April 17, 2026 7:32 pm

ਬਿਜਲੀ ਦਾ ‘ਕੁੱਲ ਤਕਨੀਕੀ ਤੇ ਵਪਾਰਕ ਨੁਕਸਾਨ’ ਘਟਿਆ, ਸਬਸਿਡੀ ਨੇ ਵਧਾਈ ਚਿੰਤਾ, ਕਰਮਚਾਰੀਆਂ ਦੀ ਤਨਖ਼ਾਹ ਲਈ ਲੈਣਾ ਪਿਆ ਕਰਜ਼ਾ

ਚੀਮਾ ਦਾ ਦਾਅਵਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਉਨ੍ਹਾਂ ਦੇ ਹਿੱਸੇ ਦੀ ਬਣਨ ਵਾਲੀ ਸਬਸਿਡੀ ਪਾਵਰਕਾਮ ਨੂੰ ਦਿੱਤੀ ਜਾ ਚੁੱਕੀ ਹੈ। ਬਿਜਲੀ ਸਬਸਿਡੀ ਦਾ ਜੋ 9000 ਕਰੋੜ ਰੁਪਏ ਬਕਾਇਆ ਹੈ, ਉ…

ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਬਿਜਲੀ ਦੇ ‘ਕੁੱਲ ਤਕਨੀਕੀ ਤੇ ਵਪਾਰਕ ਨੁਕਸਾਨ’ (ਏਟੀ ਐਂਡ ਸੀ) ਨੂੰ 18 ਫ਼ੀਸਦੀ ਤੋਂ ਘਟਾ ਕੇ 11.67 ਫੀਸਦੀ ਕਰਨ ਦੀ ਪ੍ਰਸ਼ੰਸਾ ਕੀਤੀ ਹੈ। ਇਸ ਪੱਤਰ ਨਾਲ ਵਿੱਤ ਮੰਤਰੀ ਹਰਪਾਲ ਚੀਮਾ ਖ਼ੁਸ਼ ਹਨ ਪਰ ਚਿੰਤਤ ਵੀ ਹਨ। ਸਾਲ 2021 ਤੋਂ ਲੈ ਕੇ 2022 ਦੇ ਵਿਚਕਾਰ ਇਹ ਨੁਕਸਾਨ ਤਕਨੀਕੀ ਖ਼ਰਾਬੀ, ਚੋਰੀ ਅਤੇ ਬਿਲਿੰਗ ਦੇ ਆਧਾਰ ’ਤੇ ਲਗਾਏ ਗਏ ਹਨ। ਨਾਲ ਹੀ ਆਰਕੇ ਸਿੰਘ ਨੇ ਸਰਕਾਰ ਨੂੰ ਇਸ ਨੂੰ 12 ਫ਼ੀਸਦੀ ਤਕ ਹੀ ਬਣਾਈ ਰੱਖਣ ਲਈ ਕਿਹਾ ਹੈ। ਚੀਮਾ ਦੀ ਚਿੰਤਾ ਵਧਦੀ ਸਬਸਿਡੀ ਦਾ ਬੋਝ ਹੈ। 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਚੱਕਰ ਵਿਚ ਜੁਲਾਈ ਮਹੀਨੇ ਤੋਂ ਲੈ ਕੇ ਹੁਣ ਜਨਵਰੀ ਮਹੀਨੇ ਤਕ ਪਾਵਰਕਾਮ ’ਤੇ 3433 ਕਰੋੜ ਰੁਪਏ ਦਾ ਬੋਝ ਪੈ ਗਿਆ ਹੈ, ਜਦਕਿ ਹਾਲੇ ਤਿੰਨ ਮਹੀਨਿਆਂ ਦੇ ਬਿੱਲ ਹੋਰ ਆਉਣੇ ਬਾਕੀ ਹਨ।

ਚੀਮਾ ਦਾ ਦਾਅਵਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਉਨ੍ਹਾਂ ਦੇ ਹਿੱਸੇ ਦੀ ਬਣਨ ਵਾਲੀ ਸਬਸਿਡੀ ਪਾਵਰਕਾਮ ਨੂੰ ਦਿੱਤੀ ਜਾ ਚੁੱਕੀ ਹੈ। ਬਿਜਲੀ ਸਬਸਿਡੀ ਦਾ ਜੋ 9000 ਕਰੋੜ ਰੁਪਏ ਬਕਾਇਆ ਹੈ, ਉਹ ਪਿਛਲੀਆਂ ਸਰਕਾਰਾਂ ਦਾ ਹੈ। ਇਨ੍ਹਾਂ ਵਿਚੋਂ ਵੀ ਉਨ੍ਹਾਂ ਦੀ ਸਰਕਾਰ ਨੇ 1000 ਕਰੋੜ ਰੁਪਏ ਅਦਾ ਕਰ ਦਿੱਤੇ ਹਨ। ਉੁਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਕਿ ‘ਆਪ’ ਸਰਕਾਰ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਉਹ ਆਪਣੇ ਤੱਥ ਜਾਂਚ ਲੈਣ ਕਿ ਜਦੋਂ ਉਨ੍ਹਾਂ ਨੇ ਸਰਕਾਰ ਛੱਡੀ ਸੀ, ਉਦੋਂ ਕਿੰਨੀ ਸਬਸਿਡੀ ਬਕਾਇਆ ਸੀ। ਸੱਤਾ ਧਿਰ ਅਤੇ ਵਿਰੋਧੀ ਧਿਰ ’ਚ ਦੂਸ਼ਣਬਾਜ਼ੀ ਕੁਝ ਵੀ ਹੋਵੇ ਪਰ ਪਾਵਰਕਾਮ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਕਰਮਚਾਰੀਆਂ ਦੀ ਤਨਖਾਹ ਦੇਣ ਲਈ 500 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਹੈ, ਇਸ ਲਈ ਪਾਵਰਕਾਮ ਦੇ ਕੁਝ ਮੁਲਾਜ਼ਮਾਂ ਨੇ ਰਾਜ ਸਰਕਾਰ ਨੂੰ ਲਿਖਿਆ ਹੈ ਕਿ ਉਨ੍ਹਾਂ ਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ। ਉਹ ਆਪਣੇ ਬਿੱਲ ਦਾ ਭੁਗਤਾਨ ਕਰਨ ਲਈ ਤਿਆਰ ਹਨ। ਅਜਿਹਾ ਲਿਖਣ ਵਾਲਿਆਂ ’ਚ ਚੀਫ ਇੰਜੀਨੀਅਰ ਦੇ ਪ੍ਰਾਈਵੇਟ ਸੈਕਟਰੀ ਕਰਮਜੀਤ ਸਿੰਘ ਵੀ ਸ਼ਾਮਲ ਹਨ।

ਮੁਫ਼ਤ ਬਿਜਲੀ ਦਾ ਬੋਝ 6800 ਕਰੋੜ ਦੇ ਪਾਰ ਜਾਣ ਦੀ ਸੰਭਾਵਨਾ

ਪੰਜਾਬ ਸਰਕਾਰ ਨੇ ਇਕ ਜੁਲਾਈ 2022 ਤੋਂ ਜਦੋਂ 300 ਯੂਨਿਟ ਦੇਣੀ ਸ਼ੁਰੂ ਕੀਤੀ ਸੀ। ਤਦ ਪਹਿਲੇ ਤਿੰਨ ਮਹੀਨੇ 62 ਫੀਸਦੀ ਲੋਕਾਂ ਨੂੰ ਇਸ ਦਾ ਲਾਭ ਮਿਲਿਆ ਅਤੇ ਪਾਵਰਕਾਮ ’ਤੇ 82.47 ਕਰੋੜ ਰੁਪਏ ਦਾ ਭਾਰ ਪਿਆ। ਅਗਸਤ ਮਹੀਨੇ ’ਚ ਸਬਸਿਡੀ ਵਧ ਕੇ 638.76, ਸਤੰਬਰ ’ਚ 732, ਅਕਤੂਬਰ ’ਚ 687, ਨਵੰਬਰ ’ਚ 522, ਦਸੰਬਰ ’ਚ 388, ਜਨਵਰੀ ’ਚ 381 ਕਰੋੜ ਰੁਪਏ ਪਾਵਰਕਾਮ ਨੂੰ ਸਹਿਣੀ ਪਈ ਹੈ। 300 ਯੂਨਿਟ ਮੁਫਤ ਬਿਜਲੀ ਦਾ ਬੋਝ 6800 ਕਰੋੜ ਰੁਪਏ ਦੇ ਪਾਰ ਜਾਣ ਦੀ ਸੰਭਾਵਨਾ ਹੈ ਕਿਉਂਕਿ ਜੇ ਇਕ ਅਗਸਤ ਤੋਂ 30 ਜਨਵਰੀ ਤਕ ਦੀ ਸਬਸਿਡੀ ਨੂੰ ਦੇਖਿਆ ਜਾਵੇ ਤਾਂ ਇਹ 3331 ਕਰੋੜ ਨੂੰ ਪਾਰ ਕਰ ਚੁੱਕਾ ਹੈ।

ਜੋ ਬਿੱਲ ਦੇ ਰਹੇ ਹਨ, ਉਨ੍ਹਾਂ ਨੂੰ ਵੀ ਸਬਸਿਡੀ

ਇਸ ਤੋਂ ਪਹਿਲਾਂ ਸਾਬਕਾ ਸਰਕਾਰ ਦੌਰਾਨ ਜਦੋਂ ਘਰੇਲੂ ਸੈਕਟਰ ਦੀ ਬਿਜਲੀ ’ਤੇ 3 ਰੁਪਏ ਦੀ ਛੋਟ ਦਿੱਤੀ ਗਈ ਸੀ ਤਾਂ ਇਹ ਬੋਝ 3416 ਕਰੋੜ ਰੁਪਏ ਆਂਕਿਆ ਗਿਆ ਸੀ, ਪਰ ‘ਆਪ’ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲਿਆਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਹੈ। ਯਾਨੀ ਜੋ ਲੋਕ ਬਿਜਲੀ ਦਾ ਬਿੱਲ ਅਦਾ ਵੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਤਿੰਨ ਰੁਪਏ ਦੀ ਸਬਸਿਡੀ ਮਿਲ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ, ਸਨਅਤਕਾਰਾਂ ਅਤੇ ਹੋਰਨਾਂ ਵਰਗਾਂ ਲਈ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਬਿਜਲੀ ਨਾਲ ਖਜ਼ਾਨੇ ’ਤੇ 19 ਹਜ਼ਾਰ ਕਰੋੜ ਤੋਂ ਵੱਧ ਦਾ ਬੋਝ ਪੈ ਰਿਹਾ ਹੈ।

Send this to a friend