May 25, 2026 5:45 pm

Behbal Kalan Firing : ਗੋਲ਼ੀਕਾਂਡ ’ਚ ਸ਼ਹੀਦ ਦੇ ਪੁੱਤਰ ਵੱਲੋਂ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਨੌਕਰੀ ਛੱਡੀ

ਬਹਿਬਲ ਕਲਾਂ ‘ਚ ਵਾਪਰੇ ਗੋਲ਼ੀਕਾਂਡ ਦੌਰਾਨ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਛੋਟੇ ਪੁੱਤਰ ਪ੍ਰਭਦੀਪ ਸਿੰਘ ਨੂੰ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਸਕੂਲ ਵਿੱਚ ਨੌਕਰੀ ਵਾਰਡ ਅਟੈਡੈਂਟ (ਐੱਸਐੱਲਏ) ਤੋਂ ਪ੍ਰਭਦੀ


ਫਰੀਦਕੋਟ : 14 ਅਕਤੂਬਰ 2015 ਨੂੰ ਬਹਿਬਲ ਕਲਾਂ ‘ਚ ਵਾਪਰੇ ਗੋਲ਼ੀਕਾਂਡ ਦੌਰਾਨ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਛੋਟੇ ਪੁੱਤਰ ਪ੍ਰਭਦੀਪ ਸਿੰਘ ਨੂੰ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਸਕੂਲ ਵਿੱਚ ਨੌਕਰੀ ਵਾਰਡ ਅਟੈਡੈਂਟ (ਐੱਸਐੱਲਏ) ਤੋਂ ਪ੍ਰਭਦੀਪ ਸਿੰਘ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਉਹਨਾਂ ਸਰਕਾਰ ਤੋਂ ਨਿਰਾਸ਼ ਹੁੰਦਿਆਂ ਕਿਹਾ ਕਿ ਸਾਨੂੰ ਨੌਕਰੀਆਂ ਨਹੀਂ ਬਲਕਿ ਸਾਡੇ ਬੇਕਸੂਰ ਪਿਤਾ ਦੇ ਕਤਲ ਅਤੇ ਬੇਅਦਬੀ ਕਾਂਡ ਦਾ ਇਨਸਾਫ ਚਾਹੀਦਾ ਹੈ। ਬਹਿਬਲ ਮੋਰਚੇ ਦੇ ਆਗੂ ‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੋਏ ਕਿਹਾ ਕਿ ਭਾਵੇਂ 7 ਜਨਵਰੀ ਨੂੰ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਜਾਵੇਗਾ ਪਰ ਸ਼ਰਾਰਤੀ ਅਨਸਰਾਂ ਵੱਲੋਂ ਮਾਰੇ ਜਾ ਰਹੇ ਝੂਠੇ ਤਾਹਨੇ ਮਿਹਣੇ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਏ ਹਨ, ਜਿਸ ਕਰਕੇ ਉਹਨਾਂ ਸਰਕਾਰੀ ਨੌਕਰੀ ਨੂੰ ਠੋਕਰ ਮਾਰਨ ਦਾ ਮੰਨ ਬਣਾਇਆ ਹੈ। ਸਬੰਧਤ ਵਿਭਾਗ ਨੂੰ ਭੇਜੇ ਅਸਤੀਫੇ ਦੀ ਕਾਪੀ ਦਿਖਾਉਂਦਿਆਂ ਸੁਖਰਾਜ ਸਿੰਘ ਨੇ ਆਖਿਆ ਕਿ ਉਹ ਧੁੰਦ ਦੇ ਮੌਸਮ ਕਰਕੇ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀ ਦੋਨਾਂ ਪਾਸਿਆਂ ਦੀ ਆਵਾਜਾਈ ਨੂੰ ਬਹਾਲ ਕਰ ਰਹੇ ਹਨ, ਪਰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਲੱਗੇ ਮੋਰਚੇ ਵਾਸਤੇ ਸਹਿਯੋਗ ਦੇਣ ਦੀ ਬਜਾਏ ਉਲਟਾ ਗੁਮਰਾਹਕੁੰਨ ਬਿਆਨਬਾਜ਼ੀ ਕਰ ਕੇ ਮੋਰਚੇ ਨੂੰ ਤਾਰਪੀਡੋ ਕਰਨ ਵਾਲੇ ਅਖੌਤੀ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਾ ਮਿਲਣ ਲਈ ਉਹ ਖੁਦ ਵੀ ਕਸੂਰਵਾਰ ਮੰਨੇ ਜਾਣਗੇ ਅਤੇ ਮੋਰਚੇ ਨੂੰ ਤਾਰਪੀਡੋ ਕਰਨ ਵਾਲਿਆਂ ਨੂੰ ਇਸ ਦਾ ਖਮਿਆਜ਼ਾ ਗੁਰੂ ਅਤੇ ਲੋਕ ਕਚਹਿਰੀ ਵਿੱਚ ਭੁਗਤਣਾ ਪਵੇਗਾ।

ਸੁਖਰਾਜ ਸਿੰਘ ਨੇ ਕਿਹਾ ਕਿ ਉਹ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਨਾ ਹੀ ਉਹਨਾਂ ਦੀ ਕੋਈ ਹੋਰ ਮਨਸ਼ਾ ਹੈ, ਨਾ ਕੋਈ ਲੁਕਵਾਂ ਏਜੰਡਾ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਝੂਠੇ ਇਲਜ਼ਾਮ ਲਗਾਕੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖਰਾਜ ਸਿੰਘ,ਬਾਬਾ ਹਰਦੀਪ ਸਿੰਘ ਮਹਿਰਾਜ,ਗੁਰਪ੍ਰੀਤ ਸਿੰਘ ਹਰੀਨੌ,ਅਮਨਦੀਪ ਪੰਜਗਰਾਈ,ਰਾਜਪਾਲ ਸਿੰਘ,ਨਿਰਭੈਅ ਸਿੰਘ ਨੇ ਕਿਹਾ ਕਿ ਕੇਵਲ ਰਸਤਾ ਬਹਾਲ ਕੀਤਾ ਜਾ ਰਿਹਾ ਹੈ ਪਰ ਮੋਰਚਾ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ।

Send this to a friend