February 3, 2023 7:26 pm

47 ਡਿਗਰੀਆਂ ਤੋਂ ਬਾਅਦ ਵੀ ਪਡ਼੍ਹਾਈ ਦੀ ‘ਭੁੱਖ’, ਯਾਦ ਰੱਖਣ ਲਈ ਲਾਉਣਾ ਪਿਆ ਰਜਿਸਟਰ, ਜਾਣੋ ਇਸ ਜਨੂੰਨੀ ਸ਼ਖ਼ਸ ਬਾਰੇ

ਫ਼ੌਜ ’ਚ ਬਤੌਰ ਇੰਜੀਨੀਅਰ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਡਾ. ਹਰਦਿਆਲ ਸਿੰਘ ਨੇ ਆਪਣੀ ਪਡ਼੍ਹਾਈ ਦਾ ਸਫ਼ਰ ਜਾਰੀ ਰੱਖਿਆ ਤੇ 47 ਡਿਗਰੀਆਂ ਹਾਸਲ ਕੀਤੀਆਂ। ਦੋ ਸਾਲ ਪਹਿਲਾਂ ਹੀ 78 ਵਰ੍ਹਿਆਂ ਦੀ ਉਮਰ ’ਚ ਉਨ੍ਹਾਂ ਡਿਜਾਜ਼ਸਟਰ ਮ

ਜਗਰਾਓਂ : ਜ਼ਿੰਦਗੀ ਭਰ ਪਡ਼੍ਹਦਿਆਂ 47 ਡਿਗਰੀਆਂ ਹਾਸਲ ਕਰ ਕੇ 80 ਸਾਲ ਦੀ ਉਮਰ ’ਚ ਵੀ ਜੇ ਕੋਈ ਵਿਅਕਤੀ ਹੋਰ ਪਡ਼੍ਹਨਾ ਲੋਚਦਾ ਹੋਵੇ ਤਾਂ ਇਹ ਸਿਰਫ਼ ਪਡ਼੍ਹਾਈ ਪ੍ਰਤੀ ਸ਼ੌਕ ਤੇ ਜਨੂੰਨ ਨਹੀਂ। ਬਲਕਿ ਇਸ ਨੂੰ ਪਡ਼੍ਹਾਈ ਦੀ ‘ਭੁੱਖ’ ਹੀ ਕਿਹਾ ਜਾ ਸਕਦਾ ਹੈ। ਜਗਰਾਓਂ ਵਾਸੀ ਡਾ. ਹਰਦਿਆਲ ਸਿੰਘ ਸੈਂਭੀ ਉਹ ਵਿਅਕਤੀ ਹਨ ਜਿਨ੍ਹਾਂ ਦੀ ਪਡ਼੍ਹਾਈ ਦੀ ‘ਭੁੱਖ’ ਸ਼ਾਂਤ ਨਹੀਂ ਹੋ ਰਹੀ।

ਫ਼ੌਜ ’ਚ ਬਤੌਰ ਇੰਜੀਨੀਅਰ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਡਾ. ਹਰਦਿਆਲ ਸਿੰਘ ਨੇ ਆਪਣੀ ਪਡ਼੍ਹਾਈ ਦਾ ਸਫ਼ਰ ਜਾਰੀ ਰੱਖਿਆ ਤੇ 47 ਡਿਗਰੀਆਂ ਹਾਸਲ ਕੀਤੀਆਂ। ਦੋ ਸਾਲ ਪਹਿਲਾਂ ਹੀ 78 ਵਰ੍ਹਿਆਂ ਦੀ ਉਮਰ ’ਚ ਉਨ੍ਹਾਂ ਡਿਜਾਜ਼ਸਟਰ ਮੈਨੇਜਮੈਂਟ ’ਚ ਡਿਗਰੀ ਹਾਸਲ ਕੀਤੀ ਹੈ। ਹੁਣ ਉਨ੍ਹਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ’ਚ ਡਿਗਰੀ ਪਾਸ ਕਰਨ ਦੀ ਤਮੰਨਾ ਬਾਕੀ ਹੈ।

10 ਜੂਨ, 1942 ਨੂੰ ਪੈਦਾ ਹੋਏ ਡਾ. ਹਰਦਿਆਲ ਸਿੰਘ ਸੈਂਭੀ ਸਿਵਲ ਇੰਜੀਨੀਅਰਿੰਗ ਕਰਨ ਤੋਂ ਬਾਅਦ ਫ਼ੌਜ ’ਚ ਭਰਤੀ ਹੋਏ। ਪਰ ਦੇਸ਼ ਭਰ ’ਚ ਫ਼ੌਜ ਦੀ ਸੇਵਾ ਨਿਭਾਉਂਦਿਆਂ ਵੀ ਉਨ੍ਹਾਂ ਪਡ਼੍ਹਾਈ ਦਾ ਜਨੂੰਨ ਬਰਕਰਾਰ ਰੱਖਿਆ। ਫ਼ੌਜ ’ਚੋਂ ਸੇਵਾ ਮੁਕਤ ਹੋਏ ਡਾ. ਹਰਵਿੰਦਰ ਸਿੰਘ ਸੈਂਭੀ ਵੱਧਦੀ ਉਮਰ ਦੇ ਨਾਲ-ਨਾਲ ਪਡ਼੍ਹਾਈ ਵੱਲ ਹੋਰ ਆਕਰਸ਼ਤ ਹੁੰਦੇ ਗਏ। ਉਨ੍ਹਾਂ ਇੱਕ ਤੋਂ ਬਾਅਦ ਇੱਕ 41 ਡਿਗਰੀਆਂ ਹਾਸਲ ਕਰ ਲਈਆਂ। ਡਿਗਰੀਆਂ ਯਾਦ ਰੱਖਣ ਲਈ ਉਨ੍ਹਾਂ ਨੂੰ ਬਾਕਾਇਦਾ ਰਜਿਸਟਰ ਲਗਾਉਣਾ ਪਿਆ।

ਉਨ੍ਹਾਂ 17 ਵੱਖ-ਵੱਖ ਵਿਸ਼ਿਆਂ ’ਚ ਪੋਸਟ ਗੈ੍ਰਜੂਏਸ਼ਨ, 6 ਪੋਸਟ ਗ੍ਰੈਜੂਏਸਨ ਡਿਪਲੋਮੇ, ਐੱਲਐੱਲਬੀ, ਐੱਮਡੀਐੱਚ, ਆਰਐੱਮਆਰ (ਹੋਮਕੋ), ਆਯੁਰਵੈਦ ਰਤਨ, ਆਰਐੱਮਪੀ (ਆਯੁਰ), ਡਿਪਲੋਮਾ ਇਨ ਸਿੱਖ ਸਟੱਡੀ, ਏਐੱਮਆਈਐੱਸ, ਐੱਮਆਈਐੱਮਐੱਸ, ਜੇਐੱਮਸੀ, ਡੀਪੀਸੀ, ਕਿਓੂਐੱਸਸੀਸੀ, ਕੰਪਿਊਟਰ ਕੋਰਸ, ਗਿਆਨੀ ਆਨਰਜ਼ ਤੇ ਸ਼ਿਕਸ਼ਾ ਵਿਸ਼ਾਰਦ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ।

ਬੱਚੇ ਵੀ ਪਿਤਾ ਦੇ ਨਕਸ਼ੇ ਕਦਮਾਂ ’ਤੇ

ਡਾ. ਹਰਵਿੰਦਰ ਸਿੰਘ ਸੈਂਭੀ ਵਾਂਗ ਹੀ ਉਨ੍ਹਾਂ ਦੇ ਧੀਆਂ-ਪੁੱਤ ਵੀ ਪਡ਼੍ਹਾਈ ਦੇ ਇਸ ਕਦਰ ਸ਼ੌਕੀਨ ਹਨ ਕਿ ਪੀਸੀਐੱਸ, ਡਾਕਟਰੀ ਕਰਨ ਤੋਂ ਬਾਅਦ ਵੀ ਲਗਾਤਾਰ ਪਡ਼੍ਹਾਈ ਕਰ ਰਹੇ ਹਨ। ਉਨ੍ਹਾਂ ਪੁੱਤਰ ਐੱਚਐੱਸ ਡਿੰਪਲ ਪੀਸੀਐੱਸ ਅਧਿਕਾਰੀ ਹੈ। ਦੂਸਰਾ ਸਪੁੱਤਰ ਐੱਚਐੱਸ ਡਾਰਲਿੰਗ ਜਿੱਥੇ ਏਅਰ ਫੋਰਸ ’ਚ ਸਕੁਆਰਡਨ ਲੀਡਰ ਹਨ, ਉਥੇ ਕੈਂਸਰ ਰੋਗਾਂ ਦੇ ਮਾਹਰ ਡਾਕਟਰ ਹਨ। ਤੀਸਰੇ ਸਪੁੱਤਰ ਐੱਮਐੱਸ ਡੈਜ਼ਲਿੰਗ ਵਕੀਲ ਹਨ, ਵਕਾਲਤ ਦੇ ਨਾਲ ਉਹ ਵੀ ਲਗਾਤਾਰ ਪਡ਼੍ਹ ਰਹੇ ਹਨ। ਸਪੁੱਤਰੀ ਡਾ. ਐੱਚਕੇ ਡੌਲੀ ਪ੍ਰੋਫੈਸਰ ਹਨ।

ਹਾਲੇ ਵੀ ਜਵਾਨੀ ਵਾਂਗ ਹੈ ਪਡ਼੍ਹਾਈ ਦੀ ਲਲਕ

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਅੰਦਰ ਪਡ਼੍ਹਾਈ ਦਾ ‘ਜਨੂੰਨ’ ਨਹੀਂ ਬਲਕਿ ‘ਭੁੱਖ’ ਹੈ। ਇੰਨਾ ਪਡ਼੍ਹ ਕੇ ਉਨ੍ਹਾਂ ਜੋ ਖੁਸ਼ੀ ਤੇ ਸਕੂਨ ਮਿਲਿਆ ਹੈ, ਉਹ ਇਸ ਬਾਰੇ ਦੱਸ ਨਹੀਂ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪਡ਼੍ਹਾਈ ਇਕ ਅਜਿਹਾ ਖ਼ਜ਼ਾਨਾ ਹੈ, ਜਿਸ ਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਲੁਟੇਰਾ ਲੁੱਟ ਸਕਦਾ ਹੈ। ਡਾ. ਸੈਂਭੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ 80 ਵਰ੍ਹਿਆਂ ਦੀ ਹੈ ਪਰ ਪਡ਼੍ਹਾਈ ਦੀ ਲਲਕ ਬਚਪਨ ਤੇ ਜਵਾਨੀ ਵਾਂਗ ਹੀ ਬਰਕਰਾਰ ਹੈ। ਉਹ ਪੁਲਿਸ ਐਡਮਿਨਿਸਟ੍ਰੇਸ਼ਨ ਵਿਸ਼ੇ ’ਚ ਪਡ਼੍ਹਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਫਿਲੌਰ ਅਕੈਡਮੀ ’ਚ ਸੰਪਰਕ ਕਰਨ ਲਈ ਕਿਹਾ ਗਿਆ ਹੈ। ਪਰ ਉਨ੍ਹਾਂ ਨੇ ਇਹ ਵੀ ਗਿਲਾ ਜ਼ਾਹਿਰ ਕੀਤਾ ਹੈ ਕਿ ਲਾਲ ਫੀਤਾ ਸ਼ਾਹੀ ਦੇ ਦਬਦਬੇ ਕਾਰਨ ਉਨ੍ਹਾਂ ਦੀ ਤੰਮਨਾ ਪੂਰੀ ਹੋਣ ’ਚ ਦੇਰ ਲੱਗ ਰਹੀ ਹੈ।

ਨੌਜਵਾਨ ਪੀਡ਼੍ਹੀ ਦਿਖਾਵੇ ਕਰਨ ਦੀ ਥਾਂ ਗੰਭੀਰ ਹੋਵੇ

ਉਨ੍ਹਾਂ ਨੌਜਵਾਨ ਪੀਡ਼੍ਹੀ ਨੂੰ ਵੀ ਪਡ਼੍ਹਾਈ ਨੂੰ ਸਮਰਪਿਤ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਜੋ ਵੀ ਕਰਨ ਉਸ ਨੂੰ ਗੰਭੀਰਤਾ ਨਾਲ ਲੈਣ। ਦਿਖਾਵੇ ਤੋਂ ਦੂਰ ਰਹਿਣ। ਟੀਵੀ, ਮੋਬਾਈਲ ਤੋਂ ਤੌਬਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਟੀਵੀ, ਮੋਬਾਈਲ ਨੇ ਭਾਵੇਂ ਸਾਨੂੰ ਦੇਸ਼-ਦੁਨੀਆਂ ਨੂੰ ਮੁੱਠੀ ’ਚ ਕਰਨ ਦਾ ਬਲ ਦਿੱਤਾ ਹੈ ਪਰ ਅਸਲ ’ਚ ਅਸੀਂ ਇਸ ਦੇ ਮੱਕਡ਼-ਜਾਲ ’ਚ ਫਸ ਕੇ ਕਿੰਨਾ ਕੁਝ ਗੁਆ ਬੈਠੇ ਹਾਂ। ਇਹ ਸੋਚਣ ਦਾ ਵਿਸ਼ਾ ਹੈ।

Send this to a friend