ਨਵੀਂ ਦਿੱਲੀ 14 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੇ ਜੰਤਰ ਮੰਤਰ ਤੇ ਪਿਛਲੇ 9 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਚਰਨਪ੍ਰੀਤ ਸਿੰਘ ਦੀ ਭੁੱਖ ਹੜਤਾਲ ਅਜ 10 ਵੇਂ ਦਿਨ ਵਿ ਦਾਖਿਲ ਹੋ ਗਈ ਹੈ । ਭਾਈ ਚਰਨਪ੍ਰੀਤ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਬੱਬਰ ਖਾਲਸਾ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਦੀ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਵਿਗੜ ਰਹੀ ਸਿਹਤ ਬਾਰੇ ਕੂਝ ਵੀ ਇਲਾਜ ਨਾ ਕਰਵਾਉਣ ਦੇ ਵਿਰੋਧ ਵਿਚ ਭੁੱਖ ਹੜਤਾਲ ਤੇ ਬੈਠੇ ਹੋਏ ਹਨ । ਭਾਈ ਚਰਨਪ੍ਰੀਤ ਸਿੰਘ ਨੇ ਅਜ ਕਿਹਾ ਕਿ ਭਾਵੇਂ ਅਦਾਲਤ ਵਲੋਂ ਭਾਈ ਹਵਾਰਾ ਦੀ ਐਮ ਆਰ ਆਈ ਏਮਜ ਅਸਪਤਾਲ ਤੋਂ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿਤੇ ਹਨ, ਉਹ ਤਦ ਤਕ ਅਪਣੀ ਭੁੱਖ ਹੜਤਾਲ ਖਤਮ ਨਹੀ ਕਰਨਗੇ ਜਦ ਤਕ ਭਾਈ ਹਵਾਰਾ ਨੂੰ ਏਮਜ
ਅਸਪਤਾਲ ਵਿਚ ਚੇਕਅਪ ਵਾਸਤੇ ਲੈ ਕੇ ਨਹੀਂ ਜਾਣਗੇ । ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਪਹਿਲੇ ਦਿਨ ਤੋਂ ਹੀ ਭਾਈ ਚਰਨਪ੍ਰੀਤ ਸਿੰਘ ਦਾ ਸਾਥ ਦੇ ਰਹੇ ਹਨ ਨੇ ਕਿਹਾ ਕਿ ਭਾਈ ਹਵਾਰਾ ਦੀ ਵੱਧ ਰਹੀ ਦਰਦਾਂ ਅਤੇ ਅਦਾਲਤ ਵਲੋਂ ਜਾਰੀ ਕੀਤੇ ਗਏ ਆਦੇਸ਼ ਉਤੇ ਜੇਲ੍ਹ ਪ੍ਰਸ਼ਾਸਨ ਨੂੰ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ । ਭਾਈ ਹਵਾਰਾ ਦੀ ਭੈਣ ਬੀਬੀ ਮਨਪ੍ਰੀਤ ਕੌਰ ਜੋ ਕਿ ਅਜ ਉਚੇਚੇ ਤੋਰ ਤੇ ਭਾਈ ਚਰਨਪ੍ਰੀਤ ਸਿੰਘ ਦਾ ਹਾਲ ਚਾਲ ਪੁਛਣ ਲਈ ਹਾਜਿਰ ਹੋਏ ਸਨ, ਨੇ ਕਿਹਾ ਕਿ ਭਾਈ ਸਾਹਿਬ ਸਮੇਂ ਦੀ ਸਰਕਾਰਾਂ ਵਲੋਂ ਦਿਤੇ ਜਾਦੇ ਤਸੀਹੇਆਂ ਨੂੰ ਹਸਦੇ ਹੋਏ ਅਪਣੇ ਪਿੰਡੇ ਤੇ ਸਹਾਰਦੇ ਹਨ ਤੇ ਹੁਣ ਵੀ ਜਦ ਸਾਨੂੰ ਮਿਲਦੇ ਹਨ ਤਦ ਅਸੀ ਉਨ੍ਹਾਂ ਦੇ ਚੇਹਰੇ ਤੇ ਦਰਦ ਨੂੰ ਮਹਿਸੂਸ ਕਰਦੇ ਹਾਂ ਪਰ ਭਾਈ ਸਾਹਿਬ ਇਤਨਾ ਦਰਦ ਸਹਿਨ ਕਰਨ ਦੇ ਬਾਵਜੂਦ ਵੀ ਹਸਦੇ ਹੋਏ ਹੀ ਮੁਲਾਕਾਤਾਂ ਕਰਦੇ ਹਨ । ਦਿੱਲੀ ਗੁਰਦੁਆਰਾ ਕਮੇਟੀ ਦੇ ਮੈੰਬਰ ਭਾਈ ਚਮਨ ਸਿੰਘ ਸ਼ਾਹਪੁਰਾ ਨੇ ਵੀ ਭਾਈ ਚਰਨਪ੍ਰੀਤ ਸਿੰਘ ਵਲੋਂ ਲਾਏ ਹੋਏ ਧਰਨੇ ਤੇ ਹਾਜਿਰੀ ਭਰ ਕੇ ਉਨ੍ਹਾਂ ਦਾ ਉਤਸਾਹ ਵਧਾਇਆ ਸੀ । ਭਾਈ ਚਰਨਪ੍ਰੀਤ ਸਿੰਘ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਗੁਰੀ, ਭਾਈ ਗੁਰਬਖਸ਼ ਸਿੰਘ ਖਾਲਸਾ, ਭਾਈ ਹਰਮੀਤ ਸਿੰਘ, ਭਾਈ ਚਰਨਜੀਤ ਸਿੰਘ, ਰੁਪਿੰਦਰ ਸਿੰਘ, ਗੁਰਪਿਆਰ ਸਿੰਘ ,ਹਰਗੁਨ ਕੌਰ ਤੇ ਜਪਮਨ ਕੌਰ ਵੀ ਹਾਜਿਰ ਸਨ ।



