ਫਰੀਦਕੋਟ :ਕਿਸਾਨੀ ਮੰਗਾਂ ਲਈ ਫ਼ਰੀਦਕੋਟ ਟੀ ਪੁਆਇੰਟ ’ਤੇ ਸਥਿਤ ਪਿੰਡ ਟਹਿਣਾ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪਿਛਲੇ 9 ਦਿਨਾਂ ਤੋਂ ਚੱਲ ਰਿਹਾ ਧਰਨਾ ਖ਼ਤਮ ਕਰਨ ’ਤੇ ਸ਼ੁੱਕਰਵਾਰ ਦੇਰ ਰਾਤ ਸਹਿਮਤੀ ਬਣ ਗਈ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਰਨ ਵਰਤ ’ਤੇ ਬੈਠੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਜੂਸ ਪਿਆ ਕੇ ਉਨ੍ਹਾਂ ਦਾ ਮਰਨ ਵਰਤ ਖ਼ਤਮ ਕੀਤਾ। ਜਥੇਬੰਦੀ ਨੇ 31 ਮਾਰਚ ਤੱਕ ਸਾਰੀਆਂ ਮੰਗਾਂ ਹੱਲ ਕਰਨ ਦਾ ਸਮਾਂ ਦੇ ਕੇ ਧਰਨਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।
ਵੀਰਵਾਰ ਸਵੇਰ ਤੋਂ ਹੀ ਕਿਸਾਨ ਆਗੂ ਡੱਲੇਵਾਲ ਨੂੰ ਮਨਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਪਹਿਲਾਂ ਆਈਜੀ ਜਸਕਰਨ ਸਿੰਘ ਤੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ’ਚ ਦੋ ਵਾਰ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਪਰ ਇਹ ਬੇਸਿੱਟਾ ਰਹੀ। ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਦੇ ਆਗੂ ਕਾਕਾ ਸਿੰਘ ਕੋਟੜਾ ਦੀ ਅਗਵਾਈ ਵਾਲੀ ਟੀਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਖ਼ਿਲਾਫ਼ ਵਰਤੀ ਸ਼ਬਦਾਵਲੀ ਪ੍ਰਤੀ ਮਾਫ਼ੀ ਮੰਗਣ ਦੀ ਗੱਲ ’ਤੇ ਅੜੀ ਰਹੀ। ਸਹਿਮਤੀ ਨਾ ਬਣੀ ਤਾਂ ਕਿਸਾਨ ਮੀਟਿੰਗ ’ਚੋਂ ਉੱਠ ਕੇ ਚਲੇ ਗਏ।
ਇਸ ਤੋਂ ਬਾਅਦ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ੁਦ ਕਿਸਾਨਾਂ ਨਾਲ ਮੀਟਿੰਗ ਕਰਨ ਪੁੱਜੇ। ਕਈ ਘੰਟੇ ਚੱਲੀ ਇਸ ਮੀਟਿੰਗ ’ਚ ਕਿਸਾਨ ਆਪਣੀਆਂ ਮੰਗਾਂ ਦੇ ਨਾਲ-ਨਾਲ ਭਗਵੰਤ ਮਾਨ ਦੀ ਮਾਫ਼ੀ ਦੀ ਮੰਗ ’ਤੇ ਅੜੇ ਰਹੇ। ਲੰਬੀ ਜਦੋ ਜਹਿਦ ਤੋਂ ਬਾਅਦ ਦੇਰ ਰਾਤ ਖੇਤੀਬਾੜੀ ਮੰਤਰੀ ਨੇ ਸੀਐੱਮ ਭਗਵੰਤ ਮਾਨ ਵੱਲੋਂ ਮਾਫ਼ੀ ਮੰਗੀ ਤੇ ਨਾਲ ਹੀ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਵੀ ਸਰਕਾਰ ਨੂੰ 31 ਮਾਰਚ ਤੱਕ ਸਾਰੀਆਂ ਮੰਗਾਂ ਮੰਨਣ ਲਈ ਸਮਾਂ ਦਿੱਤਾ ਤੇ ਸ਼ੁੱਕਰਵਾਰ ਤੋਂ ਸਾਰੇ ਧਰਨੇ ਚੁੱਕ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੱਲੇਵਾਲ ਨੂੰ ਜੂਸ ਪਿਆ ਕੇ ਉਨ੍ਹਾਂ ਦਾ ਮਰਨ ਵਰਤ ਖ਼ਤਮ ਕੀਤਾ।