ਪੰਜਾਬ ਕੈਬਨਿਟ ਵਿੱਚੋਂ 2 ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ।ਇਹ ਵੀ ਖਬਰ ਹੈ ਕਿ ਕੈਬਨਿਟ ਦੇ ਵਿੱਚ ਦੋ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪਾਰਟੀ ਪੱਧਰ ’ਤੇ ਕਈ ਦਿਨਾਂ ਤੋਂ ਕੈਬਨਿਟ ਦੇ ਵਿੱਚ ਕੀਤੇ ਜਾਣ ਵਾਲੇ ਫੇਰ ਬਦਲ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਸੀ। ਕੈਬਨਿਟ ਦੇ ਵਿੱਚ ਫੇਰਬਦਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਅਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਰ ਚਰਚਾ ਕਰ ਚੁੱਕੇ ਹਨ।
ਪੰਜਾਬ ਕੈਬਨਿਟ ਵਿੱਚ ਜਲਦ ਹੀ ਫੇਰਬਦਲ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਭਗਵੰਤ ਮਾਨ ਸਰਕਾਰ ਦੇ ਵਿੱਚੋਂ 2 ਮੰਤਰੀਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ।ਇਹ ਵੀ ਖਬਰ ਹੈ ਕਿ ਕੈਬਨਿਟ ਦੇ ਵਿੱਚ ਦੋ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪਾਰਟੀ ਪੱਧਰ ’ਤੇ ਕਈ ਦਿਨਾਂ ਤੋਂ ਕੈਬਨਿਟ ਦੇ ਵਿੱਚ ਕੀਤੇ ਜਾਣ ਵਾਲੇ ਫੇਰ ਬਦਲ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਸੀ। ਕੈਬਨਿਟ ਦੇ ਵਿੱਚ ਫੇਰਬਦਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਅਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਰ ਚਰਚਾ ਕਰ ਚੁੱਕੇ ਹਨ। ਦਰਅਸਲ ਮਾਲਵੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਰਿਵਾਇਤੀ ਸੀਟ ਲੰਬੀ ਤੋਂ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦਾ ਨਾਮ ਸਭ ਤੋਂ ਅੱਗੇ ਹੈ। ਉਨ੍ਹਾਂ ਨੂੰ ਮੰਤਰੀ ਬਣਾਏ ਜਾਣ ਦੀ ਚਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਹੀ ਚੱਲ ਰਹੀ ਸੀ ਪਰ ਉਸ ਵੇਲੇ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ ਸੀ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਸੀਟ ਤੋਂ ਹਰਾਉਣ ਵਾਲੇ ਜਗਦੀਪ ਕੰਬੋਜ ਦਾ ਨਾਮ ਵੀ ਚਰਚਾ ਦੇ ਵਿੱਚ ਹੈ। ਖਬਰ ਇਹ ਵੀ ਹੈ ਕਿ ਇਸ ਤੋਂ ਇਲਾਵਾ ਇੱਕ ਮਹਿਲਾ ਆਗੂ ਨੂੰ ਵੀ ਮੰਤਰੀ ਅਹੁਦਾ ਦਿੱਤਾ ਜਾ ਸਕਦਾ ਹੈ। ਇਸ ਲਈ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੀ ਪ੍ਰੋ. ਬਲਜਿੰਦਰ ਕੌਰ ਅਤੇ ਜਗਰਾਓਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਵਜੀਤ ਕੌਰ ਮਾਣੂਕੇ ਦੇ ਨਾਮ ਦੇ ਉੱਪਰ ਚਰਚਾ ਚੱਲ ਰਹੀ ਹੈ। ਪਟਿਆਲਾ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ ਨੂੰ ਵੀ ਪੰਜਾਬ ਸਰਕਾਰ ਦੇ ਵਿੱਚ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਪੰਜਾਬ ਕੈਬਨਿਟ ਦੇ ਵਿੱਚ ਬਦਲਾਅ ਦੀਆਂ ਖ਼ਬਰਾਂ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵਿੱਚ ਹਲਚਲ ਵੱਧ ਗਈ ਹੈ। ਜਿਹੜੇ ਮੰਤਰੀਆਂ ਨੂੰ ਕੈਬਨਿਟ ਤੋਂ ਬਾਹਰ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਵੀ ਇਸ ਦਾ ਅਹਿਸਾਸ ਹੋ ਗਿਆ ਹੈ ਅਤੇ ਉਹ ਆਪਣਾ ਅਹੁਦਾ ਬਚਾਉਣ ਲਈ ਦਿੱਲੀ ਦਰਬਾਰ ਤੱਕ ਪਹੁੰਚ ਕਰ ਰਹੇ ਹਨ। ਦੂਜੇ ਪਾਸੇ ਜਿਹੜੇ ਮੰਤਰੀਆਂ ਦੇ ਨਾਮ ਚਰਚਾ ਵਿੱਚ ਹਨ, ਉਨ੍ਹਾਂ ਵੱਲੋਂ ਵੀ ਆਪਣਾ ਨਾਮ ਪੱਕਾ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਬਦਲਾਅ ਦੇ ਨਾਲ-ਨਾਲ ਕੁੱਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ।ਹਾਲਾਂਕਿ ਚਰਚਾ ਇਹ ਵੀ ਹੈ ਕਿ ਕੁੱਝ ਮੰਤਰੀਆਂ ਨੂੰ ਪੁਰਾਣੇ ਵਿਭਾਗ ਵਾਪਸ ਮਿਲ ਸਕਦੇ ਹਨ ਅਤੇ ਕੁੱਝ ਮੰਤਰੀਆਂ ਨੂੰ ਵਧੇਰੇ ਵਿਭਾਗ ਸੌਂਪੇ ਵੀ ਜਾ ਸਕਦੇ ਹਨ।