਬਰੀ ਸੇਵਾ ਮੁਕਤ ਕਰਨ ਦੇ ਹੁਕਮ ਦਿੱਤੇ ਗਏ ਹਨ। ਬੁਲਾਰੇ ਨੇ ਕਿਹਾ ਕਿ ਪੰਜਾਬ ਸਿਵਲ ਸੇਵਾ ਨਿਯਮਾਂਵਲੀ
(ਪ੍ਰੀਮਚਿਓਰ ਰਿਟਾਇਰਮੈਂਟ) 1975 ਤਹਿਤ ਗਰੁੱਪ ‘ਏ’ ਤੇ ‘ਬੀ’ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸਮੇਂ -ਸਮੇਂ ’ਤੇ ਪੜਤਾਲ ਹੁੰਦੀ ਹੈ ਤੇ ਨਿਕੰਮੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਜਬਰੀ ਸੇਵਾ ਮੁਕਤ ਕੀਤਾ ਜਾ ਸਕਦਾ ਹੈ। ਬਰਖਾਸਤ ਕੀਤਾ ਗਿਆ ਈ.ਟੀ.ਓ. ਬਲਜਿੰਦਰ ਸਿੰਘ ਅਜੇ ਪ੍ਰੋਬੇਸ਼ਨ ਪੀਰੀਅਡ ਪਰਖ ਕਾਲ ਸਮੇਂ ਦੌਰਾਨ ਸੀ 2012 ਵਿਚ ਭਰਤੀ ਹੋਇਆ ਸੀ। ਉਸ ਵਿਰੁੱਧ ਡੀਲਰ ਭੂਸ਼ਣ ਅਗਰਵਾਲ ਵਲੋਂ ਇਕ ਲੱਖ ਰੁਪੈ ਦੀ ਰਿਸ਼ਵਤ ਲੈਣ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਸ਼ਿਕਾਇਤ ਕਰਤਾ ਵਲੋਂ ਉਕਤ ਈ.ਟੀ.ਓ. ਨਾਲ ਗੱਲਬਾਤ ਦੀ ਰਿਕਾਰਡਿੰਗ ਵੀ ਪੇਸ਼ ਕੀਤੀ ਗਈ ਸੀ। ਇਸ ਸਾਰੇ ਮਾਮਲੇ ਦੀ ਉਪ ਕਰ ਤੇ ਅਬਕਾਰੀ ਕਮਿਸ਼ਨਰ , ਜਲੰਧਰ ਡਿਵੀਜ਼ਨ ਸਰੋਜਨੀ ਗੌਤਮ ਸ਼ਾਰਦਾ ਵਲੋਂ ਜਾਂਚ ਕੀਤੀ ਗਈ, ਜਿਸ ਦੌਰਾਨ ਬਲਜਿੰਦਰ ਸਿੰਘ ਵਲੋਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਗਿਆ, ਪਰ ਜਾਂਚ ਅਧਿਕਾਰੀ ਵਲੋਂ Êਪਾਇਆ ਗਿਆ ਕਿ ਉਕਤ ਈ.ਟੀ.ਓ. ਕੋਲ ਭੂਸ਼ਣ ਅਗਰਵਾਲ ਦਾ ਕੇਸ ਬਕਾਇਆ ਸੀ ਤੇ ਉਹ ਦੋਵੇਂ ਇਕ ਰੈਸਟੋਰੈਂਟ ਵਿਚ ਮਿਲੇ ਸਨ। ਇਸ ਮੌਕੇ ਕੀਤੀ ਗਈ ਰਿਕਾਰਡਿੰਗ ਤੋਂ ਇਹ ਸਪੱਸ਼ਟ ਹੋ ਗਿਆ ਕਿ ਪੈਸੇ ਦਾ ਲੈਣ ਦੇਣ ਹੋਇਆ ਸੀ। ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਪ ਮੁੱਖ ਮੰਤਰੀ ਵਲੋਂ ਉਸਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰ ਤੇ ਆਬਕਾਰੀ ਵਿਭਾਗ ਵਿਚ ਵਿਭਾਗ ਦੇ ਕਿਸੇ ਵੀ ਅਧਿਕਾਰੀ ਵਿਰੁੱਧ ਸ਼ਿਕਾਇਤ ਕਰਨ ਲਈ ਟੋਲ ਫ੍ਰੀ ਨੰਬਰ 18002582580 ਸ਼ੁਰੂ ਕੀਤਾ ਗਿਆ ਹੈ।



