MP ਰਾਘਵ ਚੱਢਾ ਨੇ VP ਧਨਖੜ ਨੂੰ ਨਵੀਂ ਪਾਰੀ ਦੀ ਸ਼ੁਰੂਆਤ ਲਈ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਕਿਸਾਨਾਂ ਦੇ ਮੁੱਦਿਆਂ ਨੂੰ ਮਿਲੇਗੀ ਪਹਿਲਾਂ ਨਾਲੋਂ ਜ਼ਿਆਦਾ ਅਹਿਮੀਅਤ

ਚੱਢਾ ਨੇ ਕਿਹਾ ਕਿ ਉਹ ਸੰਸਦ ਵਿੱਚ ਖੇਤੀ ਪ੍ਰਧਾਨ ਸੂਬੇ, ਪੰਜਾਬ ਦੇ ਪ੍ਰਤੀਨਿਧੀ ਹਨ ਅਤੇ ਉਹ ਪੰਜਾਬ, ਪੰਜਾਬੀਆਂ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਰਾਜ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਂਦੇ ਰਹਿਣਗੇ


ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਰਾਜ ਸਭਾ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਉਨ੍ਹਾਂ ਦੀ ਇਸ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਬੁੱਧਵਾਰ ਨੂੰ ਰਾਜ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਅਤੇ ਉਨ੍ਹਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਵਾਗਤ ਕਰਦੇ ਹਨ ਅਤੇ ਸ੍ਰੀ ਧਨਖੜ ਦੇ ਕਿਸਾਨੀ ਪਛੋਕੜ ਨੂੰ ਦੇਖਦੇ ਹੋਏ ਇਹ ਉਮੀਦ ਕਰਦੇ ਹਨ ਕਿ ਰਾਜ ਸਭਾ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ।

ਚੱਢਾ ਨੇ ਕਿਹਾ ਕਿ ਉਹ ਸੰਸਦ ਵਿੱਚ ਖੇਤੀ ਪ੍ਰਧਾਨ ਸੂਬੇ, ਪੰਜਾਬ ਦੇ ਪ੍ਰਤੀਨਿਧੀ ਹਨ ਅਤੇ ਉਹ ਪੰਜਾਬ, ਪੰਜਾਬੀਆਂ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਰਾਜ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਂਦੇ ਰਹਿਣਗੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਪ ਰਾਸ਼ਟਰਪਤੀ ਉਨ੍ਹਾਂ ਨੂੰ ਪੂਰਾ ਸਮਾਂ ਅਤੇ ਸਹਿਯੋਗ ਦੇਣਗੇ।

ਚੱਢਾ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਜਗਦੀਪ ਧਨਖੜ ਰਾਜ ਸਭਾ ਵਿੱਚ ਸਭ ਤੋਂ ਸੀਨੀਅਰ ਹਨ ਅਤੇ ਉਹ (ਚੱਢਾ) ਸਭ ਤੋਂ ਘੱਟ ਉਮਰ ਦੇ ਸਾਂਸਦ ਹਨ, ਇਸ ਲਈ ਇੱਕ ਪਰਿਵਾਰ ਦੀ ਤਰ੍ਹਾਂ ਧਨਖੜ ਉਨ੍ਹਾਂ ਦਾ ਖਾਸ ਖਿਆਲ ਰੱਖਣਗੇ। ਰਾਜ ਸਭਾ ਚੇਅਰਪਰਸਨ ਧਨਖੜ ਨੇ ਵੀ ਮਜ਼ਾਕੀਆ ਢੰਗ ਨਾਲ ਜਵਾਬ ਦਿੰਦਿਆਂ ਕਿਹਾ, “ਜਿਨ੍ਹਾਂ ਨੂੰ ਮੈਂ ਪਿਆਰ ਅਤੇ ਸਤਿਕਾਰ ਕਰਦਾ ਹਾਂ, ਉਹ ਹੀ ਸਭ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ।”

Send this to a friend