June 19, 2026 5:03 pm

ਹਰਵਿੰਦਰ ਸਿੰਘ ਸਰਨਾ ਆਪਣੇ ਗੁੰਮਰਾਹਕੁੰਨ ਬਿਆਨਾਂ ਤੋ ਬਾਜ ਆਏ: ਜਥੇਦਾਰ ਅਵਤਾਰ ਸਿੰਘ

index ਅੰਮ੍ਰਿਤਸਰ, 5 ਜੁਲਾਈ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕੈਥਲ ਵਿੱਚ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਨਾਮ ਤੇ ਸੱਦਿਆ ਗਿਆ ਸੰਮੇਲਨ  ਕਾਂਗਰਸ ਸਰਕਾਰ ਦਾ ਸ਼ੋਅ ਸੰਮੇਲਨ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਸਿੱਖਾਂ ਨੂੰ ਜ਼ਬਰੀ ਸ਼ਾਮਿਲ ਕਰਨ ਦੇ ਯਤਨ ਕੀਤੇ ਗਏ ਹਨ।ਕੁਝ ਕਾਂਗਰਸ ਦੇ ਪਿੱਠੂ ਆਗੂ ਭਾਵੇ ਉਹ ਦਿੱਲੀ, ਰਾਜਸਥਾਨ ਜਾਂ ਹਰਿਆਣਾ ਵਿੱਚ ਹਨ ਉਹ ਇਸ ਵੰਡ ਲਈ ਅੱਡੀ-ਚੋਟੀ ਦਾ ਜ਼ੋਰ ਲੱਗਾ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਅਜਮਾਇਸ਼ ਪਾਣੀ ਦੇ ਬੁਲਬੁਲੇ ਵਾਂਗ ਠੁੱਸ ਹੋ ਜਾਵੇਗੀ।ਸਰਨਾ ਤਾਂ ਖੁਦ ਆਪ ਕਈ ਝਮੇਲਿਆ ਵਿੱਚ ਫਸਿਆ ਹੋਇਆ ਹੈ। ਇਹ ਹਾਰੇ ਹੋਏ ਜਵਾਰੀਏ ਕੌਮ ਨੂੰ ਪਾਟੋਧਾੜ ਕਰਨ ਦੀ ਰਾਜਨੀਤੀ ਖੇਡ ਰਹੇ ਹਨ। ਉਨ੍ਹਾਂ

ਕਿਹਾ ਕਿ ਮੈਨੂੰ ਅਦਾਲਤ ਨੇ ਐਕਟ ਦੀ ਮਨਸ਼ਾ ਅਨੁਸਾਰ ਹੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਸੌਪੀ ਹੈ।ਮੈਨੂੰ ਤਾਂ ਇਹ ਨਹੀ ਸਮਝ ਲੱਗੀ ਕਿ ਕਾਂਗਰਸ ਦੇ ਕੇਅਰ ਟੇਕਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਿਉ ਕਰ ਰਹੇ ਹਨ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਵਿੱਚ ਲੋਕ ਭਲਾਈ ਲਈ ਬਹੁਤ ਕੰਮ ਕੀਤੇ ਹਨ, 7 ਵਿੱਦਿਅਕ ਅਦਾਰੇ ਅਤੇ ਮੈਡੀਕਲ ਕਾਲਜ ਬਣਾਉਣਾ ਸੰਗਤਾਂ ਦੀ ਸੇਵਾ ਦਾ ਵੱਡਾ ਹਿੱਸਾ ਸੀ, ਪਰ ਕਾਂਗਰਸ ਸਰਕਾਰ ਨੇ ਇਨ੍ਹਾਂ ਨੂੰ ਮਾਨਤਾ ਨਾ ਦੇ ਕੇ ਹਰਿਆਣਾ ਦੇ ਸਿੱਖਾਂ ਨਾਲ ਬੇਇਨਸਾਫੀ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ਕੇਅਰ ਟੇਕਰ ਸਰਨੇ ਵਰਗੇ ਹੋਰ ਲੋਕ ਇਸ ਮੁੱਦੇ ਤੇ ਕਿਉ ਨਹੀ ਬੋਲੇ ਕਿ ਕਾਂਗਰਸ ਨੇ ਆਪਣੀਆਂ ਬਣਦੀਅਯ ਜ਼ਿੰਮੇਵਾਰੀਆਂ ਨਹੀ ਨਿਭਾਈਆ।ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਾਂਤ ਵਿੱਚ ਵੱਸਦੇ ਸਿੱਖ ਹੁੱਡੇ ਦੀ ਇਸ ਪਾਟੋਧਾੜ ਨੂੰ ਚੰਗੀ ਤਰ੍ਹਾਂ ਸਮਝਦੇ ਹਨ।   ਉਨ੍ਹਾਂ ਕਿਹਾ ਕਿ ਸਰਨੇ ਦੇ ਬੇਲੋੜੇ ਬਿਆਨਾਂ ਕਰਕੇ ਹੀ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਉਸ ਨੂੰ ਦਿੱਲੀ ਗੁਰਦੁਆਰਾ ਕਮੇਟੀ ਤੋ ਭਜਾਇਆ ਹੈ।ਉਨ੍ਹਾਂ ਕਿਹਾ ਕਿ ਇਹ ਆਪ ਤੇ ਕਾਂਗਰਸ ਦੀ ਡੁੱਬੀ ਬੇੜੀ ਵਿੱਚ ਪਹਿਲਾਂ ਤੋ ਹੀ ਸਵਾਰ ਹੈ, ਪਰ ਹੁਣ ਹਰਿਆਣਾ ਦੇ ਸਿੱਖਾਂ ਨੂੰ ਵੀ ਡੁੱਬਣ ਵਾਲੀ ਬੇੜੀ ਵਿੱਚ ਚਾੜਨ ਦੀ ਕੋਝੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਉਸ ਦੇ ਹੱਥ ਠੋਕਿਆਂ ਦੀ ਚਾਲ ਵਿੱਚ ਨਾ ਆਉਣ ਤੇ ਕਾਂਗਰਸੀ ਸੰਮੇਲਨ ਤੋ ਦੂਰ ਰਹਿਣ।

Send this to a friend