ਪੰਜਾਬ ਨੈਸ਼ਨਲ ਤੇ ਸਟੇਟ ਹਾਈਵੇ ਦਾ ਨੈੱਟਵਰਕ ਬੇਸ਼ੱਕ ਹੀ ਮਜ਼ਬੂਤ ਹੈ ਪਰ ਇਨ੍ਹਾਂ ਸਡ਼ਕਾਂ ’ਤੇ ਕਈ ਖਾਮੀਆਂ ਵੀ ਹਨ ਜੋ ਲੋਕਾਂ ਦੀ ਜਾਨ ਲੈ ਰਹੀਆਂ ਹਨ। ਬਲੈਕ ਸਪਾਟ, ਨਾਜਾਇਜ਼ ਕੱਟ, ਰਾਤ ਨੂੰ ਸਡ਼ਕਾਂ ’ਤੇ ਹਨੇਰਾ ਤੇ ਪੁਲਾਂ ਦ
ਜਲੰਧਰ : ਪੰਜਾਬ ਨੈਸ਼ਨਲ ਤੇ ਸਟੇਟ ਹਾਈਵੇ ਦਾ ਨੈੱਟਵਰਕ ਬੇਸ਼ੱਕ ਹੀ ਮਜ਼ਬੂਤ ਹੈ ਪਰ ਇਨ੍ਹਾਂ ਸਡ਼ਕਾਂ ’ਤੇ ਕਈ ਖਾਮੀਆਂ ਵੀ ਹਨ ਜੋ ਲੋਕਾਂ ਦੀ ਜਾਨ ਲੈ ਰਹੀਆਂ ਹਨ। ਬਲੈਕ ਸਪਾਟ, ਨਾਜਾਇਜ਼ ਕੱਟ, ਰਾਤ ਨੂੰ ਸਡ਼ਕਾਂ ’ਤੇ ਹਨੇਰਾ ਤੇ ਪੁਲਾਂ ਦੇ ਬਾਟਲਨੈੱਕ ਸਡ਼ਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪੁਲਿਸ ਵਿਭਾਗ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਸਡ਼ਕ ਹਾਦਸਿਆਂ ਤੇ ਇਸ ਕਾਰਨ ਹੋਈਆਂ ਮੌਤਾਂ ਦੇ ਅੰਕਡ਼ੇ ਇਸ ਦੀ ਗਵਾਹੀ ਦੇ ਰਹੇ ਹਨ। ਸੂਬੇ ’ਚ 2021 ’ਚ ਹੋਏ 5871 ਸਡ਼ਕ ਹਾਦਸਿਆਂ ’ਚ 4589 ਲੋਕਾਂ ਦੀ ਜਾਨ ਚਲੀ ਗਈ। ਆਖ਼ਰ ਇਹ ਸਡ਼ਕ ਹਾਦਸੇ ਕਿਉਂ ਹੁੰਦੇ ਹਨ, ਇਸ ਦਾ ਕਾਰਨ ਜਾਣਨ ਲਈ ਸੂਬੇ ਦੀਆਂ ਸਡ਼ਕਾਂ ’ਤੇ ਨਿਕਲੀ ਦੈਨਿਕ ਜਾਗਰਣ ਦੀ ਟੀਮ ਨੇ ਜਿਹਡ਼ੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਉਹ ਹੈਰਾਨ ਕਰਨ ਵਾਲੀਆਂ ਹਨ।
ਸੂਬੇ ਦੇ ਕੁਲ 76393 ਕਿਲੋਮੀਟਰ ਸਡ਼ਕ ਨੈੱਟਵਰਕ ’ਚੋਂ ਸਾਡੀ ਟੀਮ ਨੇ ਕੁਲ 7476 ਕਿਲੋਮੀਟਰ ਸਡ਼ਕਾਂ ਆਡਿਟ ਕੀਤੀਆਂ। 10 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਕੁਲ ਛੇ ਦਿਨ ਸਾਡੇ 77 ਰਿਪੋਰਟਰਾਂ ਦੀ ਟੀਮ ਨੇ 72 ਟ੍ਰੈਫਿਕ ਐਕਸਪਰਟ ਨਾਲ ਸੂਬੇ ਦੇ 23 ਜ਼ਿਲ੍ਹਿਆਂ ’ਚ ਨੈਸ਼ਨਲ ਤੇ ਸਟੇਟ ਹਾਈਵੇ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਡ਼ਕਾਂ ਦਾ ਵੀ ਆਡਿਟ ਕੀਤਾ। ਸਾਡੀ ਟੀਮ 616 ਘੰਟੇ ਤੱਕ ਇਨ੍ਹਾਂ ਸਡ਼ਕਾਂ ’ਤੇ ਰਹੀ ਤੇ ਕਰੀਬ 200 ਸ਼ਹਿਰਾਂ ਤੇ ਕਸਬਿਆਂ ਤੋਂ ਹੋ ਕੇ ਲੰਘਣ ਵਾਲੀਆਂ ਇਨ੍ਹਾਂ ਸਡ਼ਕਾਂ ਦਾ ਆਡਿਟ ਕੀਤਾ। ਸਡ਼ਕਾਂ ਦੀ ਜਾਣਕਾਰੀ ਰੱਖਣ ਵਾਲੇ ਮਾਹਰਾਂ ਨਾਲ ਇੱਥੇ ਮਿਲੀਆਂ ਖਾਮੀਆਂ ਦੇ ਵੀਡੀਓ ਵੀ ਬਣਾਏ ਗਏ। ਆਡਿਟ ਦੌਰਾਨ ਇਨ੍ਹਾਂ ਸਡ਼ਕਾਂ ’ਤੇ 650 ਨਾਜਾਇਜ਼ ਕੱਟ, 450 ਬਲੈਕ ਸਪਾਟ, 248 ਥਾਂ ਬਾਟਲਨੈੱਕ ਤੇ 394 ਥਾਂ ਸਾਈਨ ਬੋਰਡ ਆਦਿ ਨਹੀਂ ਮਿਲੇ। ਇਸ ਤੋਂ ਇਲਾਵਾ ਨਗਰ ਨਿਗਮ, ਨਗਰ ਪ੍ਰੀਸ਼ਦ ਜਾਂ ਨਗਰ ਪੰਚਾਇਤਾਂ ਅਧੀਨ ਆਉਣ ਵਾਲੇ ਨੈਸ਼ਨਲ ਤੇ ਸਟੇਟ ਹਾਈਵੇ ਦੇ ਹਿੱਸੇ ਨੂੰ ਛੱਡ ਦੇਈਏ ਤਾਂ ਬਾਕੀ ਥਾਂ ਰਾਤ ਦੇ ਸਮੇਂ ਰੋਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਮਿਲਿਆ। ਸਾਡੀ ਟੀਮ ਨਾਲ ਗਏ ਟ੍ਰੈਫਿਕ ਐਕਸਪਰਟਸ ਮੁਤਾਬਕ ਇਹ ਸਾਰੀਆਂ ਖਾਮੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਤੇ ਲੋਕਾਂ ਲਈ ਖ਼ਤਰਾ ਹਨ। ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਸਰਕਾਰ ਤੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੰਭੀਰਤਾ ਦਿਖਾਉਣੀ ਪਵੇਗੀ।
ਜ਼ਿਕਰਯੋਗ ਹੈ ਕਿ ਇਹੋ ਜਿਹੇ ਬਲੈਕ ਸਪਾਟ, ਗ਼ੈਰ ਕਾਨੂੰਨੀ ਕੱਟ ਤੇ ਹੋਰ ਖਾਮੀਆਂ ਸੂਬੇ ’ਚ ਹਜ਼ਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੀਆਂ ਹਨ। ਜੰਮੂ-ਕਸ਼ਮੀਰ ਤੇ ਰਾਜਸਥਾਨ ਰਾਸ਼ਟਰੀ ਮਾਰਗ ’ਤੇ ਕਰੀਬ ਅੱਠ ਮਹੀਨੇ ਪਹਿਲਾਂ ਸਾਬਕਾ ਡੀਡੀਪੀਓ ਹਰਨੰਦਨ ਸਿੰਘ ਦੇ ਪੁੱਤਰ ਤੇ ਉਸ ਦੇ ਤਿੰਨ ਦੋਸਤਾਂ ਦੀ ਮੌਤ ਹੋ ਗਈ ਸੀ। ਪਿੰਡ ਕਦਗਿਲ ਨੇਡ਼ੇ ਡਿਵਾਈਡਰ ਨੂੰ ਤੋਡ਼ ਕੇ ਵਿਚਕਾਰ ਬਣਾਇਆ ਗਿਆ ਰਸਤਾ ਇਸ ਘਟਨਾ ਦਾ ਵੱਡਾ ਕਾਰਨ ਰਿਹਾ। ਇਕ ਬਾਈਕ ਟੁੱਟੇ ਡਿਵਾਈਡਰ ਤੋਂ ਬਣਾਏ ਗਏ ਰਸਤੇ ਤੋਂ ਸਡ਼ਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਤੇਜ਼ ਰਫ਼ਤਾਰ ਕਾਰ ਉਸ ਨੂੰ ਬਚਾਉਣ ਦੇ ਚੱਕਰ ’ਚ ਬੇਕਾਬੂ ਹੋ ਗਈ ਤੇ ਪਲਟ ਕੇ ਸਡ਼ਕ ਦੇ ਦੂਜੇ ਪਾਸੇ ਆ ਰਹੇ ਲੋਕਾਂ ਨਾਲ ਜਾ ਟਕਰਾਈ। ਇਸ ਕਾਰਨ ਚਾਰ ਦੋਸਤਾਂ ਦੀ ਜਾਨ ਚਲੀ ਗਈ। ਇਹੋ ਜਿਹੇ ਕਈ ਹਾਦਸੇ ਸੂਬੇ ਦੀਆਂ ਸਡ਼ਕਾਂ ’ਤੇ ਹੋ ਚੁੱਕੇ ਹਨ ਪਰ ਬਲੈਕ ਸਪਾਟ ਦੂਰ ਕਰਨ, ਨਾਜਾਇਜ਼ ਕੱਟ ਬੰਦ ਕਰਨ, ਬਾਟਲਨੈੱਕ ’ਚ ਸੁਧਾਰ ਕਰਨ ਆਦਿ ਬਾਰੇ ਸਰਕਾਰੀ ਪੱਧਰ ’ਤੇ ਉਦਾਸੀਨਤਾ ਵਰਤੀ ਜਾ ਰਹੀ ਹੈ।