Skip to content
Independent perspectives. Global stories.
BREAKING

ਵਿਰੋਧੀ ਧਿਰ ਵਲੋਂ ਕੀਮਤਾਂ ਦੇ ਮੁੱਦੇ ‘ਤੇ ਸਰਕਾਰ ਨੂੰ ਰਗੜੇ-ਕੈਪਟਨ ਅਮਰਿੰਦਰ ਨੇ ਪੁਛਿਆ ਭਾਜਪਾ ਦੇ ‘ਅੱਛੇ ਦਿਨ‘ ਕਿਥੇ ਹਨ

Share this story

Page-1_14 ਨਵੀਂ ਦਿੱਲੀ, 9 ਜੁਲਾਈ (ਪੀ. ਟੀ)- ਕੀਮਤਾਂ ਦੇ ਮੁੱਦੇ ‘ਤੇ ਸਰਕਾਰ ਨੂੰ ਅੱਜ ਵਿਰੋਧੀ ਧਿਰ ਦੇ ਤਿੱਖੇ ਹਮਲੇ ਦਾ ਸਾਹਮਣਾ ਕਰਨਾ ਪਿਆ ਤੇ ਮੈਂਬਰਾਂ ਨੇ ਹੈਰਾਨੀ ਪ੍ਰਗਟਾਉਂਦਿਆਂ ਭਾਜਪਾ ‘ਤੇ ਕਸੀਦੇ ਕੱਸੇ ਕਿ ਤੁਹਾਡੇ ‘ਅੱਛੇ ਦਿਨ‘ ਕਿੱਥੇ ਹਨ ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ। ਕੀਮਤਾਂ ਦੇ ਵਾਧੇ ਬਾਰੇ ਬਹਿਸ ਵਿਚ ਮੈਂਬਰਾਂ ਨੇ ਜ਼ਰੂਰੀ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ‘ਤੇ ਚਿੰਤਾ ਪ੍ਰਗਟਾਈ ਤੇ ਸਰਕਾਰ ਨੂੰ ਕਿਹਾ ਕਿ ਮਹਿੰਗਾਈ ‘ਤੇ ਕਾਬੂ ਪਾਉਣ ਲਈ ਜਮਾਂਖੋਰਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੁੱਦੇ ‘ਤੇ ਵਿਰੋਧੀ ਧਿਰ ਨੇ ਕੰਮ ਰੋਕੂ ਮਤੇ ਦੇ ਨੋਟਿਸ ਦਿੱਤੇ ਸਨ ਜਿਸ ਨੂੰ ਕਿ ਸਪੀਕਰ ਸੁਮਿੱਤਰਾ ਮਹਾਜਨ ਨੇ ਰੱਦ ਕਰ ਦਿੱਤਾ ਸੀ,ਜਿਸ ਤੋਂ ਬਾਅਦ ਉਸ ਨਿਯਮ ਤਹਿਤ ਇਸ ਬਹਿਸ ਨੂੰ ਇਜਾਜ਼ਤ ਦਿੱਤੀ ਗਈ ,ਜਿਸ ਵਿਚ ਵੋਟਿੰਗ ਨਹੀਂ ਹੁੰਦੀ।

ਲੋਕ ਸਭਾ ਵਿਚ ਬਹਿਸ ਸ਼ੁਰੂ ਕਰਦਿਆਂ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਵੱਧ ਰਹੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ‘ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਕੈਪਟਨ ਨੇ ਪੁਛਿਆ ਕਿ ‘ ਅੱਛੇ ਦਿਨ ਕਿੱਥੇ ਹਨ‘ ਜਿਸ ਬਾਰੇ ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਵਾਅਦੇ ਕੀਤੇ ਸਨ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਕਾਬੂ ਹੇਠ ਹਨ ਤੇ ਦਹਿਸ਼ਤ ਵਿਚ ਆਉਣ ਦੀ ਲੋੜ ਨਹੀਂ ਹੈ। ਕੈਪਟਨ ਨੇ ਕਿਹਾ ਕਿ ਆਲੂ, ਪਿਆਜ਼ ਅਤੇ ਟਮਾਟਰ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਉਪਜ ਘੱਟ ਭਾਅ ‘ਤੇ ਵੇਚਣਾ ਪੈ ਰਿਹਾ ਹੈ ਤੇ ਜਮਾਂਖੋਰ ਤੇ ਦਲਾਲ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਿਚ 250 ਫੀਸਦੀ ਦਾ ਵਾਧਾ ਹੋਇਆ ਹੈ ਤੇ ਕੀ ਸਰਕਾਰ ਨੇ ਦਲਾਲਾਂ ਖਿਲਾਫ ਕੋਈ ਕਾਰਵਾਈ ਕੀਤੀ ਹੈ? ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਜਮ੍ਹਾਂਖੋਰਾਂ ਖਿਲਾਫ ਸਖ਼ਤ ਕਾਰਵਾਈ ਕਰੇਗੀ। ਇਸ ‘ਤੇ ਭਾਜਪਾ ਨੇ ਮੋੜਵਾਂ ਜਵਾਬ ਦਿੰਦਿਆਂ ਇਸ ਦੇ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਕੀਮਤਾਂ ਵਿਚ ਮੌਜੂਦਾ ਵਾਧਾ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ।

WRITTEN BY