ਅੰਮ੍ਰਿਤਸਰ, 9 ਜੁਲਾਈ (ਪੀ. ਟੀ)- ਪੰਜਾਬ ਨੂੰ ਨਸ਼ੇ ਦੀ ਦਲ-ਦਲ ‘ਚੋਂ ਕੱਡਣ ਲਈ ਅੱਜ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਨਸ਼ੇ ਦੇ ਤਸਕਰਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਅੰਮ੍ਰਿਤਸਰ ਸੈਕਟਰ ਦੀ ਪੋਸਟ ਪੁੱਲ ਮੌਰਾਂ ‘ਤੇ ਬੀ. ਐਸ. ਐਫ. ਦੀ 50 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ 4 ਕਿਲੋ ਹੈਰੋਇਨ, 250 ਗ੍ਰਾਮ ਅਫੀਮ ਅਤੇ 7 ਲੱਖ 83 ਹਜ਼ਾਰ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ। ਖਾਸਾ ਹੈਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਐਮ. ਐਫ. ਫਾਰੂਕੀ ਨੇ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਦੀ ਬੀ. ਓ. ਪੀ. ਪੋਸਟ ਪੁੱਲ ਮੌਰਾਂ ਦੇ ਨਜ਼ਦੀਕ ਪਿਛਲੀ ਰਾਤ ਤਕਰੀਬਨ 11.30 ਵਜੇ ਬਾਰਡਰ ਉਪਰ ਜਵਾਨ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਅਚਾਨਕ ਦੂਸਰੀ
ਤਰਫ ਕੋਈ ਹੱਲ-ਚਲ ਸੁਣਾਈ ਦਿੱਤੀ। ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਲਲਕਾਰਨ ਤੋਂ ਬਾਅਦ ਉਸ ਸਾਇਡ ਤਿੰਨ ਫੈਰ ਕੀਤੇ ਗਏ ਪਰ ਤਸਕਰ ਵਾਟਰ ਚੈਨਲ ਦਾ ਸਹਾਰਾ ਲੈ ਕੇ ਦੋੜਨ ਵਿਚ ਸਫਲ ਹੋ ਗਏ। ਜਵਾਨਾਂ ਵੱਲੋਂ ਜਦੋਂ ਸਵੇਰੇ ਉਸ ਜਗ੍ਹਾਂ ਦੀ ਚੈਕਿੰਗ ਕੀਤੀ ਤਾਂ ਜਵਾਨਾਂ ਨੂੰ ਉਸ ਜਗ੍ਹਾਂ ਤੇ 5 ਪੈਕਟ ਮਿਲੇ, ਉਨ੍ਹਾਂ ਨੂੰ ਵੇਖਣ ‘ਤੇ 4 ਪੈਕਟ ਵਿਚ ਹੈਰੋਇਨ ਜਿਸ ਦਾ ਵਜਨ 4 ਕਿਲੋ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 20 ਕਰੋੜ ਰੁਪਏ ਹੈ। ਇਕ ਪੈਕਟ ਵਿਚ 7 ਲੱਖ 83 ਹਜ਼ਾਰ ਦੀ ਜਾਅਲੀ ਕਰੰਸੀ ਤੇ 250 ਗ੍ਰਾਮ ਅਫੀਮ ਬਰਾਮਦ ਹੋਈ। ਆਈ. ਜੀ. ਫਾਰੂਕੀ ਨੇ ਜਵਾਨਾਂ ਨੂੰ ਨਕਦ ਇਨਾਮ ਅਤੇ ਮੈਡਲ ਦੇ ਕੇ ਨਿਵਾਜਿਆ ਅਤੇ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਰੋਕਣ ਲਈ ਬੀ. ਐਸ. ਐਫ. ਸਮਗਲਰਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਦੀ ਰਹੇਗੀ।



