May 25, 2026 10:28 pm

Parliament Attack 2001 : 21 ਸਾਲ ਬਾਅਦ ਵੀ ਸੰਸਦ ਭਵਨ ਅੱਤਵਾਦੀ ਹਮਲੇ ਦੇ ਜ਼ਖ਼ਮ ਅੱਲੇ, 9 ਵੀਰ ਸਪੂਤਾਂ ਨੇ ਦਿੱਤਾ ਸੀ ਬਲੀਦਾਨ

21 ਸਾਲ ਬਾਅਦ ਵੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀਆਂ ਯਾਦਾਂ ਤਾਜ਼ਾ ਹਨ। ਇਸ ਹਮਲੇ ‘ਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਕਾਂਸਟੇਬਲ ਤੇ ਸੰਸਦ ਦੇ ਦੋ ਗਾਰਡਾਂ ਸਮੇਤ ਕੁੱਲ 9 ਲੋਕ ਸ਼ਹੀਦ ਹੋਏ ਸਨ ਜ


ਨਵੀਂ ਦਿੱਲੀ : 13 ਦਸੰਬਰ, 2001 ਉਹ ਤਾਰੀਖ ਹੈ ਜਦੋਂ ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ ‘ਚ ਸਵਾਰ ਪੰਜ ਅੱਤਵਾਦੀਆਂ ਨੇ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਸੰਸਦ ਭਵਨ ‘ਤੇ ਅੱਤਵਾਦੀ ਹਮਲਾ ਕੀਤਾ ਸੀ। ਅੱਜ ਸੰਸਦ ਭਵਨ ਹਮਲੇ ਦੀ 21ਵੀਂ ਬਰਸੀ ਹੈ। 21 ਸਾਲ ਬਾਅਦ ਵੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀਆਂ ਯਾਦਾਂ ਤਾਜ਼ਾ ਹਨ। ਇਸ ਹਮਲੇ ‘ਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਕਾਂਸਟੇਬਲ ਤੇ ਸੰਸਦ ਦੇ ਦੋ ਗਾਰਡਾਂ ਸਮੇਤ ਕੁੱਲ 9 ਲੋਕ ਸ਼ਹੀਦ ਹੋਏ ਸਨ ਜਦਕਿ ਸਾਰੇ ਪੰਜ ਅੱਤਵਾਦੀ ਵੀ ਮਾਰੇ ਗਏ।

ਦਰਅਸਲ, 13 ਦਸੰਬਰ 2001 ਦੀ ਸਵੇਰ ਨੂੰ ਸੰਸਦ ‘ਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ। ਉਸ ਦਿਨ ਜ਼ਿਆਦਾਤਰ ਸੰਸਦ ਮੈਂਬਰ ਸੰਸਦ ‘ਚ ਮੌਜੂਦ ਸਨ ਅਤੇ ਤਾਬੂਤ ਘੁਟਾਲੇ ਨੂੰ ਲੈ ਕੇ ਸੰਸਦ ਦੇ ਦੋਹਾਂ ਸਦਨਾਂ ‘ਚ ਹੰਗਾਮਾ ਕੀਤਾ ਜਾ ਰਿਹਾ ਸੀ। ਫਿਰ ਸਵੇਰੇ ਕਰੀਬ 11.29 ਵਜੇ ਇਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਤੇਜ਼ੀ ਨਾਲ ਸੰਸਦ ਭਵਨ ਵੱਲ ਆਈ ਅਤੇ ਮੁੱਖ ਦੁਆਰ ‘ਤੇ ਲੱਗੇ ਬੈਰੀਕੇਡ ਤੋੜ ਕੇ ਅੰਦਰ ਦਾਖਲ ਹੋ ਗਈ। ਦੱਸ ਦੇਈਏ ਕਿ ਚਿੱਟੇ ਰੰਗ ਦੀ ਅੰਬੈਸਡਰ ਕਾਰ ‘ਤੇ ਗ੍ਰਹਿ ਮੰਤਰਾਲੇ ਦਾ ਸਟਿੱਕਰ ਵੀ ਲੱਗਾ ਹੋਇਆ ਸੀ।

45 ਮਿੰਟ ਤਕ ਗੋਲੀਆਂ ਦੀ ਆਵਾਜ਼ ਨਾਲ ਗੂੰਜਦਾ ਰਿਹਾ ਸੰਸਦ ਕੰਪਲੈਕਸ

ਚਿੱਟੇ ਰੰਗ ਦੀ ਅੰਬੈਸਡਰ ਕਾਰ ‘ਚ ਸਵਾਰ ਜੈਸ਼ ਦੇ ਪੰਜ ਅੱਤਵਾਦੀਆਂ ਨੇ ਏ.ਕੇ.-47 ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਆਵਾਜ਼ ਸੁਣ ਕੇ ਸੰਸਦ ਕੰਪਲੈਕਸ ‘ਚ ਮੌਜੂਦ ਸੁਰੱਖਿਆ ਬਲ ਤਿਆਰ ਹੋ ਗਏ। ਜਲਦੀ-ਜਲਦੀ ‘ਚ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਮੋਰਚਾ ਸੰਭਾਲਿਆ ਤੇ ਸੰਸਦ ਦਾ ਐਂਟਰੀ ਗੇਟ ਬੰਦ ਕਰ ਦਿੱਤਾ। ਕਰੀਬ 45 ਮਿੰਟ ਤਕ ਸੰਸਦ ‘ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਸੁਰੱਖਿਆ ਬਲਾਂ ਨੇ ਆਹਮੋ-ਸਾਹਮਣੇ ਮੁਕਾਬਲੇ ‘ਚ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ ਇਸ ਹਮਲੇ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ, ਇਕ ਮਹਿਲਾ ਸੀਆਰਪੀਐਫ ਕਾਂਸਟੇਬਲ ਅਤੇ ਸੰਸਦ ਦੇ ਦੋ ਗਾਰਡਾਂ ਸਮੇਤ ਕੁੱਲ 9 ਲੋਕ ਸ਼ਹੀਦ ਹੋ ਗਏ ਸਨ।

ਹਮਲੇ ਸਮੇਂ ਆਪਣੀ ਰਿਹਾਇਸ਼ ਲਈ ਨਿਕਲੇ ਸਨ ਪੀਐੱਮ ਅਟਲ ਬਿਹਾਰੀ

ਦੱਸ ਦੇਈਏ ਕਿ ਜਦੋਂ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਉਸ ਵੇਲੇ ਜ਼ਿਆਦਾਤਰ ਸੰਸਦ ਮੈਂਬਰ ਸਦਨ ‘ਚ ਮੌਜੂਦ ਸਨ। ਜਦੋਂਕਿ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ। ਜਿਸ ਕਾਰਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੋਨੀਆ ਗਾਂਧੀ ਹਮਲੇ ਤੋਂ ਪਹਿਲਾਂ ਹੀ ਆਪਣੇ ਨਿਵਾਸ ਲਈ ਰਵਾਨਾ ਹੋ ਗਏ ਸਨ। ਹਾਲਾਂਕਿ ਹਮਲੇ ਦੇ ਸਮੇਂ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸੰਸਦ ਭਵਨ ਵਿੱਚ ਸਨ।

ਅਫਜ਼ਲ ਗੁਰੂ ਸੀ ਸੰਸਦ ਹਮਲੇ ਦਾ ਮਾਸਟਰਮਾਈਂਡ

ਜ਼ਿਕਰਯੋਗ ਹੈ ਕਿ ਸੰਸਦ ਭਵਨ ‘ਤੇ ਹੋਏ ਇਸ ਹਮਲੇ ਦੀ ਸਾਜ਼ਿਸ਼ ਅਫਜ਼ਲ ਗੁਰੂ ਨੇ ਰਚੀ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੰਸਦ ਹਮਲੇ ਦੇ ਮੁੱਖ ਦੋਸ਼ੀ ਅਫਜ਼ਲ ਗੁਰੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਪਾਕਿਸਤਾਨ ‘ਚ ਅੱਤਵਾਦੀ ਸਿਖਲਾਈ ਵੀ ਲਈ ਸੀ। ਦੱਸ ਦੇਈਏ ਕਿ ਸਾਲ 2002 ‘ਚ ਦਿੱਲੀ ਹਾਈ ਕੋਰਟ ਅਤੇ ਸਾਲ 2006 ਵਿੱਚ ਸੁਪਰੀਮ ਕੋਰਟ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। 9 ਫਰਵਰੀ 2013 ਦੀ ਸਵੇਰ ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

Send this to a friend