February 3, 2023 8:02 pm

ਬਰਗਾੜੀ ਬੇਅਦਬੀ ਮਾਮਲੇ ‘ਚ ਐੱਸਆਈਟੀ ਨੇ ਤੇਜ਼ ਕੀਤੀ ਜਾਂਚ, ਅਧਿਕਾਰੀਆਂ ਨੇ ਦਰਜ ਕੀਤੇ ਪੀੜਤਾਂ ਅਤੇ ਗਵਾਹਾਂ ਦੇ ਬਿਆਨ

ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਐੱਲਕੇ ਯਾਦਵ ਏਡੀਜੀਪੀ ਦੀ ਅਗਵਾਈ ਵਾਲੀ ਐੱਸਆਈਟੀ ਨੇ ਅੱਜ ਫਿਰ ਪੀਡਬਲਯੂਡੀ ਰੈਸਟ ਹਾਊਸ ਫਰੀਦਕੋਟ ਵਿਖੇ ਸਥਿੱਤ ਕੈਂਪ ਆਫਿਸ ਵਿੱਚ ਕੋਟਕਪੂਰਾ ਗੋਲ਼ੀਕਾਂਡ ਨਾਲ ਸਬੰਧਤ ਪੀੜਤਾਂ ਅਤੇ.

ਫਰੀਦਕੋਟ : ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਹੋਰ ਮਾਮਲਿਆਂ ਦੀ ਜਾਂਚ ਕਰ ਰਹੀਆਂ ਟੀਮਾਂ ਵਲੋਂ ਆਪਣੇ ਕੰਮ ਵਿੱਚ ਤੇਜੀ ਲਿਆਂਦੀ ਗਈ ਹੈ। ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕਰ ਰਹੀ ਐੱਲਕੇ ਯਾਦਵ ਏਡੀਜੀਪੀ ਦੀ ਅਗਵਾਈ ਵਾਲੀ ਐੱਸਆਈਟੀ ਨੇ ਅੱਜ ਫਿਰ ਪੀਡਬਲਯੂਡੀ ਰੈਸਟ ਹਾਊਸ ਫਰੀਦਕੋਟ ਵਿਖੇ ਸਥਿੱਤ ਕੈਂਪ ਆਫਿਸ ਵਿੱਚ ਕੋਟਕਪੂਰਾ ਗੋਲ਼ੀਕਾਂਡ ਨਾਲ ਸਬੰਧਤ ਪੀੜਤਾਂ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਦਕਿ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਐੱਸਆਈਟੀ ਦੇ ਮੈਂਬਰ ਗੁਲਨੀਤ ਸਿੰਘ ਖੁਰਾਣਾ ਐੱਸਐੱਸਪੀ ਮੋਗਾ ਦੀ ਅਗਵਾਈ ਵਾਲੀ ਟੀਮ ਨੇ ਵੱਖ ਵੱਖ ਪਹਿਲੂਆਂ ਤੋਂ ਪੁੱਛਗਿੱਛ ਕੀਤੀ, ਬਿਆਨ ਕਲਮਬੰਦ ਕਰਨ ਉਪਰੰਤ ਪੀੜਤਾਂ ਅਤੇ ਗਵਾਹਾਂ ਨੂੰ ਆਖਿਆ ਕਿ ਐੱਸਆਈਟੀ ਵਲੋਂ ਜਾਰੀ ਕੀਤੇ ਵਟਸਅਪ ਨੰਬਰ ਜਾਂ ਮੇਲ ਆਈਡੀ ਰਾਹੀਂ ਕੋਈ ਵੀ ਵਿਅਕਤੀ ਇਸ ਗੋਲ਼ੀਕਾਂਡ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਉਕਤ ਵਿਅਕਤੀ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐੱਸਆਈਟੀ ਦੇ ਮੁਖੀ ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਟੀਮ ਨੇ ਸਥਾਨਕ ਬੱਤੀਆਂ ਵਾਲਾ ਚੌਕ ਵਿੱਚ ਪੁੱਜ ਕੇ ਘਟਨਾ ਸਥਾਨ ਦਾ ਬੜੀ ਬਰੀਕੀ ਨਾਲ ਜਾਇਜਾ ਲਿਆ ਸੀ, ਕਈ ਘੰਟੇ ਬੱਤੀਆਂ ਵਾਲੇ ਚੌਂਕ ਵਿੱਚ ਮੌਜੂਦ ਰਹੀ ਅਧਿਕਾਰੀਆਂ ਦੀ ਟੀਮ ਨੇ ਉਸ ਸਮੇਂ ਵੀ ਕੁਝ ਪੀੜਤਾਂ ਅਤੇ ਗਵਾਹਾਂ ਨਾਲ ਗੱਲਬਾਤ ਕੀਤੀ ਸੀ। ਅੱਜ ਉਕਤ ਜਾਂਚ ਨੂੰ ਹੋਰ ਅੱਗੇ ਤੋਰਦਿਆਂ 14 ਅਕਤੂਬਰ 2015 ਵਾਲੇ ਦਿਨ ਵਾਪਰੀ ਘਟਨਾ ਮੌਕੇ ਥਾਣਾ ਸਿਟੀ ਕੋਟਕਪੂਰਾ ਵਿਖੇ ਤੈਨਾਤ ਮੁਨਸ਼ੀ ਹਰਪਾਲ ਸਿੰਘ ਸਮੇਤ ਕੁਝ ਹੋਰ ਪੁਲਿਸ ਕਰਮਚਾਰੀਆਂ ਦੇ ਵੀ ਬਿਆਨ ਕਲਮਬੰਦ ਕੀਤੇ। ਜ਼ਿਕਰਯੋਗ ਹੈ ਕਿ ਉਕਤ ਗੋਲ਼ੀਕਾਂਡ ਦੀ ਸਾਰੀ ਘਟਨਾ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਜਾਂਚ ਟੀਮ ਨੇ ਉਕਤ ਕੈਮਰੇ ਲਵਾਉਣ ਵਾਲੀ ਸਮਾਜਸੇਵੀ ਸੰਸਥਾ ਦੇ ਅਹੁਦੇਦਾਰਾਂ ਤੋਂ ਵੀ ਜਾਣਕਾਰੀ ਇਕੱਤਰ ਕੀਤੀ। ਮੰਨਿਆ ਜਾ ਰਿਹਾ ਹੈ ਕਿ ਐੱਸਆਈਟੀ ਜਲਦ ਹੀ ਉਕਤ ਕੇਸ ਵਿੱਚ ਹਾਈ ਕੋਰਟ ਦੀ ਹਦਾਇਤ ਮੁਤਾਬਿਕ ਫਰੀਦਕੋਟ ਦੀ ਅਦਾਲਤ ਵਿੱਚ ਚਲਾਨ ਰਿਪੋਰਟ ਪੇਸ਼ ਕਰ ਸਕਦੀ ਹੈ।

Send this to a friend