May 26, 2026 4:19 am

ਪੰਜਾਬ ‘ਚ ਕਿਸਾਨ ਤੇ ਮਜ਼ਦੂਰ ਵੀਰਵਾਰ ਤੋਂ ਟੋਲ-ਮੁਕਤ ਕਰਨਗੇ ਪਲਾਜ਼ੇ, ਸੰਘਰਸ਼ ਕਮੇਟੀ ਨੇ 19ਵੇਂ ਦਿਨ ਫੂਕੇ ਪੰਜਾਬ ਸਰਕਾਰ ਦੇ ਪੁਤਲੇ

ਆਪਣੀਆਂ ਮੰਗਾਂ ਦੇ ਹੱਕ ’ਚ ਪਿਛਲੇ 19 ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀਸੀ ਦਫਤਰਾਂ ’ਚ ਅਣਮਿੱਥੇ ਸਮੇਂ ਦੇ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ 15 ਦਸੰਬਰ ਤੋਂ ਸੂਬੇ ਦੇ 18 ਟੋਲ ਪਲਾਜ਼ੇ ਟੋਲ-ਮੁਕ


ਜਲੰਧਰ : ਆਪਣੀਆਂ ਮੰਗਾਂ ਦੇ ਹੱਕ ’ਚ ਪਿਛਲੇ 19 ਦਿਨਾਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀਸੀ ਦਫਤਰਾਂ ’ਚ ਅਣਮਿੱਥੇ ਸਮੇਂ ਦੇ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ 15 ਦਸੰਬਰ ਤੋਂ ਸੂਬੇ ਦੇ 18 ਟੋਲ ਪਲਾਜ਼ੇ ਟੋਲ-ਮੁਕਤ ਕੀਤੇ ਜਾ ਰਹੇ ਹਨ। ਧਰਨਿਆਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਤਿੱਖੇ ਸੰਘਰਸ਼ ਦੇ ਰੌਂਅ ਨਜ਼ਰ ਆ ਰਹੇ ਕਿਸਾਨਾਂ ਨੇ ਪਿਛਲੇ ਦਿਨੀਂ ਸੰਸਦ ਮੈਂਬਰਾਂ ਤੇ ਫਿਰ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਉਪਰੰਤ 15 ਦਸੰਬਰ ਤੋਂ 15 ਜਨਵਰੀ ਤਕ ਪੰਜਾਬ ਦੇ ਟੋਲ ਪਲਾਜ਼ੇ ਟੋਲ-ਮੁਕਤ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਇਸੇ ਸੱਦੇ ਤਹਿਤ ਵੀਰਵਾਰ ਤੋਂ ਪੰਜਾਬ ਦੇ 18 ਦੇ ਕਰੀਬ ਸਟੇਟ ਟੋਲ-ਪਲਾਜ਼ੇ ਬੰਦ ਕੀਤੇ ਜਾ ਰਹੇ ਹਨ ਹਾਲਾਂਕਿ ਕੌਮੀ ਟੋਲ ਪਲਾਜ਼ੇ ਬੰਦ ਕਰਨ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾਈ ਸੰਗਠਨ ਸਕੱਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਬੇ ’ਚ 15 ਦਸੰਬਰ ਤੋਂ 18 ਸਟੇਟ ਟੋਲ ਪਲਾਜ਼ੇ ਇਕ ਮਹੀਨੇ ਲਈ ਭਾਵ 15 ਜਨਵਰੀ ਤਕ ਟੋਲ-ਮੁਕਤ ਕੀਤੇ ਜਾਣਗੇ। ਇਸ ਦੌਰਾਨ ਕਿਸਾਨਾਂ ਵੱਲੋਂ ਉਕਤ ਟੋਲ-ਪਲਾਜ਼ਿਆਂ ’ਤੇ ਪੱਕੇ ਮੋਰਚੇ ਲਾ ਕੇ ਟੋਲ-ਫੀਸ ਨਹੀਂ ਵਸੂਲਣ ਦਿੱਤੀ ਜਾਵੇਗੀ ਅਤੇ ਗੱਡੀਆਂ ਨੂੰ ਬਿਨਾਂ ਟੋਲ-ਫੀਸ ਦਿੱਤੇ ਹੀ ਪਾਸ ਕਰਵਾਇਆ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨੀ ਦੇਰ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆ, ਓਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ।

ਇਹ ਸਟੇਟ ਪੱਧਰੀ ਟੋਲ-ਪਲਾਜ਼ੇ ਕਿਸਾਨ ਅੱਜ ਤੋਂ ਕਰਨਗੇ ਟੋਲ-ਮੁਕਤ

ਅੰਮ੍ਰਿਤਸਰ ਜ਼ਿਲ੍ਹੇ ’ਚ ਕੱਥੂਨੰਗਲ, ਮਾਨਾਂਵਾਲਾ, ਛਿੱਡਣ (ਅਟਾਰੀ)। ਤਰਨਤਾਰਨ ਜ਼ਿਲ੍ਹੇ ’ਚ ਉਸਮਾਂ ਤੇ ਮੰਨਣ। ਫਿਰੋਜ਼ਪੁਰ ਜ਼ਿਲ੍ਹੇ ’ਚ ਗਿੱਦੜਪਿੰਡੀ ਤੇ ਫਿਰੋਜ਼ਸ਼ਾਹ। ਪਠਾਨਕੋਟ ਜ਼ਿਲ੍ਹੇ ’ਚ ਲਖਪਾਲਵਾਂ (ਦੀਨਾਨਗਰ), ਹੁਸ਼ਿਆਰਪੁਰ ਜ਼ਿਲ੍ਹੇ ’ਚ ਮੁਕੇਰੀਆਂ, ਚੋਲਾਂਗ, ਚੱਬੇਵਾਲ, ਮਾਨਸਰ ਤੇ ਗੜ੍ਹਦੀਵਾਲਾ। ਜਲੰਧਰ ਜ਼ਿਲ੍ਹੇ ’ਚ ਕਾਹਵਾਂਵਾਲਾ ਪੱਤਣ (ਸ਼ਾਹਕੋਟ), ਕਪੂਰਥਲਾ ਜ਼ਿਲ੍ਹੇ ’ਚ ਢਿੱਲਵਾਂ, ਮੋਗਾ ਜ਼ਿਲ੍ਹੇ ’ਚ ਸਿੰਘਾਵਾਲਾ (ਬਾਘਾਪੁਰਾਣਾ), ਫਾਜ਼ਿਲਕਾ ਜ਼ਿਲ੍ਹੇ ’ਚ ਥੇਹ ਕਲੰਦਰ ਤੇ ਮਾਮੋਜਾਏ ਸ਼ਾਮਲ ਹਨ।

Send this to a friend