ਟੈਰਰ ਫੰਡਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਬਾਜਵਾ ਨੇ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟੈਰਰ ਫ.
ਟੈਰਰ ਫੰਡਿੰਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਵਿਦਿਆਰਥੀ ਹਰਸ਼ਵੀਰ ਸਿੰਘ ਬਾਜਵਾ ਨੇ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਟੈਰਰ ਫੰਡਿੰਗ ਮਾਮਲੇ ਵਿਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਜੁਡ਼ੇ ਹੋਏ ਹਨ। ਹਾਲਾਂਕਿ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ (ਐੱਸਐੱਸਓਸੀ) ਨੂੰ ਹਰਸ਼ਵੀਰ ਨੇ ਦੋ ਲੋਕਾਂ ਦੇ ਨਾਂ ਦੱਸੇ ਹਨ ਜੋ ਟੈਰਰ ਫੰਡਿੰਗ ਨਾਲ ਜੁਡ਼ੇ ਹਨ ਪਰ ਐੱਸਐੱਸਓਸੀ ਨੇ ਹਾਲੇ ਇਨ੍ਹਾਂ ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ।
ਸੂਤਰਾਂ ਅਨੁਸਾਰ ਜਿਸ ਸ਼ਖ਼ਸ ਦਾ ਹਰਸ਼ਵੀਰ ਨੇ ਪੁੱਛਗਿੱਛ ’ਚ ਨਾਂ ਦੱਸਿਆ ਹੈ, ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਸਾਥੀ ਹੈ ਅਤੇ ਉਸ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ ਵਿਚ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਮੀਦ ਹੈ ਕਿ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਥੇ ਦੂਸਰਾ ਨੌਜਵਾਨ ਪੰਜਾਬ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ ਅਤੇ ਕਾਲਜ ਰਾਜਨੀਤੀ ਦਾ ਸਭ ਤੋਂ ਜੋਸ਼ੀਲਾ ਨੇਤਾ ਰਹਿ ਚੁੱਕਾ ਹੈ। ਹਰਸ਼ਵੀਰ ਸਿੰਘ ਨੂੰ ਸੋਮਵਾਰ ਸਵੇਰੇ ਮੁਹਾਲੀ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਐੱਸਐੱਸਓਸੀ ਹਰਸ਼ਵੀਰ ਬਾਜਵਾ ਦਾ ਹੋਰ ਪੁਲਿਸ ਰਿਮਾਂਡ ਮੰਗੇਗੀ। ਐੱਸਐੱਸਓਸੀ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਜਲਦ ਹੀ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਵੇਗੀ।
ਜ਼ਿਕਰਯੋਗ ਹੈ ਕਿ ਹਰਸ਼ਵੀਰ ਸਿੰਘ ਨੂੰ ਦੋ ਦਿਨ ਪਹਿਲਾਂ ਐੱਸਐੱਸਓਸੀ ਮੁਹਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਹਰਸ਼ਵੀਰ ਪੂਯੀ ਕੈਂਪਸ ਸਥਿਤ ਡਿਪਾਰਟਮੈਂਟ ਆਫ ਗਾਂਧੀਅਨ ਸਟੱਡੀਜ਼ ’ਚ ਐੱਮਏ ਤੀਸਰੇ ਸਮੈਸਟਰ ਦਾ ਵਿਦਿਆਰਥੀ ਹੈ। ਮੂਲ ਰੂਪ ’ਚ ਸੰਗਰੂਰ ਦੇ ਰਹਿਣ ਵਾਲੇ ਹਰਸ਼ਵੀਰ ’ਤੇ ਦੋਸ਼ ਹੈ ਕਿ ਉਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾਡ਼ ਦੇ ਕਹਿਣ ’ਤੇ ਡੇਰਾ ਪ੍ਰੇਮੀ ਦੇ ਹਤਿਆਰੇ ਮਨਪ੍ਰੀਤ ਸਿੰਘ ਮਨੀ ਦੇ ਖਾਤੇ ਵਿਚ 20 ਹਜ਼ਾਰ ਰੁਪਏ ਦੀ ਫੰਡਿੰਗ ਕੀਤੀ ਸੀ। ਇਹ ਫੰਡਿੰਗ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਤੋਂ ਪਹਿਲਾਂ 7 ਨਵੰਬਰ ਨੂੰ ਕੀਤੀ ਗਈ ਸੀ। ਹਰਸ਼ਵੀਰ ਪੰਜਾਬ ਵਿਚ ਸ਼ਾਰਪ ਸ਼ਟੂਰਾਂ ਨੂੰ ਫੰਡਿੰਗ ਕਰਦਾ ਸੀ। ਉਸ ਦੇ ਜ਼ਰੀਏ ਹੀ ਗੈਂਗਸਟਰਾਂ ਤਕ ਰਾਸ਼ੀ ਪੁੱਜਦੀ ਸੀ। ਉਹ ਲੰਬੇ ਸਮੇਂ ਤੋਂ ਗੋਲਡੀ ਬਰਾਡ਼ ਤੇ ਲਖਬੀਰ ਸਿੰਘ ਲੰਡਾ ਦੇ ਸੰਪਰਕ ਵਿਚ ਸੀ। ਫਰੀਦਕੋਟ ਦੀ ਜੇਲ੍ਹ ਵਿਚ ਬੰਦ ਹਵਾਲਾਤੀ ਹਰਜਿੰਦਰ ਸਿੰਘ ਰਾਜੂ ਨੇ ਗੋਲਡੀ ਬਰਾਡ਼ ਨਾਲ ਮਿਲ ਕੇ ਜੇਲ੍ਹ ’ਚੋਂ ਹੀ ਡੇਰਾ ਪ੍ਰੇਮੀ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। 10 ਨਵੰਬਰ ਨੂੰ ਕੋਟਕਪੂਰਾ ਦੇ ਹਰੀ ਨੌਂ ਰੋਡ ’ਤੇ ਛੇ ਹਮਲਾਵਰਾਂ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਹੋਈ ਸੀ। ਇਸ ਮਾਮਲੇ ’ਚ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾਡ਼ ਸਮੇਤ ਫਰੀਦਕੋਟ ਦੇ ਸੁਸਾਇਟੀ ਨਗਰ ਦੇ ਮਨਪ੍ਰੀਤ ਸਿੰਘ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮਨਾਵਾ ਦੇ ਹਰਜਿੰਦਰ ਸਿੰਘ ਰਾਜੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।