ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੀਐੱਸਪੀਸੀਐੱਲ ਨੂੰ ਸਬਸਿਡੀ ਦੇਣ ਤੋਂ ਨਾਂਹ ਕਰ ਕੇ ਤੇ 7 ਹਜ਼ਾਰ ਕਰੋੜ ਰੁਪਏ ਦੇ ਖਰਚੇ ਨਾਲ ਨਜਿੱਠਣ ਵਾਸਤੇ ਕਰਜ਼ੇ ਲ…
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੀਐੱਸਪੀਸੀਐੱਲ ਨੂੰ ਸਬਸਿਡੀ ਦੇਣ ਤੋਂ ਨਾਂਹ ਕਰ ਕੇ ਤੇ 7 ਹਜ਼ਾਰ ਕਰੋੜ ਰੁਪਏ ਦੇ ਖਰਚੇ ਨਾਲ ਨਜਿੱਠਣ ਵਾਸਤੇ ਕਰਜ਼ੇ ਲੈਣ ਲਈ ਮਜਬੂਰ ਕਰ ਕੇ ਕੰਗਾਲੀ ਵੱਲ ਤੋਰ ਕੇ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਅਰਥਚਾਰੇ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੀਐੱਸਪੀਸੀਐੱਲ ਦੀ ਆਜ਼ਾਦ ਨਿਗਮ ਦੀ ਹਸਤੀ ਹੀ ਖਤਰੇ ਵਿਚ ਪੈ ਗਈ ਹੈ ਕਿਉਂਕਿ ਬੈਂਗਲੁਰੂ ਆਧਾਰਿਤ ਪ੍ਰਾਈਵੇਟ ਕੰਪਨੀ ਇਸਦੇ ਰੋਜ਼ਾਨਾ ਕੰਮਕਾਜ ਵਿਚ ਦਖਲ ਦੇ ਰਹੀ ਹੈ।
ਇਨ੍ਹਾਂ ਘਟਨਾਕ੍ਰਮਾਂ ਨੂੰ ਬੇਹੱਦ ਖਤਰਨਾਕ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਫਿਰ ਤਬਾਹੀ ਮਚ ਜਾਵੇਗੀ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਦੇ ਕੁਪ੍ਰਬੰਧਨ ਕਾਰਨ ਸਰਦੀਆਂ ਵਿਚ ਵੀ ਬਿਜਲੀ ਦੀ ਮੰਗ ਬੇਹੱਦ ਘੱਟ ਹੋਣ ਕਾਰਨ ਵੀ ਵਿਆਪਕ ਕੱਟ ਲੱਗ ਰਹੇ ਹਨ।ਉਨ੍ਹਾਂ ਕਿਹਾ ਕਿ ਨਿਗਮ ਨੇ ਗਰਮੀ ਵਿਚ ਖਾਸ ਤੌਰ ’ਤੇ ਝੋਨੇ ਦੇ ਸੀਜਨ ਵਿਚ ਬਿਜਲੀ ਦੀ ਵਧੀ ਹੋਈ ਮੰਗ ਨਾਲ ਨਜਿੱਠਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ, ਇਸ ਵਾਸਤੇ ਝੋਨੇ ਦੀ ਫਸਲ ਵੀ ਖਤਰੇ ਵਿਚ ਪੈ ਸਕਦੀ ਹੈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੀਐੱਸਪੀਸੀਐੱਲ ਨੂੰ ਲਗਾਤਾਰ ਹੇਠਾਂ ਡਿੱਗਦੇ ਜਾਣ ਦੇ ਰਹੇ ਹਨ ਤੇ ਸਰਕਾਰ ਨਿਗਮ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਬਸਿਡੀ ਦੇਣ ਤੋਂ ਵੀ ਇਨਕਾਰੀ ਹੈ।ਉਨ੍ਹਾਂ ਕਿਹਾ ਕਿ ਨਿਗਮ ਦੇ ਸਬਸਿਡੀ ਦਾ ਬਕਾਇਆ 9 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਜਲੀ ਸਬਸਿਡੀ ਦਾ 7500 ਕਰੋੜ ਰੁਪਏ ਦਾ ਹਿਸਾਬ ਘੱਟ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੀਐੱਸਪੀਸੀਐੱਲ ਨੂੰ ਵਾਰ ਵਾਰ ਕਰਜ਼ੇ ਲੈਣੇ ਪੈ ਰਹੇ ਹਨ ਤੇ ਹੁਣ ਇਸਨੇ 500 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਨ੍ਹਾ ਹਾਲਾਤਾਂ ਦੇ ਕਾਰਨ ਪੀਐੱਸਪੀਸੀਐੱਲ ਆਪਣੇ ਰੂਟੀਨ ਦੇ ਮੁਰੰਮਤ ਤੇ ਰੱਖ ਰਖਾਅ ਦੇ ਕੰਮਕਾਜ ਵੀ ਨਹੀਂ ਕਰ ਪਾ ਰਿਹਾ। ਉਨ੍ਹਾਂ ਕਿਹਾ ਕਿ ਕੰਪਨੀ ਵਿਚ ਪ੍ਰਸ਼ਾਸਨ ਵੀ ਪ੍ਰਭਾਵਤ ਹੋ ਰਿਹਾ ਹੈ ਕਿਉਂਕਿ ਬੈਂਗਲੁਰੂ ਆਧਾਰਿਤ ਫਰਮ ਨੇ ਇਸਦੇ ਰੋਜ਼ਾਨਾ ਕੰਮਕਾਜ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਟਰੋਲ ਉਸੇ ਤਰੀਕੇ ਗੈਰ ਕਾਨੂੰਨੀ ਤੌਰ ’ਤੇ ਦਿੱਤਾ ਗਿਆਹੈ ਜਿਵੇਂ ਪ੍ਰਾਈਵੇਟ ਕੰਸਲਟੈਂਟ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਸਰਕਾਰੀ ਫਾਈਲਾਂ ਵੇਖ ਰਹੇ ਹਨ।
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹਾਲਾਤਾਂ ਨੂੰ ਕਾਬੂ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਬਿਜਲੀ ਕੰਪਨੀ ਢਹਿ ਢੇਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਜਿਸ ਬਿਜਲੀ ਕੰਪਨੀ ਦਾ ਦੇਸ਼ ਵਿਚ ਪਹਿਲਾ ਨੰਬਰ ਸੀ, ਉਹ ਹੁਣ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਨਿਗਮ ਵਿਚ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣ ਅਤੇ ਮੁਰੰਮਤ ਤੇ ਰੱਖ ਰਖਾਅ ਦੇ ਕੰਮਾਂ ਵਾਸਤੇ ਲੋੜੀਂਦੇ ਫੰਡ ਤਰਜੀਹੀ ਆਧਾਰ ’ਤੇ ਭੇਜੇ ਜਾਣ।